ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)

ਪਹਿਲਾਂ ਇੱਜ਼ਤ ਸਿੱਖ ਕਮਾਉਣੀ,
ਪੈਸਾ ਮਗਰੇ ਆਪੇ ਆ ਜਾਊਗਾ!
ਸਫ਼ਲਤਾ ਪੂਰਵਕ ਜੀਵਨ ਜਿਉਂਣ ਲਈ, ਮੇਰੇ ਖ਼ਿਆਲ ਮੁਤਾਬਿਕ ਗੁਣਾਂ ਨਾਲੋਂ ਵੀ ਵਧੇਰੇ ਯੋਗਦਾਨ ਸਾਡੀਆਂ ਆਦਤਾਂ ਦਾ ਹੁੰਦਾ ਹੈ। ਚੰਗੀਆਂ ਆਦਤਾਂ ਕਿਸੇ ਅੱਲੜ੍ਹ ਕੁੜੀ ਦੇ ਸਾਂਭ ਕੇ ਰੱਖੇ ਹੁਸਨ ਵਰਗੀਆਂ ਹੁੰਦੀਆਂ ਹਨ ਜੋ ਜੀਵਨ ਦੇ ਕਿਸੇ ਵੀ ਪੜਾਅ ਤੇ ਸਾਡੇ ਚਿਹਰੇ ਦੇ ਰੂਹਾਨੀ ਨੂਰ ਨੂੰ ਮੱਧਮ ਨਹੀਂ ਪੈਣ ਦਿੰਦੀਆਂ। ਇੱਕ ਇੱਕ ਕਰਕੇ ਭੈੜੀਆਂ ਆਦਤਾਂ ਛੱਡਣੀਆਂ ਅਤੇ ਚੰਗੀਆਂ ਨੂੰ ਗ੍ਰਹਿਣ ਕਰਨਾ, ਇਨ੍ਹਾਂ ਦੋਵਾਂ ਕਾਰਜਾਂ ਵਿਚ ਦ੍ਰਿੜ੍ਹ ਸੰਕਲਪ ਅਤੇ ਪੂਰੇ ਪੱਕੇ ਇਰਾਦੇ ਦੀ ਲੋੜ ਹੁੰਦੀ ਹੈ।
ਜਿਸ ਸਮਾਜਿਕ ਢਾਂਚੇ ਵਿਚ ਅਸੀਂ ਰਹਿ ਰਹੇ ਹਾਂ, ਉਸ ਵਿਚ ਭੈੜੀਆਂ ਆਦਤਾਂ ਵਾਲੇ ਸਿਰ ਫਿਰਿਆ ਨਾਲ ਪਾਲਤੂ ਦਾ ਵਾਹ ਵਾਸਤਾ ਜ਼ਿਆਦਾ ਪੈਂਦਾ ਹੈ। ਬਹੁਤਿਆਂ ਦੀ ਨਹੀਂ, ਕਈਆਂ ਦੀ ਤਾਂ ਇਹ ਪੱਕੀ ਆਦਤ ਹੁੰਦੀ ਹੈ ਕਿ ਉਨ੍ਹਾਂ ਵੱਲੋਂ ਦੂਜਿਆਂ ਦੇ ਕੀਤੇ ਕੰਮ ਨੂੰ ਬਿਨ ਨਫ਼ਾ ਨੁਕਸਾਨ ਦੇਖਿਆ ਇਹ ਸਿੱਧ ਕਰਨ ਵਿਚ ਪੂਰਾ ਜ਼ੋਰ ਲਾਇਆ ਜਾਂਦਾ ਹੈ ਕਿ ‘ਇਹ ਕੰਮ ਤਾਂ ਇਸ ਨੇ ਸੁੱਤੇ ਪਿਆ ਕੀਤਾ ਹੈ’!
ਜਿਨ੍ਹਾਂ ਦਾ ਬਚਪਨ ਸੌਖਾਲਾ ਬੀਤਿਆ ਹੁੰਦਾ ਹੈ ਉਨ੍ਹਾਂ ਵਿਚ ਮਿਹਨਤ, ਸਮੇਂ ਸਿਰ ਕੰਮ ਕਰਨ, ਲੋੜ ਨੂੰ ਮਹਿਸੂਸ ਕਰਨ ਤੇ ਦੂਜਿਆਂ ਦੇ ਮਾਨ ਸਨਮਾਨ ਨੂੰ ਬਰਕਰਾਰ ਰੱਖਣ ਆਦਿ ਦੀ ਆਦਤ ਨਹੀਂ ਪੈਂਦੀ। ਇਹ ਪਤੰਦਰ ਨੁਕਸ ਲੱਭਣ ਵਿਚ ਸਿਰੇ ਦੀ ਮੁਹਾਰਤ ਹਾਸਲ ਕਰ ਲੈਂਦੇ ਹਨ। ਇਹ ਲੋਕ ਆਪਣਿਆਂ ਤੋਂ ਕਮਜ਼ੋਰਾਂ ਨੂੰ ਪ੍ਰੇਸ਼ਾਨ ਕਰਨ ਤੇ ਆਪ ਤੋਂ ਤਕੜਿਆਂ ਦੀ ਪੂੰਛ ਪੂੰਛ ਕਰਨ ਦੀ ਉਚੇਰੀ ਪੜ੍ਹਾਈ ਪਤਾ ਨਹੀਂ ਕਿੱਥੋਂ ਕਰਦੇ ਹਨ, ਇਨ੍ਹਾਂ ਨੂੰ ਇਹ ਵੀ ਖ਼ਬਰ ਨਹੀਂ ਹੁੰਦੀ ਕਿ ਦੁਨੀਆਂ ਸਾਡੇ ਬਾਰੇ ਸਭ ਜਾਣਦੀ ਹੈ।
ਕੁਦਰਤ ਭਲੀ ਕਰੇ, ਫ਼ਿਤਰਤ ਬਣੀ ਰਹੇ ਕਿ ਆਪਣੇ ਹੀ ਜ਼ਿੰਦਗੀ ਦੇ ਸ਼ਾਹ ਅਸਵਾਰ ਬਣ ਕੇ ਰਹੀਏ, ਕਿਸੇ ਨੂੰ ਆਪਾਂ ਕੀ ਦੇ ਸਕਦੇ ਹਾਂ, ਸਾਥੋਂ ਪਹਿਲਾਂ ਵਾਲੇ ਵੀ ਮਿੱਟੀ ਹੋ ਗਏ, ਹੋ ਆਪਾਂ ਵੀ ਜਾਣਾ! ਪਰ ਜਿਉਂਦੇ ਜੀਅ ਸਾਡੀਆਂ ਚੰਗੀਆਂ ਮਾੜੀਆਂ ਆਦਤਾਂ ਪੱਕਣ ਦਾ ਢੰਗ ਇੱਕ ਹੈ। ਸਾਡੀਆਂ ਵੱਖ ਵੱਖ ਆਦਤਾਂ ਹੀ ਸਾਡੀ ਵਿਲੱਖਣਤਾ ਦਾ ਆਧਾਰ ਸਿਰਜਦੀਆਂ ਹਨ।
ਕੁਚੱਜੀਆਂ ਆਦਤਾਂ ਵਾਲਾ ਵਿਅਕਤੀ ਆਪਣੇ ਆਪ ਨੂੰ ਸੁਚੱਜਾ ਸਿੱਧ ਕਰਕੇ ਵੀ ਪੂਰਾ ਜੀਵਨ ਖੂਬਸੂਰਤ ਵਾਤਾਵਰਨ ਸਿਰਜ ਨਹੀਂ ਸਕਦਾ!

ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ ਧਰਮ ਕਰਮ
Next articleਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ