ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ) ਕੁਝ ਕੁ ਖ਼ੁਆਬ ਜ਼ਰੂਰ ਟੁੱਟੇ ਨੇ ਪਰ ਹੌਂਸਲੇ ਅਜੇ ਜ਼ਿੰਦਾ ਨੇ,
ਕੁਦਰਤ ਪੂਰੀ ਵੱਲ ਹੈ ਸਾਡੇ ਤਾਂਹੀ ਮੁਸ਼ਕਿਲਾਂ ਸ਼ਰਮਿੰਦਾ ਨੇ।
ਦੁਨੀਆਂ ਦੇ ਸਭ ਤੋਂ ਭਾਗਸ਼ਾਲੀ ਮਨੁੱਖ ਉਹ ਹੁੰਦੇ ਹਨ ਜਿਨ੍ਹਾਂ ਕੋਲ ਜੀਵਨ ਦੇ ਨਾਲ ਦੁੱਖ ਹੋਣ, ਰੋਟੀ ਦੇ ਨਾਲ ਭੁੱਖ ਹੋਵੇ, ਬਿਸਤਰੇ ਨਾਲ ਨੀਂਦ ਹੋਵੇ ਤੇ ਗੁਜ਼ਾਰੇ ਜੋਗੇ ਧਨ ਦੇ ਨਾਲ ਦਿਆ ਧਰਮ ਤੇ ਨਿਮਰਤਾ ਹੋਵੇ ॥
ਜੀਵਨ ਦੀ ਹਰ ਖੁਸ਼ੀ ਦੇ ਨਾਲ ਨਾਲ ਦੁੱਖਾਂ ਨੂੰ ਵੀ ਅਸੀਂ ਪੁੱਤਾਂ ਵਾਂਗ ਪਾਲਿਆ ਹੈ ਕਿਉਂਕਿ ਜਿਵੇਂ ਔਲਾਦ ਸਾਡਾ ਅੰਸ਼ ਹੁੰਦੀ ਇਵੇਂ ਹੀ ਦੁੱਖ ਜੀਵਨ ਦਾ ਹਿੱਸਾ ਹੁੰਦੇ ਹਨ। ਸਮਾਜ ਵਿੱਚ ਵਿਚਰਦਿਆਂ ਸਾਡੇ ਮਨ ਦੀ ਅੰਦਰੂਨੀ ਖੁਸ਼ੀ ਜਾਂ ਨਿਰਾਸ਼ਤਾ ਸਾਡੇ ਚਿਹਰੇ ਤੋਂ ਸਾਹਮਣੇ ਵਾਲੇ ਨੂੰ ਪ੍ਰਤੱਖ ਨਜ਼ਰ ਆਉਂਦੀ ਹੈ। ਸੰਸਾਰ ਖ਼ੁਸ਼ੀਆਂ ਦਾ ਆਸ਼ਕ ਇਸੇ ਕਰਕੇ ਉਦਾਸੇ ਚਿਹਰੇ ਏਥੇ ਅਕਸਰ ਇਕੱਲੇ ਰਹਿ ਜਾਇਆ ਕਰਦੇ ਨੇ ਪਰ ਹੱਸ-ਮੁੱਖ ਚਿਹਰੇ ਹਰ ਕਿਸੇ ਦੀ ਪਸੰਦ ਹੁੰਦੇ ਹਨ। ਸੋ ਇਸ ਲਈ ਹਰ ਸਮੇਂ ਸਾਡੀ ਜ਼ਿੰਦਗੀ ਦੇ ਪੈਰਾਂ ਦੀਆਂ ਝਾਂਜਰਾਂ ਵਿਚ ਸੰਗੀਤ ਦਾ ਹੋਣਾ ਲਾਜ਼ਮੀ ਹੈ, ਸ਼ੋਰ ਦਾ ਨਹੀਂ। ਬੀਤਿਆ ਜੀਵਨ ਜ਼ਿਆਦਾ ਬੇ-ਰੰਗ ਲੰਘਿਆ ਹੋਣ ਕਰਕੇ ਹੁਣ ਕੋਸ਼ਿਸ਼ ਰਹਿੰਦੀ ਹੈ ਕਿ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਬਣਾ ਲਈਏ ਕਿ ਹਰ ਕੋਈ ਮਿਲਣ ਵਾਲਾ ਪ੍ਰਸੰਨ ਹੋਵੇ ਤੇ ਸਾਨੂੰ ਵੀ ਆਉਣ ਵਾਲੇ ਦਾ ਚਾਅ ਅੰਦਰੋਂ ਚੜੇ ਜਿਵੇਂ ਫ਼ਸਲ ਘਰ ਆਈ ਦਾ ਚਾਅ ਕਿਸਾਨ ਦੇ ਸਾਰੇ ਪਰਿਵਾਰ ਨੂੰ ਚੜ੍ਹ ਜਾਂਦਾ ਹੈ। ਘਰ ਕੋਈ ਮਹਿਮਾਨ ਆਵੇ ਤਾਂ ਖ਼ੁਸ਼ੀ ਵਿੱਚ ਖੀਵੇ ਹੋਣ ਦੀ ਕੋਸ਼ਿਸ਼ ਰਹਿੰਦੀ ਹੈ, ਜਿਵੇਂ ਕੁਝ ਗੁਆਚਿਆ ਲੱਭ ਗਿਆ ਹੋਵੇ,ਹੌਲੀ ਹੌਲੀ ਰਿਸ਼ਤਿਆਂ ਦਾ ਸ਼ਰਮਾਇਆ ਇਕੱਠਾ ਕਰਨ ਲੱਗੇ ਹੋਏ ਹਾਂ। ਤਮੰਨਾ ਹੈ ਕਿ ਖ਼ੁਦ ਜ਼ਿੰਦਗੀ ਦੇ ਜਰਨੈਲ ਬਣਾਂਗੇ ਤਾਂ ਸਾਡੇ ਪਰਿਵਾਰ ਦੇ ਸਿਪਾਹੀ ਕਦੇ ਕਮਜ਼ੋਰ ਨਹੀਂ ਪੈਣਗੇ।
ਮੈਨੂੰ ਹਮੇਸ਼ਾਂ ਇਹੀ ਮਹਿਸੂਸ ਹੁੰਦਾ ਹੈ ਕਿ ਖ਼ਾਲੀ ਹੱਥ ਆਏ ਆ, ਖ਼ਾਲੀ ਹੱਥ ਏਥੋਂ ਚਲੇ ਜਾਵਾਂਗੇ। ਜੋ ਵੀ ਸਾਨੂੰ ਕੁਦਰਤ ਵੱਲੋਂ ਨਸੀਬ ਹੋਇਆ, ਇਹ ਸਭ ਬਹੁਤ ਹੀ ਸੀਮਤ ਸਮੇਂ ਲਈ ਹੈ, ਇਸਦਾ ਪੂਰਾ ਲੁਤਫ਼ ਲਿਆ ਜਾਵੇ, ਦੁਨਿਆਵੀ ਸਾਜ਼ੋ-ਸਮਾਨ ਸਭ ਇੱਥੋਂ ਹੀ ਮਿਲਿਆ, ਆਪਾਂ ਏਥੇ ਹੀ ਛੱਡ ਜਾਣਾ! ਮੈਂ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਮੰਨਦਾ ਹਾਂ ਕਿ ਅੱਜ ਕੁਦਰਤ ਦੀਆਂ ਮੁੱਖ ਰਹਿਮਤਾਂ ਵਿਚੋਂ ਰੋਟੀ, ਕੱਪੜਾ, ਮਕਾਨ ਦੇ ਨਾਲ ਧੀ-ਪੁੱਤ ਤੇ ਪਰਿਵਾਰ ਸੌਗਾਤ ਵਿੱਚ ਮਿਲਿਆ ਹੋਇਆ ਹੈ। ਲੱਖਾਂ ਹੀ ਨਹੀਂ ਕਰੋੜਾਂ ਲੋਕਾਂ ਦਾ ਸੁਪਨਾ ਹੋਵੇਗਾ ਸਾਡੇ ਵਰਗੀ ਜ਼ਿੰਦਗੀ ਜਿਉਣ ਦਾ, ਕੁਦਰਤ ਸਾਰਿਆਂ ਤੇ ਮੇਹਰਬਾਨ ਹੋਵੇ, ਹਰ ਕਿਰਤੀ ਬੰਦੇ ਦੀਆਂ ਮਿਹਨਤਾਂ ਨੂੰ ਹਕੀਕਤਾਂ ਦੇ ਫੁੱਲ ਫਲ ਲੱਗਣ ਤੇ ਜ਼ਿੰਦਗੀ ਵਿਚ ਬਰਕਤਾਂ ਹੀ ਬਰਕਤਾਂ ਰਹਿਣ।
ਅਸਲ ਵਿਚ ਮਰਦ ਤੇ ਔਰਤ ਰਲ-ਮਿਲਕੇ ਘਰ ਦੀ ਸੁਰ-ਤਾਲ ਸਿਰਜਦੇ ਹਨ। ਜੇਕਰ ਪਰਿਵਾਰਕ ਮਹੌਲ ਤੇ ਸਾਡੀ ਪਕੜ ਮਜ਼ਬੂਤ ਹੋਵੇਗੀ ਤਾਂ ਅਸੀਂ ਜ਼ਿੰਦਗੀ ਦਾ ਸੰਗੀਤ, ਵਧੇਰੇ ਸਿਆਣਪ, ਸੰਜਮ ਅਤੇ ਸਲੀਕੇ ਨਾਲ ਸੁਣ ਅਤੇ ਮਾਣ ਸਕਦੇ ਹਾਂ। ਜ਼ਿੰਦਗੀ ਸਾਡੇ ਇਕੱਲਿਆਂ ਦੇ ਖੇਡੀ ਜਾਣ ਵਾਲੀ ਖੇਡ ਨਹੀਂ, ਇਸ ਵਿਚ ਰਿਸ਼ਤਿਆਂ ਰੂਪੀ ਹੋਰ ਵੀ ਖਿਡਾਰੀ ਹੁੰਦੇ ਹਨ। ਸੋ ਸਾਨੂੰ ਚਾਹੀਦਾ ਹੈ ਕਿ ਬੇ-ਰੋਕ ਜ਼ਿੰਦਗੀ ਦੀ ਖੇਡ ਵਿਚ ਜੇਤੂ ਭਾਵਨਾ ਨਾਲ ਸ਼ਾਮਿਲ ਹੋ ਕੇ ਅੰਤ ਤੱਕ ਬਸ ਖੇਡਦੇ ਰਹਿਣਾ ਚਾਹੀਦਾ ਹੈ। ਕੁਦਰਤ ਦੇ ਨਿਯਮਾਂ ਅਨੁਸਾਰ ਜ਼ਿੰਦਗੀ ਕਦੇ ਰੁਕਦੀ ਨਹੀਂ, ਸੰਸਾਰ ਕਦੇ ਥੱਕਦਾ ਨਹੀਂ,ਬ੍ਰਹਿਮੰਡ ਵਿਚ ਕੋਈ ਵੀ ਗ੍ਰਹਿ ਛੁੱਟੀ ਨਹੀਂ ਕਰਦਾ, ਸਮਾਂ ਕਦੇ ਰੁਕਦਾ ਨਹੀਂ, ਅਸੀਂ ਵੀ ਕੁਦਰਤ ਦੇ ਕਣ ਹਾਂ ਸਾਨੂੰ ਸਦਾ ਵਹਾ ਵਿਚ ਰਹਿਣਾ ਚਾਹੀਦਾ ਹੈ। ਜ਼ਿੰਦਗੀ ਤੇ ਸਿਆਣਪ ਰਾਜ ਕਰਦੀ ਹੈ ਕਿਉਂਕਿ ਸਿਆਣਪ ਹਰ ਸਮੱਸਿਆ ਨੂੰ ਹੱਲ ਕਰਦੀ ਹੈ ਓ ਵੀ ਮੁਫ਼ਤ ਵਿੱਚ ਜੋ ਕਰੀ ਵਾਰ ਦੌਲਤ ਨਹੀਂ ਕਰ ਸਕਦੀ। ਜੀਵਨ ਦਾ ਸਕੂਨ ਤੇ ਠਹਿਰਾਓ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਨਾਲ ਮਿਲਦਾ, ਸੋ ਹਮੇਸ਼ਾਂ ਆਪਣੇ ਕਰਨ ਵਾਲੇ ਕੰਮ ਕਰਦੇ ਰਹੋ ਤਾਂ ਜੋ ਆਪਣੇ ਆਪ ਤੋਂ ਕੋਈ ਨਿਰਾਸ਼ਾ ਨਾ ਹੋਵੇ, ਪਿੱਟ ਸਿਆਪੇ ਤਾਂ ਜਿਉਦੇ ਜੀਅ ਮੁਕਣ ਵਾਲੀ ਚੀਜ਼ ਨਹੀਂ ॥

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗਾਇਕ ਦਵਿੰਦਰ ਬੀਸਲਾ ਜੀ ਦਾ ਨਵਾਂ ਗਾਣਾ ਆਇਸ ਓਨ ਯੂ (Eyes On You ) ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ
Next articleਪੱਥਰ