ਜਰਮਨੀ ਦੀ ਪੁਲੀਸ ਨੇ ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ: ਮੁਲਤਾਨੀ

 

  • ਐੈੱਸਐੱਫਜੇ ਵੱਲੋਂ ਜਾਰੀ ਵੀਡੀਓ ’ਚ ਕਲੀਨਸ਼ੇਵ ਮੁਲਤਾਨੀ ਨੂੰ ਸਵਾਲ-ਜਵਾਬ ਕਰਦਾ ਨਜ਼ਰ ਆਇਆ ਪੰਨੂ
  • ਜਾਂਚ ਏਜੰਸੀਆਂ ਚੌਕਸ ਹੋਈਆਂ

ਲੁਧਿਆਣਾ, (ਸਮਾਜ ਵੀਕਲੀ):  ਲੁਧਿਆਣਾ ਦੇ ਕਚਹਿਰੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਤਾਰ ਜਰਮਨੀ ਬੈਠੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਨਾਲ ਜੁੜੇ ਹੋਣ ਤੇ ਜਰਮਨ ਪੁਲੀਸ ਵੱਲੋਂ ਮੁਲਤਾਨੀ ਨੂੰ ਗ੍ਰਿਫ਼ਤਾਰ ਕਰਨ ਦੇ ਦਾਅਵਿਆਂ ਤੋਂ ਇਕ ਦਿਨ ਮਗਰੋਂ ਅੱਜ ਇਸ ਪੂਰੇ ਘਟਨਾਕ੍ਰਮ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨਾਲ ਨਵਾਂ ਮੋੜ ਆ ਗਿਆ। ਵੀਡੀਓ ਵਿੱਚ ਐੱਸਐੱਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਨਾਲ ਬੈਠੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਸਵਾਲ ਜਵਾਬ ਕਰਦਾ ਨਜ਼ਰ ਆ ਰਿਹਾ ਹੈ। ਪੰਨੂ ਨੇ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਮੁਲਤਾਨੀ ਨੂੰ ਨਾ ਗ੍ਰਿਫ਼ਤਾਰ ਤੇ ਨਾ ਹੀ ਹਿਰਾਸਤ ਵਿੱਚ ਲਿਆ ਗਿਆ ਹੈ ਬਲਕਿ ਉਹ ਆਪਣੇ ਘਰ ਵਿੱਚ ਹੈ। ਇਹ ਵੀਡੀਓ ਮੰਗਲਵਾਰ ਦੀ ਦੱਸੀ ਜਾ ਰਹੀ ਹੈ। ਕਰੀਬ ਤਿੰਨ ਮਿੰਟ ਦੀ ਇਸ ਵੀਡੀਓ ’ਚ ਪੰਨੂ ਖੁਦ ਮੇਜ਼ਬਾਨ ਬਣ ਮੁਲਤਾਨੀ ਦਾ ਇੰਟਰਵਿਊ ਲੈ ਰਿਹਾ ਹੈ। ਸੂਤਰਾਂ ਮੁਤਾਬਕ ਵੀਡੀਓ ਜਾਰੀ ਹੋਣ ਤੋਂ ਬਾਅਦ ਤਫ਼ਤੀਸ਼ੀ ਏਜੰਸੀਆਂ ਚੌਕਸ ਹੋ ਗਈਆਂ ਹਨ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਕਿੱਥੋਂ ਜਾਰੀ ਕੀਤੀ ਗਈ ਹੈ।

ਵੀਡੀਓ ਵਿੱਚ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਪਿੱਛੇ ਇੱਕ ਨਕਸ਼ਾ ਲਾਇਆ ਹੋਇਆ ਹੈ। ਨਕਸ਼ੇ ਵਿੱਚ ਪੰਜਾਬ ਨੂੰ ਖਾਲਿਸਤਾਨ ਵਜੋਂ ਦਿਖਾਇਆ ਗਿਆ ਹੈ ਤੇ ਆਸਪਾਸ ਜੰਮੂ ਕਸ਼ਮੀਰ, ਨੇਪਾਲ ਤੇ ਪਾਕਿਸਤਾਨ ਵੀ ਨਜ਼ਰ ਆਉਂਦੇ ਹਨ। ਇਸ ਦੇ ਨਾਲ ਦੂਸਰੇ ਫਰੇਮ ’ਚ ਇੱਕ ਨੌਜਵਾਨ ਮੌਜੂਦ ਹੈ, ਜੋ ਖੁਦ ਨੂੰ ਜਸਵਿੰਦਰ ਸਿੰਘ ਮੁਲਤਾਨੀ ਦੱਸਦਾ ਹੈ। ਲੰਘੇ ਦਿਨ ਜਿਹੜੀ ਫੋਟੋ ਰਿਲੀਜ਼ ਹੋਈ ਸੀ, ਉਸ ਵਿੱਚ ਮੁਲਤਾਨੀ ਨੇ ਦਾੜ੍ਹੀ ਰੱਖੀ ਸੀ ਤੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਸੀ, ਜਿਸ ’ਚ 2020 ਲਿਖਿਆ ਸੀ। ਵੀਡੀਓ ’ਚ ਜਸਵਿੰਦਰ ਸਿੰਘ ਮੁਲਤਾਨੀ ਕਲੀਨਸ਼ੇਵ ਹੈ ਤੇ ਉਸ ਨੇ ਉਹੀ 2020 ਲਿਖੀ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਵੀਡੀਓ ਵਿੱਚ ਪੰਨੂ, ਜਸਵਿੰਦਰ ਸਿੰਘ ਮੁਲਤਾਨੀ ਦਾ ਹਾਲ ਪੁੱਛਦਾ ਹੈ ਤੇ ਕਹਿੰਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਤੇ ਕੌਮ ਨੂੰ ਦੱਸੇ ਕਿ ਉਹ ਮੰਗਲਵਾਰ ਨੂੰ ਕਿੱਥੇ ਹੈ ਤੇ ਕੀ ਕਰ ਰਿਹਾ ਹੈ। ਇਸ ਦੇ ਜਵਾਬ ਵਿੱਚ ਮੁਲਤਾਨੀ ਕਹਿੰਦਾ ਹੈ ਕਿ ਉਹ ਮੰਗਲਵਾਰ ਨੂੰ ਆਪਣੇ ਘਰ ’ਚ ਹੈ ਤੇ ਸਹੀ ਸਲਾਮਤ ਹੈ।

ਪੰਨੂ ਫਿਰ ਸਵਾਲ ਕਰਦਾ ਹੈ ਕਿ ਜਸਵਿੰਦਰ ਜੀ ਤੁਹਾਡੇ ’ਤੇ ਪੰਜਾਬ ਵਿੱਚ ਜਿਹੜੇ ਦੋਸ਼ ਲੱਗੇ ਹਨ, ਉਸ ਦਾ ਕੀ ਮਕਸਦ ਹੈ? ਮੁਲਤਾਨੀ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਾ ਹੋਇਆ ਕਹਿੰਦਾ ਹੈ ਕਿ ਉਹ ਜਰਮਨੀ ’ਚ ਹੀ ਹੈ। ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਹਰ ਸਮੇਂ ਸਰਕਾਰ ਨਾਲ ਉਨ੍ਹਾਂ ਦੀ ਗੱਲ ਹੁੰਦੀ ਹੈ। ਉਹ ਹੁਣ ਵੀ ਘਰ ’ਚ ਹੀ ਮੌਜੂਦ ਹੈ। ਜਸਵਿੰਦਰ ਸਿੰਘ ਕਹਿੰਦਾ ਹੈ ਕਿ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਕਈ ਮੁਲਕਾਂ ਵਿੱਚ ਰੈਫਰੈਂਡਮ (ਲੋਕਮੱਤ) ਲਈ ਵੋਟਾਂ ਦਾ ਅਮਲ ਜਾਰੀ ਹੈ, ਜਿਸ ਕਰਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਹ ਵੀਡੀਓ ਵੱਖ ਵੱਖ ਵਿਦੇਸ਼ੀ ਨੰਬਰਾਂ ਦੇ ਜ਼ਰੀਏ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਲੋਕਾਂ ਨੂੰ ਆ ਰਹੀ ਹੈ।

ਯੂਟਿਊਬ ਤੋਂ ਹਟਾਈ ਗਈ ਵੀਡੀਓ

ਪੰਨੂ ਤੇ ਮੁਲਤਾਨੀ ਦੀ ਇਸ ਵੀਡੀਓ ਨੂੰ ਕੁਝ ਹੀ ਘੰਟਿਆਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਜੇਕਰ ਕੋਈ ਇਸ ਵੀਡੀਓ ਦੇ ਲਿੰਕ ਨੂੰ ਖੋਲ੍ਹਦਾ ਹੈ ਤਾਂ ਉੱਤੇ ਲਿੱਖਿਆ ਆਉਂਦਾ ਹੈ ਕਿ ਸਰਕਾਰ ਦੀ ਲੀਗਲ ਸ਼ਿਕਾਇਤ ਤੋਂ ਬਾਅਦ ਇਸ ਵੀਡੀਓ ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ ਇਸ ਵੀਡੀਓ ਬਾਰੇ ਕੋਈ ਵੀ ਅਧਿਕਾਰਤ ਤੌਰ ’ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਰੱਗਜ਼ ਮਾਮਲਾ: ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ 5 ਜਨਵਰੀ ਤੱਕ ਟਲੀ
Next articleਜ਼ਮੀਨ ਦੇ ਕਬਜ਼ੇ ਮੌਕੇ ਪੁਲੀਸ ਤੇ ਲੋਕਾਂ ਵਿਚਾਲੇ ਝੜਪ