ਬਰਨਾਲਾ, (ਸਮਾਜ ਵੀਕਲੀ) ( ਚੰਡਿਹੋਕ ) : ਜਰਨਲਿਜ਼ਮ ਤੇ ਮਲਟੀਮੀਡੀਆ ਟੈਕਨਾਲੋਜੀ ਵਿਭਾਗ ਦੀ ਬੀ-ਵਾਕ ਪ੍ਰੀਖਿਆ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੀਂ ਕਨਵੋਕੇਸ਼ਨ ’ਚੋਂ ਗੋਲਡ ਮੈਡਲ ਹਾਸਲ ਕਰਨ ਦੀ ਸ਼ਾਨਦਾਰ ਪ੍ਰਾਪਤੀ `ਤੇ ਪੱਤਰਕਾਰ ਨਿਰਮਲ ਸਿੰਘ ਪੰਡੋਰੀ ਨੂੰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਬਰਨਾਲਾ ਇਕਾਈ ਵਲੋਂ ਸਨਮਾਨਿਤ ਕੀਤਾ ਗਿਆ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਬਰਨਾਲਾ ਇਕਾਈ ਵਲੋਂ ਆਪਣੇ ਜ਼ਿਲਾ ਜਨਰਲ ਸਕੱਤਰ ਨਿਰਮਲ ਸਿੰਘ ਪੰਡੋਰੀ ਦੀ ਇਸ ਸ਼ਾਨਾਂਮੱਤੀ ਪ੍ਰਾਪਤੀ ਲਈ ਐੱਸਐੱਸਡੀ ਕਾਲਜ ਬਰਨਾਲਾ ’ਚ ਇਹ ਸਨਮਾਨ ਸਮਾਰੋਹ ਕੀਤਾ ਗਿਆ। ਜਿਸ ’ਚ ਐੱਸਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ, ਐੱਸਐੱਸਡੀ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ, ਮਸ਼ਹੂਰ ਰੰਗਕਰਮੀ ਭੁਪਿੰਦਰ ਬਰਨਾਲਾ, ਠੇਕੇਦਾਰ ਬਿੰਦਰ ਸਿੰਘ ਲੌਂਗੋਵਾਲ ਤੇ ਮਸ਼ਹੂਰ ਫਿਲਮੀ ਡਾਇਰੈਕਟਰ ਇਮਰਾਨ ਸ਼ੇਖ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਲਈ ਬਹੁਤ ਹੀ ਮਾਣਮੱਤਾ ਦਿਨ ਹੈ ਕਿਉਂਕਿ ਉਨ੍ਹਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਨੇ ਵਿਦਿਅਕ ਖੇਤਰ ’ਚ ਇਤਿਹਾਸਕ ਮੱਲ ਮਾਰੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਹਮੇਸ਼ਾ ਆਪਣੇ ਮੈਂਬਰਾਂ ਦੇ ਹਿੱਤਾਂ ਤੇ ਉਨ੍ਹਾਂ ਦੀ ਸਖ਼ਸ਼ੀਅਤ ਦੇ ਨਿਖਾਰ ਲਈ ਯਤਨਸ਼ੀਲ ਰਹਿੰਦੀ ਹੈ। ਪ੍ਰਧਾਨ ਸੰਧੂ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਪੱਤਰਕਾਰਾਂ ’ਚ ਆਪਣੀ ਪੇਸ਼ੇਵਰ ਕਾਬਲੀਅਤ ਨੂੰ ਹੋਰ ਨਿਖਾਰਨ ਦਾ ਜਜ਼ਬਾ ਪੈਦਾ ਕਰਦੇ ਹਨ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਖ਼ਜ਼ਾਨਚੀ ਬਲਜਿੰਦਰ ਸਿੰਘ ਚੌਹਾਨ, ਸੂਬਾ ਕਮੇਟੀ ਮੈਂਬਰ ਮਹਿੰਦਰ ਸਿੰਘ ਰਾਏ, ਸੀਨੀਅਰ ਪੱਤਰਕਾਰ ਸੁਰਿੰਦਰ ਗੋਇਲ, ਭਦੌੜ ਪ੍ਰੈਸ ਕਲਬ ਦੇ ਪ੍ਰਧਾਨ ਰਜਿੰਦਰ ਵਰਮਾ, ਕਰਨਪ੍ਰੀਤ ਕਰਨ, ਰਾਮ ਸਿੰਘ ਧਨੌਲਾ, ਅਵਤਾਰ ਸਿੰਘ ਫਰਵਾਹੀ, ਰਜਿੰਦਰ ਸ਼ਰਮਾ, ਅਵਤਾਰ ਸਿੰਘ ਕੌਲੀ, ਹਰਵਿੰਦਰ ਸਿੰਘ ਕਾਲਾ, ਵਿਨੋਦ ਕਲਸੀ ਭਦੌੜ, ਵੈਦ ਚਰਨ ਸਿੰਘ ਜਲੂਰ, ਜਸਵੰਤ ਸਿੰਘ ਲਾਲੀ ਤੇ ਪ੍ਰੋ: ਚਰਨਜੀਤ ਸਿੰਘ ਸਣੇ ਵੱਡੀ ਗਿਣਤੀ ’ਚ ਪੱਤਰਕਾਰ ਭਾਈਚਾਰਾ ਹਾਜ਼ਰ ਸੀ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ: ਜਨਰਲ ਸਕੱਤਰ ਸ਼ਿਵ ਸਿੰਗਲਾ ਸਮਾਗਮ ਦੌਰਾਨ ਵਿਸ਼ੇਸ਼ ਤੌਰ `ਤੇ ਪਹੁੰਚੇ ਐੱਸਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਨਿਰਮਲ ਸਿੰਘ ਪੰਡੋਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਕ ਸਰਗਰਮ ਪੱਤਰਕਾਰ ਦਾ ਮੁੜ ਵਿਦਿਆਰਥੀ ਬਣ ਕੇ ਯੂਨੀਵਰਸਿਟੀ ’ਚੋਂ ਟਾਪ ਕਰਨਾ ਇਹ ਸਾਬਤ ਕਰਦਾ ਹੈ ਕਿ ਸਿੱਖਣ ਦੀ ਕੋਈ ਨਿਸ਼ਚਿਤ ਉਮਰ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ’ਚ ਜਦੋਂ ਮੀਡੀਆ ਤਕਨੀਕੀ ਤੌਰ `ਤੇ ਬਹੁਤ ਬਦਲ ਰਿਹਾ ਹੈ। ਅਜਿਹੇ ਸਮੇਂ ’ਚ ਮਲਟੀਮੀਡੀਆ ਵਰਗੇ ਆਧੁਨਿਕ ਵਿਸ਼ੇ ’ਚ ਮੁਹਾਰਤ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਪੰਡੋਰੀ ਦੀ ਇਸ ਪ੍ਰਾਪਤੀ ਨੂੰ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਕਿਹਾ। ਪੱਤਰਕਾਰੀ ਤੇ ਪੜ੍ਹਾਈ ਦਾ ਸੁਮੇਲ ਮਿਸਾਲੀ: ਪ੍ਰਿੰਸੀਪਲ ਡਾ. ਜਿੰਦਲ ਐੱਸਐੱਸਡੀ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੱਤਰਕਾਰੀ ਇਕ ਅਜਿਹਾ ਖੇਤਰ ਹੈ। ਜਿਥੇ ਇਨਸਾਨ ਹਰ ਵਕਤ ਰੁੱਝਿਆ ਰਹਿੰਦਾ ਹੈ। ਪਰ ਅਜਿਹੀ ਮਸ਼ਰੂਫੀਅਤ ਦੇ ਬਾਵਜੂਦ ਅਕਾਦਮਿਕ ਸਿਖ਼ਰਾਂ ਨੂੰ ਛੂਹਣਾ ਬੇਹੱਦ ਚੁਣੌਤੀਪੂਰਨ ਕਾਰਜ ਹੈ। ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਪੰਡੋਰੀ ਨੇ ਗੋਲਡ ਮੈਡਲ ਜਿੱਤ ਕੇ ਨਾ ਸਿਰਫ਼ ਪੱਤਰਕਾਰ ਭਾਈਚਾਰੇ ਦਾ ਸਿਰ ਉੱਚਾ ਕੀਤਾ ਹੈ। ਸਗੋਂ ਨੌਜਵਾਨ ਵਿਦਿਆਰਥੀਆਂ ਲਈ ਵੀ ਇਕ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਤੌਰ `ਤੇ ਮਜ਼ਬੂਤ ਪੱਤਰਕਾਰ ਸਮਾਜ ਤੇ ਲੋਕਤੰਤਰ ਦੇ ਚੌਥੇ ਸਤੰਭ ਨੂੰ ਹੋਰ ਵਧੇਰੇ ਸ਼ਕਤੀ ਪ੍ਰਦਾਨ ਕਰਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



