(ਸਮਾਜ ਵੀਕਲੀ) ਕੁਦਰਤ ਦੀ ਦਿੱਤੀ, ਅਮੋਲਕ ਜ਼ਿੰਦਗੀ ਨੂੰ, ਸਿਆਣੇ ਤੇ ਸਮਝਦਾਰ ਬੰਦਿਆਂ ਦੀਆਂ, ਦੱਸੀਆਂ ਗੱਲਾਂ ਤੇ ਕੁਦਰਤੀ ਅਸੂਲਾਂ, ਮੁਤਾਬਿਕ ਜੀਓ। ਜੀਵਨ ਦੀਆਂ ਕੁਝ ਕੁ ਜੁਗਤੀਆਂ ਹਨ, “ਖਾਈਏ ਮਨ ਭਾਉਂਦਾ, ਹੰਢਾਈਏ ਜੱਗ ਭਾਉਂਦਾ”। ਜਿਵੇਂ ਨਰਮਾਈ ਨਾਲ ਗੱਲ ਕਰੋ, ਵਧੀਆ ਪੋਸ਼ਾਕ ਪਾਓ, ਤਾਂ ਕਿ ਸਾਹਮਣੇ ਵਾਲੇ ਤੇ ਵਧੀਆ ਪ੍ਰਭਾਵ ਪਵੇ, ਖਾਣਾ ਢੰਗ ਦਾ ਮਨ ਪਸੰਦੀਦਾ, ਤਰੀਕੇ ਨਾਲ, ਸੁਹਜ ਨਾਲ ਖਾਓ, ਸਬਰ, ਸੰਤੋਖ ਨਾਲ ਕੰਮ ਕਰੋ, ਕਾਹਲੀ ਨਾ ਕਰੋ, ਚੰਗੀ ਸੋਚ ਰੱਖੋ, ਦੂਸਰਿਆਂ ਦੀਆਂ ਬੁਰਾਈਆਂ, ਕਰਨ ਲਈ, ਮਨ ਵਿੱਚ ਵਿਚਾਰ ਨਾ ਲਿਆਓ, ਆਪਣਾ ਵਿਵਹਾਰ, ਸਭ ਨਾਲ ਵਧੀਆ ਬਣਾ ਕੇ ਰੱਖੋ, ਇਮਾਨਦਾਰੀ ਨਾਲ ਕਮਾਈ ਕਰੋ, ਸਮਝਦਾਰੀ ਨਾਲ ਖਰਚੇ ਕਰੋ, ਜਿਸ ਦਾਤੇ ਨੇ, ਮਾਲਕ ਨੇ ਸਾਜਿਆ ਹੈ, ਉਸਦੇ ਸ਼ੁਕਰਗੁਜ਼ਾਰ ਰਹੋ, ਫਿਰ ਤੁਹਾਨੂੰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ ਪਵੇਗੀ।”ਰੱਬ, ਨਾ ਵਿੱਚ ਮੰਦਰਾਂ ਨਾ ਮਸੀਤਾਂ, ਰੱਬ ਉਨ੍ਹਾਂ ਨੂੰ ਮਿਲਦਾ, ਜਿਨ੍ਹਾਂ ਦੀਆਂ ਸਿੱਧੀਆਂ ਹੁੰਦੀਆਂ ਨੀਤਾਂ”। ਅੱਜ ਕੱਲ ਤਾਂ ਯੁੱਗ ਬਦਲ ਗਿਆ ਹੈ, ਕਿਸੇ ਤੋਂ ਮੱਤ, ਲੈਣੀ ਹੀ ਨ੍ਹੀਂ ਚਾਹੁੰਦੇ। ਜੇ ਕੋਈ ਆਪਣੀ, ਸਿੱਖਿਆ ਥੋਪਦਾ ਹੈ, ਉਸਨੂੰ ਮੂਰਖ ਹੀ ਸਮਝਦੇ ਹਨ। “ਵੱਡਾ ਆਇਆ ਸੰਤ ਕਿਤੋਂ ਦਾ”। ਉਪਰੋਕਤ ਕੰਮ ਦੀਆਂ ਗੱਲਾਂ ਵੀ ਸਾਧੂ, ਸੰਤਾਂ,ਰਿਸ਼ੀਆਂ,ਮੁਨੀਆਂ,ਦੀ ਤਪੱਸਿਆ ਸਾਧਨਾ ਅਤੇ ਮਹਾਨ ਗੁਰੂਆਂ ਦੀਆਂ ਸਿੱਖਿਆਵਾਂ ਰਾਹੀਂ ਹੀ ਪ੍ਰਾਪਤ ਹੋਈਆਂ ਹਨ। ਇਕੱਲਾ ਸੁਣ ਲੈਣ ਨਾਲ ਹੀ ਨਹੀਂ, ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਨਾਲ ਹੀ, ਜ਼ਿੰਦਗੀ ਅਨੰਦਦਾਇਕ ਹੋਵੇਗੀ,”ਅਮਲਾਂ ਨਾਲ ਹੋਣਗੇ ਨਿਬੇੜੇ”। ਜੇ ਬਿਰਤੀ ਮੰਦਰਾਂ,ਚਰਚਾਂ ਮਸਜਿਦਾਂ ਗੁਰੂਦੁਆਰਿਆਂ ਵਿੱਚ, ਬੈਠ ਕੇ ਵੀ, ਪ੍ਰਭੂ ਨਾਲ ਨਹੀਂ ਜੁੜਦੀ ਜਾਂ ਸਲੋਕਾਂ ਦੀ ਔਖੀ ਭਾਸ਼ਾ ਸਮਝ ਨਹੀਂ ਪੈਂਦੀ, ਪ੍ਰਚਾਰਕਾਂ ਨੂੰ ਸੁਣਨ ਦੀ ਥਾਂ ਧਿਆਨ ਕਿਧਰੇ ਹੋਰ ਉਚਾਰਟ ਹੋਇਆ ਰਹਿੰਦਾ ਹੈ, ਫਿਰ ਸਿੱਧੀ ਸਾਧੀ ਸਿੱਖਿਆ ਤੇ ਥੋੜਾ ਥੋੜਾ ਅਮਲ ਕਰਕੇ ਆਪਣੀ ਸ਼ਖਸ਼ੀਅਤ ਵਿੱਚ ਵਾਧਾ ਕੀਤਾ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸਾਬਤ ਹੁੰਦੀ ਹੈ। ਸਾਰੇ ਮੁਲਕਾਂ ਦੇ ਢਾਂਚੇ ਵਿਗੜੇ ਪਏ ਹਨ। ਇਕ ਦੂਸਰੇ ਦੇ ਖੇਤਰਾਂ ਤੇ ਕਬਜ਼ਾ ਕਰਨ ਦੀ ਹੋੜ ਲੱਗੀ ਪਈ ਹੈ। ਅਧਿਕਤਰ ਦੇਸ਼ ਛੋਟੇ ਛੋਟੇ ਹਨ ਤੇ ਅੰਤਾਂ ਦੀ ਗਰੀਬੀ ਵਿੱਚੋਂ ਲੰਘ ਰਹੇ ਹਨ ਉਨ੍ਹਾਂ ਦਾ ਬਹੁਤਾ ਬਜਟ ਤਾਂ, ਆਪਣੀ ਹੋਂਦ ਬਚਾਉਣ ਲਈ ਸੁਰੱਖਿਆ, ਤੇ ਖਰਚ ਹੋ ਜਾਂਦਾ ਹੈ। ਕੁਝ ਮੁਲਕਾਂ ਦੇ ਲੀਡਰ, ਜਿਵੇਂ ਅਮਰੀਕਾ ਦਾ ਟਰੰਪ, ਘੜੀ ਘੜੀ ਆਪਣੀ, ਵਪਾਰਿਕ ਪਾਲਸੀ ਦਾ ਡਰਾਵਾ ਦੇ ਕੇ, ਆਪਣੀ ਧੌਂਸ ਜਮਾਉਂਦਾ ਰਹਿੰਦਾ ਹੈ। ਟਰੰਪ ਨੂੰ ਗੁੱਸਾ ਆਉਂਦਾ ਹੈ ਜਦੋਂ ਕਈ ਦੇਸ਼ ਉਸਦੀ ਰਮਜ਼ ਨਹੀਂ ਸਮਝਦੇ। ਬਹੁਤ ਸਾਰੇ ਦੇਸ਼ ਅਮਰੀਕਾ ਨਾਲ ਸੰਧੀਆਂ ਕਰਨ ਲਈ ਕਤਾਰ ਬੰਨ ਕੇ ਖੜੇ ਹਨ। ਨੌਟੰਕੀਆਂ ਕਰਨ ਦੇ ਮਾਹਰ ਦੀ ਪੂਰਬੀ ਦੇਸ਼ਾਂ ਵਿੱਚ ਕੋਈ ਵੁਕਤ ਨਹੀਂ। ਮੱਧ ਏਸ਼ੀਆ ਦੇ ਮੁਸਲਿਮ ਵਸੋਂ ਵਾਲੇ ਲੋਕ ਲੜਾਈ-ਝਗੜੇ ਵਾਲੇ ਹੋਣ ਕਰਕੇ ਆਪਸ ਵਿੱਚ ਹੀ ਲੜਦੇ ਰਹਿੰਦੇ ਹਨ। ਆਮ ਲੋਕਾਂ ਦਾ ਕੋਈ ਧਿਆਨ ਨਹੀਂ। ਡਿਫੈਂਸ ਉੱਤੇ ਸਾਰਾ ਬਜਟ ਖਰਚ ਕਰਕੇ ਉਨਾਂ ਮੁਲਕਾਂ ਵਿੱਚ ਜਨਤਾ ਭੁੱਖਮਰੀ ਨਾਲ, ਰਹਿੰਦੀ- ਖੂੰਹਦੀ ਗੋਲਾਬਾਰੀ, ਮਿਜਾਇਲਾਂ, ਡਰੋਨਾਂ ਨਾਲ ਮਰ ਰਹੀ ਹੈ। ਇਸ ਦਾ ਇਲਾਜ, ਸੱਚੀ-ਸੁੱਚੀ ਕਮਾਈ ਕਰਕੇ, ਰੁੱਖੀ-ਸੁੱਖੀ ਖਾ ਕੇ, ਸਬਰ ਸੰਤੋਖ ਨਾਲ, ਆਪਣੇ ਭਾਈਚਾਰਿਆਂ ਦੀ ਵਿਚਾਰਧਾਰਾ, ਵਧੀਆ ਬਣਾ ਰਹੀਆਂ ਤਾਕਤਾਂ ਨੂੰ, ਪ੍ਰਫੁੱਲਤ ਕਰਕੇ, ਬਾਬੇ ਨਾਨਕ ਦੀ ਸਰਬ- ਧਰਮ ਸਾਂਝੀਵਾਲਤਾ ਵਾਲੀ,ਸੋਚ ਅਪਣਾ ਕੇ, ਢਾਹੂ ਸ਼ਕਤੀਆਂ ਦਾ,ਮੁਕਾਬਲਾ ਕਰਕੇ, ਸਮਾਜ, ਸਟੇਟ ਅਤੇ ਦੇਸ਼ ਨੂੰ ਵਧੀਆ ਸੇਧ ਦਈਏ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639


