ਨਾਨੀ ਦੀਆਂ ਬਾਤਾਂ ਚੋਂ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਇੱਕ ਦੇਵੀ ਤੇ ਦੇਵਤਾ ਕਿਸੇ ਪਿੰਡ ਵਿੱਚ ਖੇਤਾਂ ਕੋਲੋਂ ਗੁਜ਼ਰ ਰਹੇ ਸਨ। ਖੇਤ ਵਿੱਚ ਛੱਲੀਆਂ ਲੱਗੀਆਂ ਹੋਈਆਂ ਸਨ। ਛੱਲੀਆਂ ਵੇਖ ਦੇਵੀ ਦਾ ਮਨ ਛੱਲੀ ਚੱਬਣ ਨੂੰ ਕੀਤਾ। ਉਸਨੇ ਦੇਵਤਾ ਨੂੰ ਕਿਹਾ ਕਿ ਮੈਨੂੰ ਦੋ ਛੱਲੀਆਂ ਚਾਹੀਦੀਆਂ ਹਨ। ਦੇਵਤਾ ਨੇ ਕਿਹਾ ਦੇਖਦਾ ਹਾਂ ਖੇਤ ਦਾ ਮਾਲਕ ਕਿਤੇ ਨੇੜੇ ਹੀ ਹੋਣਾ।

ਕੁਝ ਦੂਰ ਖੇਤ ਦਾ ਮਾਲਕ ਨਜ਼ਰ ਆਇਆ। ਦੇਵਤੇ ਨੇ ਉਸ ਨੂੰ ਦੋ ਛੱਲੀਆਂ ਦੇਣ ਲਈ ਕਿਹਾ। ਕਿਸਾਨ ਨੇ ਦੋ ਛੱਲੀਆਂ ਤੋੜ ਕੇ ਉਸਨੂੰ ਦੇ ਦਿੱਤੀਆਂ। ਦੇਵੀ ਖੁਸ਼ ਹੋ ਗਈ। ਦੇਵਤੇ ਨੇ ਦੇਵੀ ਦੀ ਖੁਸ਼ੀ ਦੇਖ ਉਸ ਕਿਸਾਨ ਨੂੰ ਵਰਦਾਨ ਦਿੱਤਾ ਕਿ ਤੂੰ ਦੋ ਵਰ ਜੋ  ਵੀ ਮੰਗੇਗਾ ਤੈਨੂੰ ਮਿਲੇਗਾ। ਕਿਸਾਨ ਨੇ ਸ਼ੁਕਰੀਆ ਅਦਾ ਕੀਤਾ। ਦੇਵਤਾ ਨੇ ਫਿਰ  ਕਿਹਾ ਕਿ ਜੋ ਵੀ ਤੂੰ ਮੰਗੇਗਾ ਉਸਦਾ ਦੁਗਣਾ ਤੇਰੇ ਗੁਆਂਢੀ ਨੂੰ ਮਿਲੇਗਾ। ਕਿਸਾਨ ਨੇ ਪੁੱਛਿਆ ਅਜਿਹਾ ਕਿਉਂ ਤਾਂ ਦੇਵਤੇ ਨੇ ਦੱਸਿਆ ਕਿ ਛੱਲੀਆਂ ਤੂੰ ਗੁਆਂਢੀ ਕਿਸਾਨ ਦੇ ਖੇਤ ਵਿੱਚੋਂ ਦਿੱਤੀਆਂ ਹਨ।
ਇਸ ਲਈ ਤੂੰ ਜੋ ਵੀ ਮੰਗੇਗਾ ਉਸ ਦਾ ਦੁਗਣਾ ਫਲ ਤੇਰੇ ਗੁਆਂਡੀ ਨੂੰ ਮਿਲੇਗਾ।
ਹੁਣ ਕਿਸਾਨ ਬੈਠਾ ਸੋਚੀ ਜਾਵੇ ਕਿ ਮੈਂ ਕੀ ਮੰਗਾ। ਉਹ ਆਪਣਾ ਫਾਇਦਾ ਤਾਂ ਚਾਹੁੰਦਾ ਸੀ ਪਰ ਆਪਣੇ ਗੁਆਂਢੀ ਦਾ ਨੁਕਸਾਨ ਵੀ ਚਾਹੁੰਦਾ ਸੀ। ਇਹ ਸੰਭਵ ਨਹੀਂ ਸੀ ਕਿ ਉਹ ਆਪਣਾ ਫਾਇਦਾ ਕਰੇ ਤੇ ਗੁਆਂਡੀ ਦਾ ਨੁਕਸਾਨ ਹੋਵੇ ਕਿਉਂਕਿ ਗੁਆਂਢੀ ਨੂੰ ਤਾਂ ਦੁਗਣਾ ਫਾਇਦਾ ਹੋਣਾ ਸੀ। ਬਹੁਤ ਸੋਚ ਵਿਚਾਰ ਕਰ ਉਸਨੇ ਮਨ ਵਿੱਚ ਸੰਕਲਪ ਕਰਕੇ ਵਰ ਮੰਗਿਆ ਕਿ ਮੈਂ ਕਾਣਾ ਹੋ ਜਾਵਾਂ। ਫਿਰ ਕੀ ਸੀ ਉਸਨੂੰ ਇੱਕ ਅੱਖ ਤੋਂ ਦਿਖਣਾ ਬੰਦ ਹੋ ਗਿਆ ਤੇ ਗੁਆਂਢੀ ਨੂੰ ਦੋਵੇਂ ਅੱਖਾਂ ਤੋਂ।
ਅਜੇ ਵੀ ਉਸ ਦੇ ਮਨ ਨੂੰ ਸੰਤੁਸ਼ਟੀ ਕਿੱਥੇ ਹੋਈ। ਉਸਨੇ ਦੂਜਾ ਵਾਰ ਮੰਗਿਆ ਕਿ ਮੇਰੇ ਘਰ ਦੇ ਅੱਗੇ ਇੱਕ ਡੂੰਘਾ ਟੋਇਆ ਪੁੱਟ ਹੋ ਜਾਵੇ। ਗੁਆਂਢੀ ਦੇ ਘਰ ਦੇ ਅੱਗੇ ਦੋ ਟੋਏ ਪੁੱਟ ਹੋ ਗਏ। ਗੁਆਂਡੀ ਅੰਨਾ ਹੋ ਚੁੱਕਾ ਸੀ ਤੇ ਜਦੋਂ ਘਰੋਂ ਨਿਕਲਿਆ ਤਾਂ ਟੋਏ ਵਿੱਚ ਡਿੱਗ ਪਿਆ। ਦੋ ਛੱਲੀਆਂ ਦੇ ਬਦਲੇ ਦੇਵਤੇ ਨੇ ਦੋ ਹੀ ਵਰ ਦਿੱਤੇ ਸਨ ਤੇ ਦੋਵੇਂ ਹੀ ਕਿਸਾਨ ਨੇ ਮੰਗ ਲਏ ਸਨ।
ਉਸਨੇ ਗੁਆਂਢੀ ਦਾ ਨੁਕਸਾਨ ਕਰਦਿਆਂ ਕਰਦਿਆਂ ਆਪਣਾ ਵੀ ਨੁਕਸਾਨ ਕਰ ਲਿਆ ਸੀ।
ਈਰਖਾ ਬਸ ਅਕਸਰ ਅਸੀਂ ਅਜਿਹਾ ਵਿਹਾਰ ਕਰਦੇ ਹਾਂ ਜਿਸ ਵਿੱਚ ਦੂਜੇ ਦਾ ਨੁਕਸਾਨ ਕਰਨ ਦੇ ਚੱਕਰ ਵਿੱਚ ਆਪਣਾ ਵੀ ਨੁਕਸਾਨ ਕਰ ਬਹਿੰਦੇ ਹਾਂ। ਇਸ ਲਈ ਇਨਸਾਨ ਨੂੰ ਈਰਖਾ ਤੋਂ ਬਚਣਾ ਚਾਹੀਦਾ ਹੈ। ਸਾਨੂੰ ਸਿਰਫ ਆਪਣੇ ਆਪ ਨਾਲ ਸਰੋਕਾਰ ਰੱਖਣਾ ਚਾਹੀਦਾ ਹੈ।
    ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleGovt to soon provide assistance to widows for house construction: Himachal CM