HOME ਆਰਜ਼ੂ ਨੂੰ ਭਾਰਤ ਦੀ ਪਹਿਲੀ ਔਰਤ ਵਾਈਲਡ ਲਾਈਫ ਫੋਟੋਗ੍ਰਾਫ਼ਰ ਹੋਣ ਦਾ ਮਾਣ...

ਆਰਜ਼ੂ ਨੂੰ ਭਾਰਤ ਦੀ ਪਹਿਲੀ ਔਰਤ ਵਾਈਲਡ ਲਾਈਫ ਫੋਟੋਗ੍ਰਾਫ਼ਰ ਹੋਣ ਦਾ ਮਾਣ ਪ੍ਰਾਪਤ ਹੈ ਜਿਸ ਨੇ ਦੇਸ਼ ਦੇ 55 ਟਾਈਗਰ (ਬਾਘ) ਰਾਖਵਾਂ ਖੇਤਰਾਂ ਦਾ ਦੌਰਾ ਕੀਤਾ।

2
ਆਰਜ਼ੂ ਖੁਰਾਣਾ

ਜਨੂੰਨ ਦੇ ਆਰ-ਪਾਰ: ਆਰਜ਼ੂ ਖੁਰਾਣਾ

   (ਸਮਾਜ ਵੀਕਲੀ)   ਜਦੋਂ ਕਦੇ ਵੀ ਜੰਗਲੀ ਜੀਵ ਫੋਟੋਗ੍ਰਾਫ਼ੀ ਦੀ ਗੱਲ ਚੱਲੇਗੀ ਤਾਂ ਨਾਲ਼ ਹੀ ਜੋਸ਼, ਜਜ਼ਬੇ, ਜਨੂੰਨ, ਜੋਖਮ ਅਤੇ ਜੀਵ-ਜੰਤੂਆ ਦੀ ਗੱਲ ਹੋਣੀ ਵੀ ਤੈਅ ਹੈ। ਜੰਗਲੀ ਜੀਵ ਫੋਟੋਗ੍ਰਾਫ਼ੀ ਇਨ੍ਹਾਂ ਸਾਰਿਆਂ ਦਾ ਹੀ ਦਿਲਕਸ਼ ਸੁਮੇਲ ਹੈ। ਜੰਗਲ ਦਾ ਵੀ ਆਪਣਾ ਸੰਗੀਤ ਹੁੰਦਾ, ਬਸ ਸੁਣਦਾ ਉਸ ਨੂੰ ਹੀ ਹੈ ਜੋ ਜੰਗਲ ਵਿੱਚ ਕੁਦਰਤ ਦੇ ਅੰਗ-ਸੰਗ ਹੋ ਕੇ ਆਪਣੇ ਕਦਮ ਅਗਾਂਹ ਵਧਾਉਂਦਾ ਹੈ। ਜੰਗਲ ਵਿੱਚ ਸਭ ਕੁੱਝ ਸਾਹਮਣੇ ਹੋਣ ਦੇ ਬਾਵਜੂਦ ਵੀ ਕਿੰਨਾ ਕੁਝ ਉਹਲੇ ਵਿੱਚ ਹੁੰਦਾ ਹੈ। ਕਈ ਵਾਰ ਇਸ ਤਰ੍ਹਾਂ ਸ਼ਾਤ ਹੁੰਦਾ ਹੈ ਕਿ ਡਿੱਗਦੇ ਪੱਤੇ ਦੀ ਆਹਟ ਵੀ ਸੁਣੀ ਜਾਂਦੀ ਹੈ। ਜੇਕਰ ਤੁਸੀਂ ਜੰਗਲੀ ਜੀਵਾਂ ਨੂੰ ਨੇੜੇ ਤੋਂ ਹੋ ਕੇ ਨਿਹਾਰਨਾ ਚਾਹੁੰਦੇ ਹੋ ਤਾਂ ਜੰਗਲੀ ਜੀਵ ਫੋਟੋਗ੍ਰਾਫ਼ੀ ਤੁਹਾਡੇ ਲਈ ਉਮਦਾ ਵਿਕਲਪ ਹੋ ਸਕਦਾ ਹੈ। ਜੰਗਲੀ ਜੀਵ ਫੋਟੋਗ੍ਰਾਫ਼ੀ ਜੰਗਲ ਦੇ ਅੰਦਰ ਅਤੇ ਬਾਹਰੀ ਦੁਨੀਆ ਦੇ ਵਿਚਕਾਰ ਇੱਕ ਪੁਲ ਵਜੋਂ ਕੰਮ ਕਰਦਾ ਹੈ। ਦਿੱਲੀ ਹਾਈਕੋਰਟ ਵਿਖੇ ਵਕਾਲਤ ਦੀ ਪ੍ਰੈਕਟਿਸ ਕਰ ਰਹੀਂ ਆਰਜ਼ੂ ਖੁਰਾਣਾ ਪੇਸ਼ੇ ਦੁਆਰਾ ਇੱਕ ਜੰਗਲੀ ਜੀਵ ਫੋਟੋਗ੍ਰਾਫਰ ਹੈ ਅਤੇ ਮੌਜੂਦਾ ਸਮੇਂ ਉਸ ਦੀ ਗਿਣਤੀ ਦੇਸ਼ ਦੇ ਸਰਬੋਤਮ ਜੰਗਲੀ ਜੀਵ ਫੋਟੋਗ੍ਰਾਫ਼ੀ ਮਾਹਿਰਾਂ ਵਿੱਚ ਹੁੰਦੀ ਹੈ। ਜੰਗਲ ਵਿੱਚ ਹਰ ਦਿਨ ਇੱਕ ਨਵਾਂ ਸਾਹਸ ਹੁੰਦਾ ਹੈ, ਇਸ ਹੀ ਸੰਦਰਭ ਵਿੱਚ ਆਰਜ਼ੂ ਵਿੱਚ ਜੀਵ ਫੋਟੋਗ੍ਰਾਫ਼ੀ ਲਈ ਜੋਸ਼, ਜਜ਼ਬਾ ਤੇ ਜਨੂੰਨ ਸਿਰ ਚੜ੍ਹ ਕੇ ਬੋਲਦਾ ਹੈ। ਆਰਜ਼ੂ ਨੇ ਦੂਰ-ਦੁਰਾਡੇ ਜੰਗਲੀ ਜੀਵਾਂ ਦੇ ਅਜੂਬਿਆਂ ਨੂੰ ਲੋਕਾਂ ਦੇ ਨੇੜੇ ਲਿਆਉਣ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਹੈ। ਇੱਕ ਅਜਿਹੇ ਯੁੱਗ ਵਿੱਚ ਜਦੋਂ ਜਲਵਾਯੂ ਪਰਿਵਰਤਨ ਡਰਾਇੰਗ-ਰੂਮ ਗੱਲਬਾਤ ਦੇ ਇੱਕ ਆਮ ਵਿਸ਼ੇ ਤੋਂ ਇੱਕ ਵਿਸ਼ਵਵਿਆਪੀ ਹੋਂਦ ਦੇ ਖ਼ਤਰੇ ਵਿੱਚ ਬਦਲ ਗਿਆ ਹੈ ਤਾਂ ਮਨੁੱਖੀ ਸਭਿਅਤਾ ਨੂੰ ਕੁਦਰਤ ਅਤੇ ਜੰਗਲੀ ਜੀਵਾਂ ਨਾਲ ਦੁਬਾਰਾ ਜੋੜਨ ਦੇ ਉਸਦੇ ਯਤਨ, ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹਨ। ਦੇਸ਼ ‘ਚ ਲੋਕ ਵੱਖ-ਵੱਖ ਤਰੀਕਿਆਂ ਨਾਲ ਜੰਗਲਾਂ ਨੂੰ ਬਚਾਉਣ ਦੀ ਅਪੀਲ ਕਰ ਰਹੇ ਹਨ ਪਰ ਆਰਜ਼ੂ ਖੁਰਾਣਾ ਆਪਣੀਆਂ ਤਸਵੀਰਾਂ ਨਾਲ ਲੋਕਾਂ ਨੂੰ ਪ੍ਰੇਰਿਤ ਕਰ ਰਹੀਂ ਹੈ। ਉਸ ਦਾ ਉਦੇਸ਼ ਅਣਪਛਾਤੀਆਂ ਥਾਵਾਂ ਵੱਲ ਲੋਕਾਂ ਦਾ ਧਿਆਨ ਖਿੱਚਣਾ, ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਨਾਲ਼-ਨਾਲ਼ ਇਸ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਹੈ।

ਦਿੱਲੀ ਦੇ ਇੱਕ ਪੰਜਾਬੀ ਪਿਛੋਕੜ ਵਾਲੇ ਪਰਿਵਾਰ ਵਿੱਚ ਜਨਮੀ ਪਿਤਾ ਸ੍ਰੀ ਹੇਮੰਤ ਖੁਰਾਣਾ ਅਤੇ ਮਾਤਾ ਮੋਨਿਕਾ ਖੁਰਾਣਾ ਦੀ ਇਸ ਇੱਕਲੌਤੀ ਧੀ ਨੂੰ ਸ਼ੁਰੂ ਵਿੱਚ ਆਪਣੇ ਮਾਤਾ-ਪਿਤਾ ਨੂੰ ਇਸ ਸ਼ੋਕ ਲਈ ਮਨਾਉਣਾ ਸੌਖਾ ਨਹੀਂ ਸੀ ਕਿਉਂਕਿ ਪਰਿਵਾਰ ਵਾਲੇ ਉਸ ਨੂੰ ਇੱਕ ਕਾਮਯਾਬ ਵਕੀਲ ਵਜੋਂ ਹੀ ਵੇਖਣਾ ਚਾਹੁੰਦੇ ਸਨ ਤੇ ਉਹ ਜੰਗਲੀ ਜੀਵ ਫੋਟੋਗ੍ਰਾਫ਼ੀ ਦੇ ਖਤਰਿਆਂ ਬਾਰੇ ਵੀ ਫਿਕਰਮੰਦ ਸਨ। ਪਰੰਤੂ ਹੌਲੀ਼-ਹੌਲੀ਼ ਆਰਜ਼ੂ ਨੇ ਆਪਣੇ ਕਾਰਜਾਂ ਨਾਲ਼ ਉਨ੍ਹਾਂ ਨੂੰ ਮਨਾ ਹੀ ਲਿਆ। ਕੈਮਰਿਆਂ ਦੀ ਕੀਮਤ ਜ਼ਿਆਦਾ ਹੋਣ ਦੇ ਬਾਵਜੂਦ ਉਹ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਇੱਕ ਖਰੀਦਣ ਲਈ ਮਨਾਉਣ ਵਿੱਚ ਕਾਮਯਾਬ ਹੋ ਗਈ। 15 ਸਾਲ ਦੀ ਉਮਰ ਵਿੱਚ ਉਸਨੂੰ ਇੱਕ ਕੋਡੈਕ ਕੈਮਰਾ ਨਸੀਬ ਹੋਇਆ। ਬਚਪਨ ਵਿੱਚ ਕੈਮਰਿਆਂ ਪ੍ਰਤੀ ਝੁਕਾਅ ਤੇ ਕੁਦਰਤ ਦੀ ਸੁੰਦਰਤਾ ਨੂੰ ਕੈਦ ਕਰਨ ਦਾ ਸ਼ੋਕ ਕਾਲਜ ਜਾਂਦੇ-ਜਾਂਦੇ ਜਬਰਦਸਤ ਜਨੂੰਨ ਵਿੱਚ ਬਦਲ ਗਿਆ। ਇਸ ਸਮੇਂ ਦੌਰਾਨ ਉਹ ਨੇੜੇ-ਤੇੜੇ ਦੇ ਖੇਤਰਾਂ ਵਿੱਚ ਫੋਟੋਗ੍ਰਾਫ਼ੀਕਰਨ ਜਾਂਦੀ ਰਹਿੰਦੀ। ਉਹ ਦਿੱਲੀ ਯੂਨੀਵਰਸਿਟੀ ਤੋਂ ਲਾਅ ਗ੍ਰੇਜੂਏਟ ਹੈ। ਉਹ ਕਹਿੰਦੀ ਹੈ ਕਿ “ਜ਼ਿਆਦਾਤਰ ਜੰਗਲਾਂ ਦੇ ਮੁੱਖ ਖੇਤਰਾਂ ਵਿੱਚ ਮੋਬਾਈਲ ਨੈੱਟਵਰਕ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਜਿਹੀ ਸਥਿਤੀ ਵਿਚ ਮਾਪੇ ਆਪਣੀ ਇਕਲੌਤੀ ਧੀ ਨੂੰ ਕਿਸ ਆਧਾਰ ‘ਤੇ ਜੰਗਲ ਵਿਚ ਜਾਣ ਦੀ ਇਜਾਜ਼ਤ ਦੇ ਸਕਦੇ ਹਨ? ਹੁਣ ਜਦੋਂ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਉਨ੍ਹਾਂ ਦੀ ਗੱਲ ਵੀ ਤਰਕਪੂਰਨ ਜਾਪਦੀ ਹੈ। ਦਰਅਸਲ ਫੋਟੋਗ੍ਰਾਫ਼ੀਦੇ ਪਹਿਲੇ ਦੋ ਸਾਲਾਂ ਲਈ ਉਸ ਕੋਲ ਜੰਗਲੀ ਜੀਵ ਫੋਟੋਗ੍ਰਾਫ਼ੀ ਦਾ ਕੋਈ ਸਾਮਾਨ ਵੀ ਨਹੀਂ ਸੀ ਤੇ ਉਹ ਫੋਟੋਗ੍ਰਾਫ਼ੀ ਲਈ ਉਪਕਰਣ ਕਿਰਾਏ ‘ਤੇ ਲੈਂਦੀ ਸੀ।

ਆਰਜ਼ੂ ਦਾ ਕਹਿਣਾ ਹੈ ਕਿ ਅੱਜ ਤੋਂ ਦਸ ਸਾਲ ਪਹਿਲਾਂ ਜ਼ਿਆਦਾਤਰ ਲੋਕ ਵਾਈਲਡ ਲਾਈਫ ਫੋਟੋਗ੍ਰਾਫ਼ੀ ਦਾ ਮਤਲਬ ਸਿਰਫ ਟਾਈਗਰ (ਬਾਘ) ਦੀ ਫੋਟੋ ਕਲਿੱਕ ਕਰਨਾ ਮੰਨਿਆ ਜਾਂਦਾ ਸੀ ਪਰ ਮੈਂ ਆਪਣਾ ਫੋਟੋਗ੍ਰਾਫ਼ੀ ਦਾ ਸਫ਼ਰ ਕੀੜੇ, ਡੱਡੂ, ਪੰਛੀ, ਬਾਂਦਰ ਵਰਗੇ ਜਾਨਵਰਾਂ ਦੀ ਫੋਟੋ ਖਿੱਚ ਕੇ ਸ਼ੁਰੂ ਕੀਤਾ ਜੋ ਵੀ ਟਾਈਗਰ ਵਾਂਗ ਹੀ ਮਹੱਤਵਪੂਰਨ ਹਨ। ਉਹ ਭਾਵੁਕ ਹੋ ਕੇ ਦੱਸਦੀ ਹੈ, “ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਕਈ ਸਾਲ ਪਹਿਲਾਂ ਧੁੰਦ, ਚਿੱਕੜ ਅਤੇ ਠੰਡ ਵਿੱਚ ਕੈਮਰੇ ਨਾਲ ਕਈ ਘੰਟੇ ਉਡੀਕ ਕਰਨ ਤੋਂ ਬਾਅਦ ਵੀ ਮੇਰੇ ਮਨ ਦੀ ਕੋਈ ਤਸਵੀਰ ਨਹੀਂ ਸੀ ਆਈ, ਉਸ ਦੌਰਾਨ ਮੇਰੇ ਦਿਮਾਗ ਦਾ ਇੱਕ ਹਿੱਸਾ ਕਹਿ ਰਿਹਾ ਸੀ ਕਿ ਇਹ ਮੇਰੇ ਵੱਸ ਵਿੱਚ ਨਹੀਂ ਹੈ ਤੇ ਹੁਣ ਘਰ ਵਾਪਸ ਜਾਣਾ ਚਾਹੀਦਾ ਹੈ। ਪਰ ਮੈਂ ਆਖਰੀਂ ਕੁਝ ਮਿੰਟਾਂ ਤੱਕ ਹੋਰ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਅਤੇ ਫਿਰ ਮੈਨੂੰ ਜੋ ਸਾਰਸ ਜੋੜੇ ਦੀ ਤਸਵੀਰ ਮਿਲੀ, ਉਸ ਨੇ ਪੂਰੀ ਕਹਾਣੀ ਬਦਲ ਦਿੱਤੀ।” ਫਿਰ ਜਿਸ ਤਸਵੀਰ ‘ਤੇ ਮੈਨੂੰ ਸਭ ਤੋਂ ਪਹਿਲਾਂ ਦੁਨੀਆ ਭਰ ਤੋਂ ਤਾਰੀਫਾਂ ਮਿਲੀਆਂ, ਉਹ ਸੀ ਰਣਥੰਬੋਰ ਟਾਈਗਰ ਰਿਜ਼ਰਵ ਵਿੱਚ ਹਿਰਨ ਦੇ ਨੱਕ ਉੱਤੇ ਬੈਠੇ ਡਰੋਂਗੋ ਨਾਮਕ ਕਾਲੇ ਪੰਛੀ ਦੀ। ਇਹ ਤਸਵੀਰ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਵਾਇਰਲ ਹੋਈ ਜਿਸ ਨੇ ਮੈਨੂੰ ਹੋਰ ਉਤਸ਼ਾਹਿਤ ਕੀਤਾ। ਉਹ ਦੱਸਦੀ ਹੈ ਕਿ ਭਰਤਪੁਰ ਉਹ ਥਾਂ ਹੈ ਜਿੱਥੋਂ ਮੇਰੀ ਫੋਟੋਗ੍ਰਾਫ਼ੀ ਦੀ ਯਾਤਰਾ ਸ਼ੁਰੂ ਹੋਈ ਸੀ ਅਤੇ ਇਸ ਲਈ ਇਹ ਹਮੇਸ਼ਾ ਮੇਰੇ ਦਿਲ ਦੇ ਬਹੁਤ ਕਰੀਬ ਹੈ। ਉਹ ਕਹਿੰਦੀ ਹੈ ਕਿ ਕਈ ਵਾਰ ਨਵੇਂ ਫੋਟੋਗ੍ਰਾਫ਼ਰ ਟਾਈਗਰ ਦੀ ਤਸਵੀਰ ਨਾ ਮਿਲਣ ਕਾਰਨ ਨਿਰਾਸ਼ ਹੋ ਜਾਂਦੇ ਹਨ, ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਫਿਰ ਕੀ ਹੋਇਆ ਜੇ ਤੁਸੀਂ ਟਾਈਗਰ ਨੂੰ ਨਹੀਂ ਵੇਖਿਆ ਪਰੰਤੂ ਟਾਈਗਰ ਨੇ ਤੁਹਾਨੂੰ ਜਰੂਰ ਵੇਖਿਆ ਹੋਣਾ!

ਸਾਲ 2023 ਵਿੱਚ ਇੱਕ ਵਾਰ ਉਸ ਦੇ ਮਨ ਵਿੱਚ ਇੱਕ ਸਵਾਲ ਉੱਠਿਆ: ਕੀ ਭਾਰਤ ਵਿੱਚ ਕਿੰਨੇ ਕੁ ਲੋਕ ਟਾਈਗਰ ਰਾਖਵੇਂ ਖੇਤਰਾਂ ਬਾਰੇ ਜਾਣਦੇ ਹਨ? ਹੁਣ ਤੁਸੀਂ ਆਪਣੇ-ਆਪ ਨੂੰ ਵੀ ਇਹ ਸਵਾਲ ਪੁੱਛੋ। ਜਵਾਬ ਵਿੱਚ ਰਣਥੰਬੋਰ, ਕਾਨਹਾ, ਬੰਧਵਗੜ੍ਹ, ਜਿਮ ਕਾਰਬੇਟ, ਦੁਧਵਾ ਤੇ ਪੀਲੀਭੀਤ ਤੋਂ ਅਗਾਂਹ ਤੁਹਾਨੂੰ ਖੋਜ ਕਰਨ ਦੀ ਲੋੜ ਪਵੇਗੀ। ਪਰ ਆਰਜ਼ੂ ਨੂੰ ਹੈਰਾਨੀ ਹੋਈ ਕਿ ਭਾਰਤ ਵਿੱਚ ਟਾਈਗਰ(ਬਾਘ) ਰਿਜ਼ਰਵ ਦੀ ਗਿਣਤੀ 55 ਤੱਕ ਪਹੁੰਚੀ ਹੋਈ ਸੀ। ਇਸ ਸਵਾਲ ਨੇ ਆਰਜ਼ੂ ਨੂੰ ਇਨ੍ਹਾਂ ਸਾਰੇ ਟਾਈਗਰ ਰਿਜ਼ਰਵ ਦਾ ਦੌਰਾ ਕਰਨ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ। ਬਸ ਫਿਰ ਕਿ ਪ੍ਰੋਜੈਕਟ ਆਲ ਟਾਈਗਰ ਰਿਜ਼ਰਵ” (ਏ.ਟੀ.ਆਰ.) ਨੂੰ ਦਸਤਾਵੇਜ਼ੀ ਰੂਪ ਦੇਣ ਦੇ ਮਿਸ਼ਨ ਨਾਲ਼ ਉਸ ਨੇ ਆਪਣੀ ਯਾਤਰਾ 1 ਅਕਤੂਬਰ 2023 ਰਾਜਸਥਾਨ ਦੇ ਸਰਿਸਕਾ ਟਾਈਗਰ ਰਾਖਵੇਂ ਖੇਤਰ ਤੋਂ ਸ਼ੁਰੂ ਕੀਤੀ। ਜਿਕਰਯੋਗ ਹੈ ਕਿ ਦੇਸ਼ ਵਿੱਚ ਘੱਟ ਰਹੀਂ ਟਾਈਗਰਜ਼ ਦੀ ਗਿਣਤੀ ਨੂੰ ਬਚਾਉਣ/ਵਧਾਉਣ ਦੇ ਮਕਸਦ ਨਾਲ ਇਹ ਖੇਤਰ ਰਾਖਵੇਂ ਕੀਤੇ ਹੋਏ ਹਨ। ਏਟੀਆਰ ਦੇ ਤਜਰਬੇ ਸਾਂਝੇ ਕਰਦੀ ਹੋਈ ਉਹ ਦੱਸਦੀ ਹੈ ਕਿ ਜਾਨਵਰਾਂ ਨੂੰ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ ਵਿੱਚ ਚਹਿਲਕਦਮੀ ਕਰਦੇ ਵੇਖਣ ਅਤੇ ਉਨ੍ਹਾਂ ਦੇ ਵਿਵਹਾਰ ਨੂੰ ਸਮਝਣ ਲਈ, ਉੱਥੇ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੈ। ਪ੍ਰੋਜੈਕਟ ਏਟੀਆਰ ਦੌਰਾਨ ਅਸੀਂ ਥਣਧਾਰੀ ਜੀਵਾਂ ਅਤੇ ਪੰਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਦਾ ਸਾਹਮਣਾ ਕੀਤਾ ਜੋ ਸਾਡੇ ਲਈ ਨਵੀਆਂ ਸਨ। ਅਜਿਹੀਆਂ ਸਥਿਤੀਆਂ ਵਿੱਚ ਅਸੀਂ ਮਾਹਿਰਾਂ ਅਤੇ ਸਥਾਨਕ ਗਾਈਡਾਂ ‘ਤੇ ਭਰੋਸਾ ਕੀਤਾ ਜੋ ਖੇਤਰ ਅਤੇ ਇਸਦੇ ਜੰਗਲੀ ਜੀਵਾਂ ਤੋਂ ਭਲੀਭਾਂਤ ਜਾਣੂ ਸਨ। ਇਸ ਤਰ੍ਹਾਂ 2023 ਵਿੱਚ ਆਰਜ਼ੂ ਨੂੰ ਭਾਰਤ ਦੀ ਪਹਿਲੀ ਔਰਤ ਵਾਈਲਡ ਲਾਈਫ ਫੋਟੋਗ੍ਰਾਫ਼ਰ ਹੋਣ ਦਾ ਮਾਣ ਪ੍ਰਾਪਤ ਹੈ ਜਿਸ ਨੇ ਇੱਕ ਸੜਕੀ ਯਾਤਰਾ ਰਾਹੀਂ ਦੇਸ਼ ਦੇ 55 ਟਾਈਗਰ ਰਾਖਵਾਂ ਖੇਤਰਾਂ ਦਾ ਦੌਰਾ ਕੀਤਾ। ਇਸ ਮਿਸ਼ਨ ਨੂੰ ਪੂਰਾ ਕਰਨ ਵਿੱਚ ਉਸ ਨੂੰ ਤਕਰੀਬਨ 6 ਤੋਂ 7 ਮਹੀਨੇ ਲੱਗੇ। ਜਿਸ ‘ਚ ਉਸ ਨੇ ਕਰੀਬ 37 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇੱਕ ਕੁੜੀ ਦੁਆਰਾ ਕੀਤਾ ਗਿਆ ਇਹ ਸਫ਼ਰ ਵੀ ਕਿਸੇ ਵੱਡੇ ਕਾਰਨਾਮੇ ਤੋਂ ਘੱਟ ਨਹੀਂ। ਇਸ ਯਾਦਗਾਰੀ ਯਾਤਰਾ ਦਾ ਉਦੇਸ਼ ਟਾਈਗਰ ਰਿਜ਼ਰਵ ਬਾਰੇ ਜਨਤਕ ਜਾਗਰੂਕਤਾ ਵਧਾਉਣਾ ਅਤੇ ਭਾਰਤ ਦੇ ਜੰਗਲੀ ਜੀਵਾਂ ਦੀ ਰੱਖਿਆ ਅਤੇ ਸਥਿਰਤਾ ਲਈ ਪ੍ਰੋਜੈਕਟ ਟਾਈਗਰ ਦੇ ਤਹਿਤ ਸੰਭਾਲ ਦੇ ਯਤਨਾਂ ਨੂੰ ਉਜਾਗਰ ਕਰਨਾ ਵੀ ਸੀ।

ਜੰਗਲੀ ਜੀਵ ਫੋਟੋਗ੍ਰਾਫ਼ੀ ਬਾਰੇ ਜ਼ਿਆਦਾਤਰ ਲੋਕ ਇਹੀ ਸੋਚ ਰੱਖਦੇ ਹਨ ਕਿ ਇਹ ਜੰਗਲ ਵਿੱਚ ਜਾਣ, ਇੱਕ ਜੰਗਲੀ ਜਾਨਵਰ ਨੂੰ ਲੱਭਣ ਅਤੇ ਜਾਨਵਰਾਂ ਦੀਆਂ ਬਹੁਤ ਸਾਰੀਆਂ ਸ਼ਾਨਦਾਰ ਤਸਵੀਰਾਂ ਖਿੱਚਣ ਬਾਰੇ ਹੈ। ਇਹ ਸਧਾਰਨ ਅਤੇ ਆਸਾਨ ਲੱਗਦਾ ਹੈ ਕਿਉਂਕਿ ਇਹ ਗਲਤ ਹੈ। ਇੱਕ ਜੰਗਲੀ ਜੀਵ ਫੋਟੋਗ੍ਰਾਫ਼ਰ ਇੱਕ ਫੋਟੋਗ੍ਰਾਫ਼ਰ ਅਤੇ ਜੰਗਲੀ ਜੀਵ ਪ੍ਰੇਮੀ ਦੋਵੇਂ ਬਰਾਬਰ ਹਿੱਸਿਆਂ ਵਿੱਚ ਹੁੰਦੇ ਹਨ। ਜੰਗਲੀ ਜੀਵ ਫੋਟੋਗ੍ਰਾਫ਼ਰ ਹੋਣ ਦੇ ਨਾਤੇ ਇਹ ਸਾਡਾ ਮੁੱਢਲਾ ਫਰਜ਼ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਅਸੀਂ ਕੁਦਰਤੀ ਨਿਵਾਸ ਸਥਾਨ ਨੂੰ ਵਿਗਾੜ ਨਾ ਰਹੇ ਹੋਈਏ। ਇਸ ਲਈ ਫੋਟੋਗ੍ਰਾਫ਼ੀ ਦੀਆਂ ਮੂਲ ਗੱਲਾਂ ਸਿੱਖਣ ਦੇ ਨਾਲ-ਨਾਲ ਜੰਗਲੀ ਜੀਵਣ ਦਾ ਸਤਿਕਾਰ ਕਰਨ ਨਾਲ ਸ਼ੁਰੂਆਤ ਕਰੋ। ਜੰਗਲੀ ਜੀਵਾਂ ਦੀ ਵੀ ਇੱਕ ਜ਼ਿੰਦਗੀ ਹੈ ਅਤੇ ਇਸ ਵਿੱਚ ਫੋਟੋਆਂ ਖਿੱਚਣੀਆਂ ਸ਼ਾਮਲ ਨਹੀਂ ਹਨ। ਉਹ ਆਪਣੇ ਆਪ ਨੂੰ ਮਾਡਲ ਵਜੋਂ ਨਹੀਂ ਸੋਚਦੇ। ਇਸ ਲਈ ਇੱਕ ਬਿਹਤਰ ਵਾਈਲਡ ਲਾਈਫ ਫੋਟੋਗ੍ਰਾਫ਼ਰ ਬਣਨ ਲਈ ਤੁਹਾਨੂੰ ਜਾਨਵਰਾਂ ਅਤੇ ਪੰਛੀਆਂ ਦੇ ਵਿਵਹਾਰ ਦਾ ਧਿਆਨ ਨਾਲ ਅਧਿਐਨ ਕਰਨ ਅਤੇ ਸਮਝਣ ਦੀ ਜ਼ਰੂਰਤ ਹੈ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਟਾਈਗਰ ਰਿਜ਼ਰਵ ਅਜਿਹੇ ਸਨ ਜਿੱਥੇ ਬਾਘਾਂ ਨੂੰ ਇਨਸਾਨਾਂ ਦੀ ਆਦਤ ਵੀ ਨਹੀਂ ਪਈ ਸੀ। ਆਰਜ਼ੂ ਕਹਿੰਦੀ ਹੈ, “ਜੇਕਰ ਤੁਸੀਂ ਮਿਜ਼ੋਰਮ ਦੇ ਡੰਪਾ ਟਾਈਗਰ ਰਿਜ਼ਰਵ ਜਾਂ ਕੰਨਿਆਕੁਮਾਰੀ ਦੇ ਕਾਲੱਕੜ ਟਾਈਗਰ ਰਿਜ਼ਰਵ ਨੂੰ ਦੇਖੋ। ਇਹ ਉਹ ਟਾਈਗਰ ਰਿਜ਼ਰਵ ਹਨ ਜੋ ਸੈਲਾਨੀਆਂ ਦੀ ਸੂਚੀ ਵਿੱਚ ਨਹੀਂ ਹਨ। ਅਜਿਹੀ ਸਥਿਤੀ ਵਿੱਚ ਇੱਥੇ ਦੇ ਟਾਈਗਰ ਬਹੁਤ ਸ਼ਰਮੀਲੇ ਹਨ ਅਤੇ ਇਨਸਾਨਾਂ ਦੇ ਸਾਹਮਣੇ ਆਉਣ ਤੋਂ ਵੀ ਸੰਕੋਚ ਕਰਦੇ ਹਨ।”

ਆਰਜ਼ੂ ਅਤੇ ਉਸ ਦੀ ਟੀਮ ਜੰਗਲ ਦੇ ਹਰ ਪਹਿਲੂ ਨੂੰ ਬਾਰੀਕੀ ਨਾਲ ਦਸਤਾਵੇਜ਼ ਬਣਾ ਰਹੀ ਹੈ। ਉਹ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਤੇ ਯੂਟਿਊਬ ਹੈਂਡਲ ‘ਤੇ ਵੀ ਸਾਂਝਾ ਕਰਦੇ ਹਨ। ਉਸ ਦੇ ਕੰਮ ਨੂੰ ਡਿਸਕਵਰੀ, ਨੈਟ ਜੀਓ, ਬੀਬੀਸੀ ਅਰਥ ਅਤੇ ਰੀਡਰਜ਼ ਡਾਇਜੈਸਟ ਵਰਗੇ ਚੈਨਲਾਂ ‘ਤੇ ਜਗ੍ਹਾ ਮਿਲੀ ਹੈ। ਉਹ ਸੋਨੀ ਦੀ ਬ੍ਰਾਂਡ ਅੰਬੈਸਡਰ ਵੀ ਹੈ। ਪਿਛਲੇ ਸਾਲ ਉਸ ਦੇ ਕਾਰਜਾਂ ਦੀਆਂ ਦਿੱਲੀ ਅਤੇ ਮੁੰਬਈ ਵਿਖੇ ਪ੍ਰਦਰਸ਼ਨੀਆਂ ਲੱਗ ਚੁੱਕੀਆਂ ਹਨ ਜਿਨ੍ਹਾਂ ਨੂੰ ਸਮਾਜ ਦੇ ਸਾਰੇ ਵਰਗਾ ਵਲੋਂ ਭਾਵਪੂਰਤ ਹੁੰਗਾਰਾ ਮਿਲਿਆ। ਪਿਛਲੇ ਸੱਤ ਸਾਲਾਂ ਤੋਂ ਉਹ ਜੰਗਲੀ ਜੀਵ ਫੋਟੋਗ੍ਰਾਫ਼ੀਸਿਖਾ ਰਹੀ ਹੈ। ਉਸਦੀ ਕਹਾਣੀ ਜੰਗਲੀ ਜੀਵ ਫੋਟੋਗ੍ਰਾਫ਼ੀ ਵਿੱਚ ਕਰੀਅਰ ਬਣਾਉਣ ਦੀਆਂ ਚੁਣੌਤੀਆਂ ਅਤੇ ਇਨਾਮਾਂ ਨੂੰ ਉਜਾਗਰ ਕਰਦੀ ਹੈ। ਇਸ ਖੇਤਰ ਵਿੱਚ ਲੋੜੀਂਦੇ ਹੁਨਰ, ਸਮਰਪਣ ਅਤੇ ਰਚਨਾਤਮਕਤਾ ਦੇ ਮਿਸ਼ਰਣ ਨੂੰ ਦਰਸਾਉਂਦੀ ਹੈ। ਉਹ ਦੇਸ਼ ਭਰ ਵਿੱਚ ਫੋਟੋਗ੍ਰਾਫ਼ੀਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ ਅਤੇ ਨਵੇਂ ਸਿਖਿਆਰਥੀਆਂ ਨੂੰ ਕੈਮਰਾ ਤਕਨੀਕ ਸਿਖਾਉਂਦੀ ਹੈ। ਉਸਦਾ ਨੌਜਵਾਨਾਂ ਨੂੰ ਇੱਕ ਹੀ ਸੁਨੇਹਾ ਹੈ ਕਿ “ਜ਼ਿਆਦਾ ਨਾ ਸੋਚੋ; ਰਚਨਾਤਮਕਤਾ ਆਉਂਦੀ ਹੈ ਪਰੰਤੂ ਸਮਾਂ ਲੈਂਦੀ ਹੈ। ਸ਼ੁਰੂ ਕਰਨ ਲਈ ਤੁਹਾਡੇ ਕੋਲ ਜੋ ਵੀ ਕੈਮਰਾ ਹੈ ਉਸਨੂੰ ਚੁਣੋ ਜਾਂ ਕਿਰਾਏ ‘ਤੇ ਲਓ ਜਾਂ ਉਧਾਰ ਲਓ ਅਤੇ ਇੱਕ ਦ੍ਰਿਸ਼ ਲੱਭੋ ਜੋ ਇੱਕ ਚੰਗੀ ਤਸਵੀਰ ਬਣਾ ਸਕਦਾ ਹੈ ਅਤੇ ਕਲਿੱਕ ਕਰੋ। ਸਬਰ ਰੱਖੋ, ਅਭਿਆਸ ਕਰਦੇ ਰਹੋ ਅਤੇ ਸਭ ਤੋਂ ਮਹੱਤਵਪੂਰਨ ਕੁਦਰਤ ਦਾ ਸਤਿਕਾਰ ਕਰੋ।”

30 ਸਾਲਾ ਆਰਜ਼ੂ ਖੁਰਾਣਾ, ਜਿਸ ਨੇ ਕਦੇ ਕਿਰਾਏ ਦੇ ਕੈਮਰੇ ਨਾਲ ਵਾਈਲਡ ਲਾਈਫ ਫੋਟੋਗ੍ਰਾਫ਼ੀ ਸ਼ੁਰੂ ਕੀਤੀ ਸੀ ਅੱਜ ਉਸ ਦੇ ਯੂਟਿਊਬ ਚੈਨਲ ‘ਤੇ ਜੰਗਲਾਂ ਨਾਲ ਸਬੰਧਤ ਸੈਂਕੜੇ ਵੀਡੀਓਜ਼ ਹਨ। ਪਰ ਕਿਸੇ ਨੂੰ ਜੰਗਲ ਵਿਚ ਕਿਉਂ ਜਾਣਾ ਚਾਹੀਦਾ ਹੈ? ਆਰਜ਼ੂ ਸੋਹਣੇ ਢੰਗ ਨਾਲ ਜਵਾਬ ਦਿੰਦੀ ਹੈ, “ਤੁਸੀਂ ਜੰਗਲ ਤੋਂ ਉਸੇ ਤਰ੍ਹਾਂ ਨਹੀਂ ਪਰਤਦੇ ਜਿਸ ਤਰ੍ਹਾਂ ਤੁਸੀਂ ਗਏ ਸੀ। ਤੁਸੀਂ ਦੂਜਿਆਂ ਲਈ ਹਮਦਰਦੀ ਅਤੇ ਪਿਆਰ ਵਰਗੇ ਗੁਣਾਂ ਨਾਲ ਸਰਸ਼ਾਰ ਹੁੰਦੇ ਹੋ! ਉਸ ਦਾ ਅਗਲਾ ਟੀਚਾ ਪਿਛਲੇ ਸਮੇਂ ਤਿੰਨ ਹੋਰ ਨਵੇਂ ਟਾਈਗਰ ਰਾਖਵਾਂ ਖੇਤਰਾਂ ਬਾਰੇ ਦਸਤਾਵੇਜ਼ ਇੱਕਤਰ ਕਰਨ ਦੇ ਨਾਲ਼ ਹੀ ਜੰਗਲੀ ਜੀਵ ਫੋਟੋਗ੍ਰਾਫ਼ੀਰਾਹੀ ਦੁਰਲੱਭ ਜੀਵਾਂ ਦੀ ਦੁਨੀਆਂ ਨੂੰ ਆਮ ਲੋਕਾਂ ਸਾਹਮਣੇ ਪੇਸ਼ ਕਰਨਾ ਹੈ। ਸ਼ਾਬਾਸ਼ ਧੀਏ!

ਜਗਜੀਤ ਸਿੰਘ ਗਣੇਸ਼ਪੁਰ,
ਕੰਪਿਊਟਰ ਅਧਿਆਪਕ, ਸਹਸ ਲਕਸੀਹਾਂ,
ਮੋ:94655-76022

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਉਣ ਦੀ ਸ਼ੁਰੂਆਤ ਬੁੱਧ ਬੰਧਨਾਂ ਨਾਲ ਕੀਤੀ ਗਈ
Next articleਫੋਰਟਿਸ ਹਸਪਤਾਲ, ਲੁਧਿਆਣਾ ਵੱਲੋਂ LOGS ਦੇ ਸਹਿਯੋਗ ਨਾਲ ਐਂਡੋਮੇਟ੍ਰਿਓਸਿਸ ‘ਤੇ ਲਾਈਵ ਸਰਜਰੀ ਕਾਨਫਰੰਸ ਦਾ ਸਫਲ ਆਯੋਜਨ