ਨਾਨੀ ਦੀਆਂ ਬਾਤਾਂ ਚੋਂ

ਹਰਪ੍ਰੀਤ ਕੌਰ ਸੰਧੂ
         (ਸਮਾਜ ਵੀਕਲੀ)
ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਪਰਮਾਤਮਾ ਨੂੰ ਮੰਨਣ ਵਾਲੇ ਜੀਅ ਸੀ। ਉਨਾਂ ਨੇ ਪਰਮਾਤਮਾ ਦੀ ਬੜੀ ਭਗਤੀ ਕੀਤੀ। ਇੱਕ ਦਿਨ ਦੇਵਤਾ ਪ੍ਰਗਟ ਹੋਇਆ ਤੇ ਉਹਨਾਂ ਨੂੰ ਕਿਹਾ ਕੋਈ ਵਰ ਮੰਗੋ। ਉਨਾਂ ਦੇਵਤਾ ਤੋਂ ਸਤ ਸੰਤੋਖ ਤੇ ਖੁਸ਼ਹਾਲੀ ਦਾ ਵਰ ਮੰਗ ਲਿਆ। ਘਰ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ।
ਸਾਹਮਣੇ ਇੱਕ ਹੋਰ ਪਰਿਵਾਰ ਰਹਿੰਦਾ ਸੀ। ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਸੋਚਿਆ ਕਿਉਂ ਨਾ ਅਸੀਂ ਵੀ ਭਗਤੀ ਕਰੀਏ। ਪਤੀ ਪਤਨੀ ਤੇ ਪੁੱਤ ਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਬੜੀ ਨੇਚਾ ਨਾਲ ਭਗਤੀ ਕੀਤੀ। ਦੇਵਤਾ ਪ੍ਰਗਟ ਹੋ ਗਿਆ। ਦੇਵਤਾ ਨੇ ਤਿੰਨਾਂ ਨੂੰ ਇੱਕ ਇੱਕ ਵਰ ਦਿੱਤਾ ਤੇ ਕਿਹਾ ਕਿ ਉਹ ਜੋ ਵੀ ਮੰਗਣਗੇ ਉਹ ਇੱਛਾ ਉਹਨਾਂ ਦੀ ਪੂਰੀ ਹੋ ਜਾਵੇਗੀ।
ਫਿਰ ਕੀ ਸੀ ਔਰਤ ਨੂੰ ਹਮੇਸ਼ਾ ਤੋਂ ਖਾਹਿਸ਼ ਸੀ ਬਹੁਤ ਸੁੰਦਰ ਹੋਣ ਦੀ। ਉਸਨੇ ਤੁਰੰਤ  ਆਪਣੀ ਇੱਛਾ ਜਾਹਿਰ ਕੀਤੀ ਕਿ ਮੈਂ ਬਹੁਤ ਖੂਬਸੂਰਤ ਰਾਜਕੁਮਾਰੀ ਵਰਗੀ ਬਣ ਜਾਵਾਂ। ਕੁਝ ਪਲਾਂ ਵਿੱਚ ਹੀ ਉਸਦਾ ਕਾਇਆਕਲਪ ਹੋ ਗਿਆ। ਉਹ ਇੱਕ ਖੂਬਸੂਰਤ ਨੌਜਵਾਨ ਯੁਵਤੀ ਬਣ ਗਈ। ਪਤੀ ਤੇ ਪੁੱਤ ਨੇ ਮੱਥੇ ਤੇ ਹੱਥ ਮਾਰਿਆ ਕਿ ਇਹ ਇਹਨੇ ਕੀ ਮੰਗ ਲਿਆ।
ਕੁਝ ਦਿਨ ਬਾਅਦ ਉਹ ਔਰਤ ਸੜਕ ਤੇ ਜਾ ਰਹੀ ਸੀ ਤਾਂ ਇੱਕ ਰਾਜਕੁਮਾਰ ਆਪਣੇ ਰੱਥ ਵਿੱਚ ਨਿਕਲਿਆ। ਰਾਜਕੁਮਾਰ ਦੀ ਨਜ਼ਰ ਜਦੋਂ ਉਸ ਸੁੰਦਰੀ ਤੇ ਪਈ ਤਾਂ ਉਸਦਾ ਮਨ ਡੋਲ ਗਿਆ। ਉਸਨੇ ਸੋਚਿਆ ਇੰਨੀ ਸੁੰਦਰ ਇਸਤਰੀ ਤਾਂ ਮੇਰੀ ਰਾਣੀ ਹੋਣੀ ਚਾਹੀਦੀ ਹੈ। ਉਸਨੇ ਆਪਣੇ ਸੈਨਿਕਾਂ ਨੂੰ ਕਿਹਾ ਤੇ ਉਸ ਔਰਤ ਨੂੰ ਆਪਣੇ ਰੱਥ ਵਿੱਚ ਬਿਠਾ ਲਿਆ। ਪਤੀ ਨੇ ਜਦੋਂ ਪਿੱਛੋਂ ਦੇਖਿਆ ਤਾਂ ਬਥੇਰੀਆਂ ਆਵਾਜ਼ਾਂ ਮਾਰੀਆਂ। ਉਹ ਕਹੇ ਇਹ ਮੇਰੀ ਪਤਨੀ ਹੈ ਪਰ ਰਾਜਕੁਮਾਰ ਕਿੱਥੋਂ ਮੰਨੇ। ਰਾਜਕੁਮਾਰ ਨੇ ਸੋਚਿਆ ਇੰਨੀ ਸੁੰਦਰ ਇਸਤਰੀ ਇਸਦੀ ਪਤਨੀ ਕਿਵੇਂ ਹੋ ਸਕਦੀ ਹੈ। ਰਾਜਕੁਮਾਰ ਰੱਥ ਲੈ ਕੇ ਆਪਣੇ ਮਹਿਲ ਵੱਲ ਚੱਲ ਪਿਆ।
ਪਤੀ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਆਪਣੀ ਇੱਛਾ ਪੂਰਨ ਕਰਨ ਲਈ ਦੇਵਤਾ ਨੂੰ ਧਿਆਇਆ।  ਉਸਨੇ ਗੁੱਸੇ ਵਿੱਚ ਕਿਹਾ ਕਿ ਮੇਰੀ ਪਤਨੀ ਦਾ ਮੂੰਹ ਸੂਰੀ ਦਾ ਹੋ ਜਾਵੇ। ਵਰ ਤਾਂ ਪਹਿਲਾਂ ਹੀ ਮਿਲਿਆ ਹੋਇਆ ਸੀ ਇੱਛਾ ਪੂਰੀ ਹੋ ਗਈ। ਇਸਤਰੀ ਦਾ ਮੂੰਹ ਸੂਰੀ ਦਾ ਹੋ ਗਿਆ ਪਰ ਉਸਨੂੰ ਕੁਝ ਪਤਾ ਨਾ ਲੱਗਾ। ਰਾਜਕੁਮਾਰ ਦੇ ਮਨ ਵਿੱਚ ਆਇਆ ਕਿ ਉਸ ਸੁੰਦਰ ਇਸਤਰੀ ਨੂੰ ਇੱਕ ਵਾਰ ਫੇਰ ਵੇਖਿਆ ਜਾਵੇ। ਉਸਨੇ ਰੱਥ ਰੁਕਵਾਇਆ ਤੇ ਜਦੋਂ ਉਸ ਸੁੰਦਰ ਇਸਤਰੀ ਦੇ ਮੂੰਹ ਵੱਲ ਦੇਖਿਆ ਤਾਂ ਹੈਰਾਨ ਰਹਿ ਗਿਆ। ਕਿ ਇੱਕ ਨਿਹਾਇਤ ਬਦਸੂਰਤ ਸੂਰੀ ਦੇ ਮੂੰਹ ਵਾਲੀ ਔਰਤ ਬੈਠੀ ਸੀ। ਰਾਜਕੁਮਾਰ ਨੇ ਧੱਕਾ ਦੇ ਕੇ ਉਸਨੂੰ ਆਪਣੇ ਰੱਥ ਵਿੱਚੋਂ ਸੁੱਟ ਦਿੱਤਾ ਤੇ ਉਹ ਰੱਥ ਲੈ ਕੇ ਆਪਣੇ ਮਹਿਲ ਵੱਲ ਚੱਲ ਪਿਆ।
ਪਿਓ ਪੁੱਤਰ ਔਰਤ ਦੀ ਖੋਜ ਵਿੱਚ ਪਿੱਛੇ ਪਿੱਛੇ ਆ ਰਹੇ ਸਨ। ਉਹਨਾਂ ਵੇਖਿਆ ਕਿ ਉਹ ਸੜਕ ਦੇ ਇੱਕ ਕਿਨਾਰੇ ਬੈਠੀ ਹੈ। ਜਦੋਂ ਪੁੱਤ ਨੇ ਆਪਣੀ ਮਾਂ ਦਾ ਮੂੰਹ ਦੇਖਿਆ ਤਾਂ ਉਸ ਬਹੁਤ  ਦੁਖੀ ਹੋਇਆ। ਉਸ ਕੋਲ ਇੱਕ ਵਾਰ ਬਾਕੀ ਸੀ। ਉਸਨੇ ਦੇਵਤਾ ਨੂੰ ਧਿਆਇਆ ਤੇ ਕਿਹਾ ਕਿ ਮੇਰੀ ਮਾਂ ਪਹਿਲਾਂ ਵਰਗੀ ਹੋ ਜਾਵੇ। ਉਸ ਦੀ ਇੱਛਾ ਪੂਰੀ ਹੋ ਗਈ ਤੇ ਉਸ ਦੀ ਮਾਂ ਪਹਿਲਾਂ ਵਰਗੀ ਹੋ ਗਈ। ਤਿੰਨੋ ਵਾਪਸ ਆਪਣੇ ਘਰ ਆ ਗਏ।
ਮੰਗਣਾ ਵੀ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਇਨਸਾਨ ਆਪਣੀਆਂ ਭਾਵਨਾਵਾਂ ਦੇ ਵਸ਼ ਅਜਿਹੀਆਂ ਇੱਛਾਵਾਂ ਰੱਖਦਾ ਹੈ ਜਿਨਾਂ ਨਾਲ ਉਸਦਾ ਕੋਈ ਫਾਇਦਾ ਨਹੀਂ ਹੁੰਦਾ। ਪਰ ਇਸ ਗੱਲ ਦੀ ਸਮਝ ਆਉਣ ਵਿੱਚ ਉਸਨੂੰ ਬਹੁਤ ਸਮਾਂ ਲੱਗ ਜਾਂਦਾ ਹੈ। ਲੰਘ ਜਾਣ ਤੋਂ ਪਿੱਛੋਂ ਕੋਈ ਫਾਇਦਾ ਨਹੀਂ ਹੁੰਦਾ। ਕਹਿੰਦੇ ਨੇ ਫਿਰ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ। ਇਸ ਤਰ੍ਹਾਂ ਉਹਨਾ ਦੇ ਤਿੰਨੋਂ ਵਰ ਜ਼ਾਇਆ ਗਏ।
ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਕਹਾਣੀ ” “ਤੇਰਾ ਤੇ ਵਰਕਾ ਹੀ ਖਾਲੀ”
Next articleਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਧਾਰਮਿਕ ਗੀਤ ‘ਗੁਰੂ ਰਵਿਦਾਸ ਜੀ ਆਏ’ ਦਾ ਪੋਸਟਰ ਜਾਰੀ