(ਸਮਾਜ ਵੀਕਲੀ)
ਮਿਹਨਤੀ ਪੰਜਾਬ ਦੀਆਂ ਮਾਣ ਕੁੜੀਆਂ
ਪੜ੍ਹ ਲਿਖ ਅੱਗੇ ਵੱਲ ਜਾਣ ਕੁੜੀਆਂ ।
ਮਿਹਨਤਾਂ ਦੇ ਨਾਲ ਅਸਮਾਨ ਛੂੰਹਦੀਆਂ,
ਅੰਬਰਾਂ,’ਚੁ ਉਡਾਰੀਆਂ ਵੀ ਲਉਣ ਕੁੜੀਆਂ।
ਪੜ੍ਹ ਲਿਖ ਉੱਚੀ ਕਰੀ, ਪੱਗ ਬਾਪੂ ਦੀ,
ਵਾਰੇ ਵਾਰੇ ਮਾਪਿਆਂ ਤੋਂ, ਜਾਣ ਕੁੜੀਆਂ।
ਅਫ਼ਸਰ,ਨੇਤਾ ਕਈ ਸਟਾਰ ਬਣੀਆਂ,
ਖੇਡਾਂ ਵਿੱਚ ਬਹੁਤ ਪੱਬਾਂ ਭਾਰ ਕੁੜੀਆਂ।
ਹੱਸ-ਹੱਸ ਦੁੱਖਾਂ ਨਾਲ ਲੈਣ ਟੱਕਰਾਂ ,
ਮੰਨਦੀਆਂ ਕਦੇ ਨਾ,ਇਹ ਹਾਰ ਕੁੜੀਆਂ।
ਸੱਚੇ ਦਿਲੋਂ ਸਾਰੇ ਇਹ, ਨਿਭਾਉਣ ਰਿਸ਼ਤੇ,
ਨਾ ਹੀ, ਚੋਰ-ਠੱਗ ਤੇ ਗ਼ਦਾਰ ਕੁੜੀਆਂ ।
ਖੁਸ਼ੀ ਗਮੀ ਹਾਸੇ ਇਹ, ਵਾਰ ਜਾਂਦੀਆਂ,
ਵੀਰਾਂ ਦੇ ਇਹ ਸ਼ਗਨ, ਮਨਾਉਂਣ ਕੁੜੀਆਂ।
ਮਿਹਨਤਾਂ ਦੇ ਨਾਲ ਮੰਜ਼ਲਾਂ ਤੇ ਪਹੁੰਚ ਕੇ,
ਜ਼ਿੰਦਗੀ ਨੂੰ, ਚਾਰ ਚੰਨ, ਲਾਉਣ ਕੁੜੀਆਂ ।
ਸਾਦਗੀ ਪਸੰਦ ਫੈਸ਼ਨਾ ਤੋਂ ਪਰੇ ਨੇ,
ਚੰਗਾ ਨਾਮ, ਜੱਗ ਤੇ ਕਮਾਉਂਣ ਕੁੜੀਆਂ।
ਬੋਲ ਮਿੱਠੇ ਬੋਲ ਸਤਿਕਾਰ ਲੈਂਦੀਆਂ ,
ਅੰਦਰੋਂ ਤੇ ਨਾਲੇ ,ਘਰੋਂ ਬਾਹਰ ਕੁੜੀਆਂ ।
ਸੂਟ ਪੰਜਾਬੀ ਨਾਲ਼, ਗੁੱਤਾ ਲੰਮੀਆਂ,
ਘੱਗਰੇ ਨਾਲ਼ ਜੁੱਤੀ ਸੋਹਣੀ, ਪਾਉਣ ਕੁੜੀਆਂ।
ਦੇਸ਼ ਬੇਗਾਨੇ ਜਾ ਕੇ ਲਖ ਵਸੀਆ,
ਪਰ ਵਿਰਸਾ ਨਾ ਮਨਾਂ ਚੋਂ, ਭੁਲਾਉਣ ਕੁੜੀਆਂ।
ਗਿੱਧੇ ਵਿੱਚ ਆਕੇ ਇਹ ਪਾਉਂਣ ਭੜਥੂ,
ਅੱਡੀ ਨਾਲ਼ ਧਰਤ ਹਿਲਾਉਣ ਕੁੜੀਆਂ।
ਦੇਸ਼ ਸੇਵਾ ਵਿੱਚ ਇਹਨਾਂ ਨਾਮ ਖੱਟਿਆ,
ਬਾਡਰ ਤੇ ਗੋਲੇ ਵੀ, ਵਰ੍ਹਾਉਣ ਕੁੜੀਆਂ।
ਕੁਸ਼ਤੀ, ਕਬੱਡੀ, ਦੱਸੋ ਖੇਡ ਕਿਹੜੀ ਆ,
ਜਿਸ ਵਿੱਚ ਅੱਗੇ ਨਾ ਇਹ, ਆਉਣ ਕੁੜੀਆਂ।
ਉੱਚੇ-ਉੱਚੇ ਅਹੁਦਿਆਂ ਤੇ ਆਣ ਬੈਠੀਆਂ,
ਜੱਜ ਬਣ ਫ਼ੈਸਲਾ, ਸੁਣਾਉਣ ਕੁੜੀਆਂ।
ਹੀਰ,ਸੱਸੀ,ਸੋਹਣੀ ਵੀ ਇਹ ਬਣ ਜਾਂਦੀਆਂ,
ਰਾਣੀ ਝਾਂਸੀ ਬਣਕੇ ਵੀ, ਆਉਣ ਕੁੜੀਆਂ।
ਸੰਦੀਪ ਧੀਆਂ ਉੱਤੋਂ ਜਿੰਦ ਜਾਨ ਵਾਰਦਾ,
ਸਦਾ-ਸੁਖੀ ਜੱਗ ਤੇ ਜਿਊਣ, ਕੁੜੀਆਂ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017


