ਹਰਫੂਲ ਸਿੰਘ ਭੁੱਲਰ
(ਸਮਾਜ ਵੀਕਲੀ) ਬੇਮਤਲਬ ਫਾਲਤੂ ਦਾ ਡਰਾਮਾ ਕੋਈ ਵੀ ਕਰੇ ਚੰਗਾ ਨਹੀਂ ਲੱਗਦਾ, ਕਿਉਂਕਿ ਅਸਲ ਵਿੱਚ ਸੱਚਾ ਤੇ ਊਸਾਰੁ ਸੋਚ ਵਾਲਾ ਇਕੱਲਾ ਮਨੁੱਖ ਹੀ ਬਹੁ-ਗਿਣਤੀ ਹੁੰਦਾ ਹੈ।
ਸਾਡੀ ਸੋਚ ਵਿਚੋ ਓਹੀ ਉਪਜਦਾ ਹੈ, ਜੋ ਬੀਜਿਆ ਹੁੰਦਾ ਹੈ।
ਸਾਡਾ ਆਪਣਾ ਵਿਸ਼ਵਾਸ ਹੀ ਸਾਡੇ ਆਲੇ-ਦੁਆਲੇ ਦਾ ਵਾਤਾਵਰਣ ਤੇ ਮਹੌਲ ਸਿਰਜਦਾ ਹੈ।
ਸਮਾਂ ਮੁਕਾਬਲੇ ਦਾ ਚੱਲ ਰਿਹਾ ਹੈ, ਅੱਜ ਸਭ ਨੂੰ, ਆਪਣੇ ਆਪ ਨੂੰ, ਰਾਤੋਂ-ਰਾਤ ਸਟਾਰ ਬਣਾਉਂਣ ਦੀ ਦੌੜ ਲੱਗੀ ਹੋਈ ਹੈ, ਅੱਗਾ ਪਿੱਛਾ ਕੋਈ ਨਹੀਂ ਦੇਖ ਰਿਹਾ?
ਸਾਡੇ ਚੰਗੇ ਕੰਮ ਨੂੰ ਕੋਈ ਵੇਖੇ ਚਾਹੇ ਨਾ ਵੇਖੇ ਉਮਰਾਂ ਲੰਘ ਜਾਂਦੀਆਂ ਨੇ, ਤੇ ਗ਼ਲਤੀ ਭਾਵੇਂ ਅਣਜਾਣੇ ਵਿੱਚ ਹੋਈ ਹੋਵੇ, ਪੰਜਾਂ ਮਿੰਨਟਾਂ ਵਿੱਚ ਸਾਡੇ ਆਪਣੇ ਦੁਨੀਆਂ ਸਾਹਮਣੇ ਹੁੱਬ-ਹੁੱਬ ਕੇ ਪੇਸ਼ ਕਰ ਦਿੰਦੇ ਹਨ।
ਹੈਰਾਨੀ ਦੀ ਹੱਦ ਹੈ, ਕਈ ਇਹ ਕੰਮ ਵੀ ਅੱਜ-ਕੱਲ੍ਹ ਖੁਦ ਜਾਣਬੁਝ ਕੇ ਕਰਨ ਲੱਗ ਪਏ ਹਨ! ਉਹ ਭੁੱਲ ਹੀ ਚੁੱਕੇ ਹਨ, ਕਿ ਸਾਡਾ ਜੀਵਨ ਸਾਡੇ ਦ੍ਰਿਸ਼ਟੀਕੋਣ ਦਾ ਹੀ ਪ੍ਰਕਾਸ਼ ਹੈ, ਸੋ ਵੀਰੋ ਸਿਆਣਪ ਨਾਲ ਦ੍ਰਿਸ਼ਟੀਕੋਣ ਦੀ ਮਹੱਤਤਾ ਨੂੰ ਜਾਣੀਏ।
ਵਕਤ ਨਾਲ ਸਭ ਦੀਆਂ ਸ਼ਕਲਾਂ ਤੇ ਬੁਢਾਪਾ ਆ ਜਾਂਦਾ ਹੈ ਸੱਜਣ ਜੀ, ਸੋ ਹਾੜ੍ਹੇ ਅਕਲ ਨੂੰ ਵਰਤੀਏ ਜੋ ਸਿਵਿਆ ਤੱਕ ਬੁਢਾਪਾ ਰਹਿਤ ਰਹਿੰਦੀ ਹੈ।
ਆਪਾਂ ਲੋਕ ਨਿੰਦਿਆ ਕਰਨ ਲਈ ਬੜੇ ਚੁਣ-ਚੁਣ ਕੇ ਸ਼ਬਦ ਲਿਖਦੇ ਹਾਂ, ਅਕਸਰ ਦੂਜਿਆਂ ਦੀ ਇੱਕ ਗ਼ਲਤੀ ਦੇ ਇੰਤਜ਼ਾਰ ਵਿੱਚ ਰਹਿੰਦੇ ਨੇ ਸਾਡੇ ਖੋਪੜ, ਅਸੀਂ ਇੱਕ-ਦੂਜੇ ਦੀ ਹਸਤੀ ਮਿੱਟੀ ‘ਚ ਮਿਲਾਉਣ ਜਾਂ ਮਿਟਾਉਣ ਤੱਕ ਜਾਂਦੇ ਹਾਂ!
ਹਾਲਾਂਕਿ ਸਾਨੂੰ ਚਾਹੀਦਾ ਹੈ ਕਿ ਸਮਾਜ ਵਿਚ ਹੋ ਰਹੇ ਚੰਗੇ ਕੰਮਾਂ ਨੂੰ ਜਰੂਰ ਦੁਨੀਆਂ ਸਾਹਮਣੇ ਲਿਆਂਦਾ ਜਾਵੇ।
ਬਹੁਤ ਕੁਝ ਚੰਗਾ ਵਾਪਰ ਰਿਹਾ ਹੈ ਸਾਡੇ ਸਾਹਮਣੇ, ਪਰ ਅਫ਼ਸੋਸ ਪਤਾ ਨਹੀਂ ਕੀ ਹੋ ਗਿਆ ਸਾਡੀ ਮੱਤ ਨੂੰ? ਕਿ ਅਸੀਂ ਬੁਰਾਈ ਨੂੰ ਦੇਖਣਾ, ਸੁਣਨਾ ਤੇ ਅੱਗੇ ਸਾਂਝਾ ਕਰਨਾ ਜ਼ਿਆਦਾ ਪਸੰਦ ਕਰਦੇ ਹਾਂ।
ਜੇ ਅਸੀਂ ਕੁਝ ਚੰਗਾ ਕਰਨਾ ਹੋਵੇ ਤਾਂ ਸਾਡਾ ਸਮੁੱਚਾ ਮਨ ਇੱਕ ਲੇਜ਼ਰ ਦੀ ਤਰ੍ਹਾਂ ਕਰਨ ਵਾਲੇ ਨੁਕਤੇ ਉਤੇ ਕੇਂਦਰਿਤ ਹੋ ਜਾਂਦਾ ਹੈ, ਕੰਮ ਖ਼ਤਮ ਹੋ ਜਾਂਦਾ ਤੇ ਥਕਾਵਟ-ਸੁਸਤੀ ਸਾਡੇ ਨੇੜੇ ਵੀ ਨਹੀਂ ਢੁਕਦੀ! ਇਕਾਗਰਤਾ ਬਿਨਾਂ ਤਾਂ ਸੂਈ ਵਿਚ ਧਾਗਾ ਵੀ ਨਹੀਂ ਪੈਂਦਾ!
ਸਾਡਾ, ਪਰਿਵਾਰ ਅਤੇ ਸਮਾਜ ਦਾ ਸੁੱਖ, ਸਦਾ ਹੀ ਇਕਾਗਰ ਸੋਚ ਤੋਂ ਉਪਜੇ, ਉਸਾਰੂ ਕਾਰਜਾਂ ਵਿਚੋਂ ਜਨਮ ਲੈਂਦਾ ਹੈ। ਕਿਉਂਕਿ ਇਕਾਗਰਤਾ ਸਾਨੂੰ ਅੰਦਰੋਂ ਡੂੰਘਾ ਅਤੇ ਵਿਸ਼ਾਲ ਕਰਦੀ ਹੈ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly