(ਸਮਾਜ ਵੀਕਲੀ)
ਜੇ ਉਸ ਦੀ ਤਕਦੀਰ ਬਣਾਂ ਮੈਂ।
ਸ਼ਾਹੋਂ ਫੇਰ ਫ਼ਕੀਰ ਬਣਾਂ ਮੈਂ।
ਉਹ ਹੋਵੇ ਜੇ ਰਾਂਝੇ ਵਰਗਾ,
ਸਿਆਲਾਂ ਦੀ ਫਿਰ ਹੀਰ ਬਣਾਂ ਮੈਂ।
ਖ਼ੁਦ ਰਾਹਾਂ ‘ਚੋਂ ਮੇਖਾਂ ਚੁੱਗ ਕੇ,
ਅਪਣੇ ਲਈ ਤਦਬੀਰ ਬਣਾਂ ਮੈਂ।
ਮਾਸੂਮ ਦਿਲਾਂ ਦੀ ਧੜਕਣ ਬਣ ਕੇ,
ਪਿਆਰਾਂ ਦੀ ਤਾਸੀਰ ਬਣਾਂ ਮੈਂ।
ਹਾਸੇ ਵੰਡਾ ਚਾਰ ਚੁਫੇਰੇ,
ਕਿਉਂ ਅੱਖੀਆਂ ਦਾ ਨੀਰ ਬਣਾਂ ਮੈਂ।
ਤਨਹਾਈਆਂ ਤੋਂ ਕਬਜ਼ਾ ਛੱਡ ਕੇ,
ਖ਼ੁਸ਼ੀਆਂ ਦੀ ਜਾਗੀਰ ਬਣਾਂ ਮੈਂ।
ਕਾਸ਼! ਜ਼ਮੀਰਾਂ ਮਰੀਆਂ ਜਾਗਣ,
ਉਹ ਬੇਬਾਕ ਨਜ਼ੀਰ ਬਣਾਂ ਮੈਂ।
ਦੁਸ਼ਮਣ ਖ਼ਾਤਰ ਖ਼ੌਫ਼ ਬਣੇ ਜੋ ,
ਉਹ ਤਿੱਖੀ ਸ਼ਮਸ਼ੀਰ ਬਣਾਂ ਮੈਂ।
ਹਿੰਮਤ ਕਰਕੇ ਤੁਰਦੀ ਜਾਂਵਾਂ,
ਜ਼ੁਲਮ ਦੇ ਪੈਰ ਜ਼ੰਜੀਰ ਬਣਾਂ ਮੈਂ
ਅੰਜੂ ਸਾਨਿਆਲ