ਗ਼ਜ਼ਲ

ਜਗਦੀਸ਼ ਰਾਣਾ

(ਸਮਾਜ ਵੀਕਲੀ)

 

ਪੂਰਨਮਾਸ਼ੀ ਦੀ ਰਾਤ ਜਦੋਂ ਨੇਰ੍ਹਾ ਪਾਉਂਦੀ ਆਪੇ।
ਓਦੋਂ ਟੁੱਟਦਾ ਤਾਰਾ ਮੈਨੂੰ ਮੇਰੇ ਵਰਗਾ ਜਾਪੇ।

ਸੂਲਾਂ ਉੱਤੇ ਨੱਚਦੀ ਤਿੱਤਲੀ ਪੁੱਛੇ ਫੁੱਲਾਂ ਕੋਲੋਂ,
ਸਾਡੇ ਹਾਸੇ ਜ਼ਖ਼ਮੀ ਕਿਉਂ ਹਨ ਸਾਡੇ ਖ਼ਾਬ ਸਰਾਪੇ ?

ਪਰਦੇਸਾਂ ਵਿੱਚ ਕਰਨ ਕਮਾਈ ਲੁਕ ਛਿਪ ਕੇ ਪਹੁੰਚੇ ਜਦ,
ਸਿਰ ਮੁੰਡਾਉਂਦੇ ਓਲ਼ੇ ਪਏ ਜਦ ਪਏ ਸਰਕਾਰੀ ਛਾਪੇ।

ਚਿੜੀਆਂ ਦੇ ਚੰਬੇ ਨੇ ਜਦ ਦੀ ਮਾਰੀ ਦੂਰ ਉਡਾਰੀ,
ਬਾਗ਼ ਬਗ਼ੀਚੇ ਸੁੰਨੇ ਹੋਏ ਖ਼ਲਕਤ ਰੋਂਦੀ ਜਾਪੇ।

ਜੇਕਰ ਸਭ ਕੁਝ ਠੀਕ ਹੈ ਤਾਂ ਫਿਰ ਏਨਾ ਤਾਂ ਸਮਝਾਵੀਂ,
ਵਰਖਾ ਰੁੱਤ ਵਿੱਚ ਕਿਉਂ ਪਪੀਹਾ ਪਿਆਸ ਦਾ ਰਾਗ ਅਲਾਪੇ.?

ਤਿਲ-ਤਿਲ ਕਰਕੇ ਜੀਣ ਤੋਂ ਚੰਗਾ ਅਣਖ ਦੀ ਮੌਤੇ ਮਰਨਾ,
ਬਚਪਨ ਤੋਂ ਸਮਝਾਉਂਦੇ ਆਏ ਮੈਨੂੰ ਮੇਰੇ ਮਾਪੇ।

ਅਪਣੇ ਕੁਨਬੇ ਨੂੰ ਵਡਿਆਵੇ ਉਸ ਦਾ ਹਾਲ ਤਾਂ ਇਹ ਹੈ,
ਆਪੇ ਮੇਰੇ ਬੱਚੇ ਜੀਣ ਮੈਂ ਰੱਜੀ ਪੁੱਜੀ ਆਪੇ।

ਪੱਗਾਂ ਦੀ ਰਖਵਾਲੀ ਵਾਲ਼ੇ ਪੱਗਾਂ ਨਿੱਤ ਉਛਾਲਣ,
ਧਰਮ ਸਥਾਨੀਂ ਗੋਲਕ ਪਿੱਛੇ ਪੈਂਦੇ ਰੋਜ਼ ਸਿਆਪੇ।

ਕਾਲ਼ੇ ਹੋਏ ਚਿੱਟੇ ਪਰ ਤੂੰ ਪਰਦੇਸੋਂ ਨਾ ਆਇਆਂ,
ਮੈਂ ਬਿਰਹਣ ਦੇ ਦਰਦਾਂ ਨੂੰ ਹੁਣ ਕੌਣ ਜ਼ਰੀਬ ਲੈ ਨਾਪੇ?

ਕਾਲ਼ੇ ਦਿਨ ਜਦ ਚੇਤੇ ਆਉਂਦੇ ਰੂਹ ਤਕ ਕੰਬ ਹੈ ਜਾਂਦੀ,
ਫਿਰ ਨਾ ਪਰਤ ਕੇ ਆਵਣ ਰਾਣੇ ਉਹ ਦਿਨ ਰਾਤ ਸਰਾਪੇ।

ਜਗਦੀਸ਼ ਰਾਣਾ

ਸੰਪਰਕ – 7986207849

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੈਰੀਅਤ
Next article” ਲੋਕ-ਗੀਤਾਂ‌ ਵਰਗੇ ਅਧਿਆਪਕ”