ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

‘ਮਾਂ’ ਦਾ ਸਮੇਂ ਤੋਂ ਪਹਿਲਾਂ ਤੁਰ ਜਾਣਾ, ਸਕੀ ਭੈਣ ਦਾ ਘਰ ‘ਚ ਨਾ ਹੋਣਾ, ਮੈਂ ਆਪਣੇ ਸਾਰੇ ਔਗੁਣਾਂ ਦਾ ਮੁੱਖ ਕਾਰਨ ਮੰਨਦਾ ਹਾਂ। ਕੁਦਰਤ ਦੀਆਂ ਇਨ੍ਹਾਂ ਸੌਗਾਤਾਂ ਦਾ ਜੇਕਰ ਮੈਨੂੰ ਸਾਥ ਮਿਲਿਆ ਹੁੰਦਾ ਤਾਂ ਜ਼ਰੂਰ ਮੈਂ ਨਿਰਗੁਣਿਆਰੇ ਵਿਚ ਵੀ ਕੁਝ ਕੁ ਗੁਣ ਤਾਂ ਜ਼ਰੂਰ ਹੁੰਦੇ!
ਕਿਉਂਕਿ ਕੁੜੀਆਂ-ਚਿੜੀਆਂ ਵਿਹੜੇ ਦੀ ਰੌਣਕ ਹੁੰਦੀਆਂ, ਪਿਆਰ ਦਾ ਹੁੰਦੀਆਂ ਨੇ ਇਹ ਚਸ਼ਮਾ, ਠੰਡੀਆਂ ਜਿਉਂ ਬੋਹੜਾਂ ਦੀਆਂ ਛਾਵਾਂ ਹੁੰਦੀਆਂ, ਰੱਬ ਦਾ ਇਹ ਰੂਪ ਹੁੰਦੀਆਂ, ਸਾਰੀਆਂ ਧੀਆਂ, ਭੈਣਾਂ, ਦੋਸਤ ਕੁੜੀਆਂ, ਭਰਜਾਈਆਂ, ਸਾਥਣ ਜਾਂ ਫਿਰ ਹੋਵਣ ਮਾਵਾਂ…
ਬਚਪਨ ਦੀਆਂ ਆਦਤਾਂ ਤੇ ‘ਮਾਂ’ ਦੀਆਂ ਅਸੀਸਾਂ ਸਿਵਿਆਂ ਤੱਕ ਸਾਡੇ ਨਾਲ ਜਾਂਦੀਆਂ ਨੇ, ਅੱਜ ‘ਮਾਂ’ ਖੌਰੇ ਕਿੱਥੇ ਹੈ ਪਤਾ ਨਹੀਂ? ਪਰ ਓਹਦੀ ਗਰਮ-ਗਰਮ, ਕਰਾਰੀ ਤੇ ਪਿਆਰੀ ਰੋਟੀ ਵਾਲੀ ਅਸੀਸ ਅੱਜ ਵੀ ਮੇਰੇ ਨਾਲ ਹੈ।

ਇਹ ਮੇਰੇ ਨਸੀਬ ਹਨ ਜਾਂ ਮੇਰੀ ਬੇਗਮ ਦੀ ਸਿਆਣਪ, ਲਿਆਕਤ ਜਾਂ ਸਮਝ, ਕਰਮਾਂ ਦੇ ਫਲ ਜਾਂ ਮੇਰੀ ਅਮੜੀ ਦੀ ਕੋਈ ਬਖਸ਼ਿਸ਼ ਅਸੀਸ ਓਹੀ ਜਾਣਦੀ ਐ, ਪਰ ਮੈਂ ਰੋਟੀ ਜ਼ਰੀਏ ‘ਮਾਂ’ ਨੂੰ ਅੰਗ-ਸੰਗ ਮੰਨਦਾ ਹਾਂ! ਮੇਰਾ ਅੱਜ ਦਾ ਖੂਬਸੂਰਤ ਜੀਵਨ ਮੇਰੀ ਅੰਮੜੀ ਦੀਆਂ ਅਸੀਸਾਂ ਕਰਕੇ ਹੀ ਖੁਸ਼ਹਾਲ ਪਰਤੀਤ ਹੁੰਦਾ ਹੈ ਮੈਨੂੰ।

ਸੱਚ ਵਿਚ ‘ਮਾਂ’ ਅੰਤਰਜਾਮੀ ਹੁੰਦੀ ਹੈ ਜੋ ਔਲਾਦ ਦਾ ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ ਹੈ। ਭੈਣਾਂ ਹੌਂਸਲਾ ਹੁੰਦੀਆਂ ਹਨ ਜੋ ਵਾਹ ਲਗਦਿਆਂ ਭਰਾ ਦੇ ਪੈਰਾਂ ਨੂੰ ਡੋਲਣ ਨਹੀਂ ਦਿੰਦੀਆਂ। ਇਹ ਮੇਰੇ ਅਹਿਸਾਸ ਨੇ ਤਜ਼ਰਬਾ ਨਹੀਂ ਕਿਉਂਕਿ ਕੁਦਰਤ ਨੇ ਭੈਣ ਦਾ ਪਿਆਰ ਬਖਸ਼ਿਸ਼ ਹੀ ਨਹੀਂ ਕਰਿਆ, ਕਮਾਇਆ ਜ਼ਰੂਰ ਹੈ… ਪਰ ‘ਮਾਂ’ ਮੋਹ ਬਹੁਤ ਜ਼ਿਆਦਾ ਕਰਦੀ ਸੀ, ਸ਼ਾਇਦ ਓਹ ਜਾਣਦੀ ਹੋਵੇ ਕਿ ‘ਮੈਂ ਪੁੱਤ ਤੋਂ ਬਹੁਤ ਜਲਦੀ ਵਿਛੜਨ ਵਾਲੀ ਹਾਂ’ ਖੌਰੇ ਤਾਂ ਕਰਕੇ ਕਰਦੀ ਹੋਵੇ, ਓਹਦੀਆਂ ਓਹੀ ਜਾਣੇ ਸਾਨੂੰ ਤਾਂ ਮੰਨਣੇ ਪੈਂਦੇ ਨੇ ਭਾਣੇ! ਨਾਮੁਮਕਿਨ ਹੁੰਦਾ ‘ਮਾਂ’ ਦੀ ਮਮਤਾ ਨੂੰ ਦੂਸਰਿਆਂ ‘ਚੋਂ ਲੱਭਣਾ, ਮਮਤਾ ਦੀ ਭਾਲ ਵਿੱਚ ਭਾਵੇਂ ਅਸੀਂ ਜਿੰਨੀਆਂ ਮਰਜ਼ੀ ਦੇਹਾਂ ਨੂੰ ਫਰੋਲ ਲਈਏ! ਪਰ ਵਿਛੜੀ ਮਾਂ ਦੇ ਪਿੰਡੇ ਦੀ ਮਹਿਕ ਨਹੀਂ ਆਉਂਦੀ! ‘ਮਾਂ’ ਵਿਛੜੀ ਨੂੰ 28 ਵਰ੍ਹੇ ਹੋ ਗਏ ਪਰ ਦਿਲ ਦੇ ਵਿਹੜੇ ਯਾਦਾਂ ਦੀ ਫ਼ਸਲ ਹਾਲੇ ਵੀ ਪੂਰੇ ਜ਼ੋਬਨ ‘ਤੇ ਹੈ।

ਮੇਰੀ ਤੁਛ ਬੁੱਧ ਅਨੁਸਾਰ ਆਦਮੀ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ। ਪਹਿਲੀ ਜਨਮ ਦੇਣ ਵਾਲੀ ਮਾਂ, ਦੂਜੀ ਪਤਨੀ ਦੁੱਖ-ਸੁੱਖ ਦੀ ਸਾਥਣ ਪਤਨੀ ਅਤੇ ਤੀਜੀ ਬੇਟੀ ਜੋ ਮਾਪਿਆਂ ਨੂੰ ਕਦੇ ਵੀ ਦੁੱਖੀ ਨਹੀਂ ਦੇਖਣਾ ਚਾਹੰਦੀ ਹੁੰਦੀ। ਬੁਢਾਪੇ ਵੇਲੇ ਇੱਕ ਸਾਥੀ ਦੇ ਵਿਛੜ ਜਾਣ ਤੇ ਜੋ ਦੂਜੇ ਨੂੰ ਬਾਅਦ ਵਿਚ ਸੰਭਾਲਦੀ ਹੈ। ਫਿਰ ਮਾਂ ਵਰਗੇ ਪਵਿੱਤਰ ਰਿਸ਼ਤੇ ਨੂੰ ਵਿਸ਼ੇਸ਼ ਦਿਨ ਤੇ ਹੀ ਯਾਦ ਕਿਉਂ ਕੀਤਾ ਜਾਵੇ ਜੀ?

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਨਾਂ ਸੌਖਾ ਨੀ ,,
Next articleਪੰਜਾਬ ਨੂੰ ਕੇਵਲ ਮੋਦੀ ਸਰਕਾਰ ਹੀ ਸੰਕਟ ‘ਚ ਕੱਢ ਸਕਦੀ ਹੈ- ਮਾਸਟਰ ਵਿਨੋਦ ਕੁਮਾਰ ਅੱਪਰਾ