HOME ਕੰਨਿਆ ਸਕੂਲ ਰੋਪੜ ਵਿਖੇ ਤਰਕਸ਼ੀਲ ਜਾਦੂਗਰ ਸ਼ੋਅ ਅਤੇ ਬੂਟੇ ਲਗਾ ਕੇ ਮਨਾਇਆ...

ਕੰਨਿਆ ਸਕੂਲ ਰੋਪੜ ਵਿਖੇ ਤਰਕਸ਼ੀਲ ਜਾਦੂਗਰ ਸ਼ੋਅ ਅਤੇ ਬੂਟੇ ਲਗਾ ਕੇ ਮਨਾਇਆ ਜਨਮਦਿਨ

2

11 ਸਾਲ ਦੀ ਪ੍ਰਭਨੂਰ ਕੌਰ ਸਪੁੱਤਰੀ ਰੋਮੀ ਘੜਾਮਾਂ ਦੇ ਜਨਮਦਿਨ ‘ਤੇ ਹਰ ਸਾਲ ਲਗਾਏ ਜਾਂਦੇ ਹਨ ਬੂਟੇ 

ਰੋਪੜ,   (ਸਮਾਜ ਵੀਕਲੀ)  (ਪੱਤਰ ਪ੍ਰੇਰਕ): 06 ਅਗਸਤ ਬੁੱਧਵਾਰ ਨੂੰ ਸ.ਸ.ਸ.ਸ. ਸਕੂਲ (ਕੰਨਿਆ), ਰੋਪੜ ਵਿਖੇ ਖੂਬ ਰੌਣਕਾਂ ਲੱਗੀਆਂ। ਮੌਕਾ ਸੀ ਇੱਥੇ ਹੀ ਛੇਵੀਂ ਜਮਾਤ ਵਿੱਚ ਪੜ੍ਹਦੀ ਬੱਚੀ ਪ੍ਰਭਨੂਰ ਕੌਰ ਦੇ ਜਨਮਦਿਨ ਦਾ। ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਬੱਚੀ ਦੇ ਮਾਪਿਆਂ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਅਤੇ ਹਰਪਿੰਦਰ ਕੌਰ ਡਿੰਪਲ ਵੱਲੋਂ ਇੱਥੇ ਤਰਕਸ਼ੀਲ ਜਾਦੂਗਰ ਸ਼ੌਅ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਸੰਸਾਰ ਪ੍ਰਸਿੱਧ ਤਰਕਸ਼ੀਲ ਜਾਦੂਗਰ ਜਗਦੇਵ ਕੰਮੋਮਾਜਰਾ ਦੀ ਟੀਮ ਨੇ ਇੱਕ ਤੋਂ ਇੱਕ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਰੋਮੀ ਘੜਾਮਾਂ ਨੇ ਤਰਕਸ਼ੀਲ ਸੁਸਾਇਟੀ ਬਾਰੇ ਸੰਖੇਪ ਜਾਣਕਾਰੀ ਅਤੇ ਹਰਨੇਕ ਸਿੰਘ ਚੱਕ ਕਰਮਾ, ਮੁਖੀ ਸਭਿਆਚਾਰਕ ਮਾਮਲੇ ਵਿਭਾਗ, ਇਕਾਈ ਰੋਪੜ ਨੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਜਗਦੇਵ ਕੰਮੋਮਾਜਰਾ ਨੇ ਬੱਚੀਆਂ ਨੂੰ ਜਾਦੂ ਕਲਾ ਬਾਰੇ ਸਮਝਾਉਂਦਿਆਂ ਦੱਸਿਆ ਕਿ ਇਹ ਮਹਿਜ ਇੱਕ ਕਲਾ ਹੈ। ਜਿਸ ਨੂੰ ਬਾਕੀ ਕਲਾਵਾਂ ਵਾਂਗ ਸਿਖਲਾਈ ਤੇ ਅਭਿਆਸ ਰਾਹੀਂ ਸਿਖਿਆ ਜਾਂਦਾ ਹੈ। ਉਨ੍ਹਾਂ ਕੁੱਝ ਜਾਦੂ ਟ੍ਰਿਕਾਂ ਦੀ ਵਿਧੀ ਬਾਰੇ ਸਮਝਾਇਆ ਅਤੇ ਅਜਿਹੇ ਟ੍ਰਿਕਾਂ ਨੂੰ ਕਿਸੇ ਗੈਬੀ-ਸ਼ਕਤੀ ਜਾਂ ਚਮਤਕਾਰ ਆਦਿ ਦੱਸ ਕੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਅਨਸਰਾਂ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਐਤਵਾਰ ਨੂੰ ਪਿੰਡ ਘੜਾਮਾਂ (ਤਹਿ: ਰਾਜਪੁਰਾ) ਵਿਖੇ ਫਲਦਾਰ ਬੂਟੇ ਲਗਾਏ ਗਏ। ਜਿਕਰਯੋਗ ਹੈ ਕਿ ਪ੍ਰਭਨੂਰ ਦੇ ਜਨਮਦਿਨ ਸਮੇਂ ਚਲਦੀ ਮਾਨਸੂਨ ਰੁੱਤ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਹਰ ਸਾਲ ਬੂਟੇ ਲਗਾਏ ਜਾਂਦੇ ਹਨ। ਪਰਿਵਾਰ ਵੱਲੋਂ ਸਭਨਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਬੱਚਿਆਂ ਦੇ ਮਾਨਸੂਨ ਅਤੇ ਬਸੰਤ ਰੁੱਤਾਂ ਵਿਚਕਾਰ ਆਉਂਦੇ ਜਨਮਦਿਨਾਂ ਸਮੇਂ ਬੂਟੇ ਜਰੂਰ ਲਗਾਏ ਜਾਣ। ਇਸ ਮੌਕੇ ਤਰਕਸ਼ੀਲ ਆਗੂ ਅਮਰਨਾਥ, ਸਿਮਰਨਜੀਤ ਸਿੰਘ ਸਿੰਮੀ (ਸਟੈਂਡਰਡ ਰੈਫਰਿਜਰੇਸ਼ਨ), ਅਮ੍ਰਿਤ ਕੌਰ, ਅਮਰ ਸਿੰਘ ਘਨੌਲਾ, ਅਮਰਜੀਤ ਕੌਰ, ਸਕੂਲ ਸਟਾਫ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੂਨਾਈਟਡ ਅਕਾਲੀ ਦਲ ਦੀ ਮੀਟਿੰਗ ਵਿੱਚ ਸੈਂਕੜੇ ਵਰਕਰਾਂ ਨੇ ਭਾਗ ਲਿਆ
Next articleਬਲਾਕ ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ ਦੀ ਇਕਾਈ ਦਾ ਗਠਨ