(ਸਮਾਜ ਵੀਕਲੀ)
ਪਿੰਜਰਾ ਇਹ ਤੋੜ ਸੁੱਟ, ਹੌਸਲਾ ਨਾ ਹਾਰ ਤੂੰ।
ਪੰਛੀਆ ਉਡਾਨ ਭਰ ,ਖੰਭ ਲੈ ਖਿਲਾਰ ਤੂੰ।
ਅਣਖ ਨਾਲ਼ ਜ਼ਿੰਦਗੀ ਹੈ ਗੁਜ਼ਾਰਨੀ ਅਗਰ,
ਜ਼ੁਲਮ ਰੋਕਣਾ ਅਗਰ,ਚੁੱਕ ਲੈ ਕਟਾਰ ਤੂੰ।
ਅੰਬਰਾਂ ਨੂੰ ਟਾਕੀਆਂ ਲਾਉਣੀਆਂ ਨਾ ਔਖੀਆਂ,
ਹਿੰਮਤਾਂ ਦੇ ਘੋੜੇ ਤੇ ਹੋ ਜ਼ਰਾ ਸਵਾਰ ਤੂੰ।
ਫ਼ਲਸਫ਼ੀ ਕਹੇ ਸਦਾ ਨਾ ਕਿਤੇ ਕੋਈ ਖ਼ੁਦਾ,
ਫ਼ਲਸਫ਼ੀ ਨੂੰ ਕਹਿ ਦਵੋ ਮਨ ਚ ਝਾਤ ਮਾਰ ਤੂੰ।
ਜਾਨ-ਜਾਨ ਕਹਿ ਕੇ ਜੋ,ਹੈ ਪਰਾਇਆ ਹੋ ਗਿਆ,
ਉਸ ਪਰਾਈ ਜਾਨ ਤੋਂ, ਜਾਨ ਹੁਣ ਨਾ ਵਾਰ ਤੂੰ।
ਆਪਣਾ ਕੋਈ ਨਹੀਂ,ਆਪਣੇ ਬਿਨਾਂ ਜਦੋਂ,
ਆਸ ਰੱਖ ਨਾ ਹੋਰ ਤੋਂ, ਜਿਉਂ ਸਰੇ ਲੈ ਸਾਰ ਤੂੰ।
ਪੌਣ ਪਾਣੀ ਗੰਧਲੇ ਕਰ ਰਿਹਾ ਏਂ ਆਪ ਹੀ,
ਆਪ ਹੀ ਮਿਟਾ ਰਿਹਾਂ ਆਪਣਾ ਸੰਸਾਰ ਤੂੰ।
ਹੋਸ਼ ਕਰ ਓ ਮਾਲੀਆ,ਖ਼ੌਫ਼ ਕੁਝ ਤਾਂ ਖਾ ਕਦੇ,
ਬਾਗ਼ ਸੁੱਕ ਗਿਆ ਮਗਰ ਆਖਦੈਂ ਬਹਾਰ ਤੂੰ।
ਰੁੱਖ ਹਵਾ ਦਾ ਦੇਖ ਕੇ,ਯਾਰ ਵੀ ਬਦਲ ਗਏ,
ਆਖਦੇ ਐ ਰਾਣਿਆ ਆਰ ਤੂੰ ਨਾ ਪਾਰ ਤੂੰ।
ਜਗਦੀਸ਼ ਰਾਣਾ
ਸੋਫ਼ੀ ਪਿੰਡ
ਜਲੰਧਰ -144024.
9872630635
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly