ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)-  ਮਨ ਦੇ ਕਈ ਮੌਸਮ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਸਭ ਕੁਝ ਸਹੀ ਹੁੰਦਿਆ ਵੀ ਐਵੇਂ ਚਿਤਾਵਾਂ ਦੇ ਬੱਦਲ ਸੰਘਣੇ ਹੋ ਜਾਂਦੇ ਹਨ। ਅਸੀਂ ਨਿਰੰਤਰ ਯਤਨ ਕਰਕੇ ਮਨ ਦੇ ਵਿਹੜੇ ਅਨੇਕਾਂ ਹੀ ਫੁੱਲਦਾਰ ਬੂਟਿਆਂ ਦੀ ਖੇਤੀ ਕਰਦੇ ਹਾਂ ਅਤੇ ਬਚਾਓ ਦੇ ਸਾਰੇ ਢੰਗ ਤਰੀਕੇ ਵਰਤਦੇ ਹਾਂ, ਪਰ ਫਿਰ ਵੀ ਮਨ ਦੇ ਵਿਹੜੇ ਅਣਕਿਆਸੀਆਂ ਚਿਤਾਵਾਂ ਕਦੇ ਕਦਾਈਂ ਆਪਣਾ ਪ੍ਰਭਾਵ ਪਾ ਹੀ ਜਾਂਦੀਆਂ ਹਨ। ਹਰ ਮਨੁੱਖ ਕੁਝ ਸਮੇਂ ਲਈ ਇਨ੍ਹਾਂ ਦੇ ਪ੍ਰਭਾਵ ਹੇਠ ਜਰੂਰ ਦਬ ਜਾਂਦਾ ਹੈ।

ਅਨੇਕਾਂ ਵਾਰੀ ਸਾਡੇ ਪੂਰਨ ਧਿਆਨ ਦੇ ਬਾਵਜੂਦ ਸਿੱਧਾ ਵੀ ਉਲਟਾ ਪੈ ਜਾਂਦਾ ਹੈ। ਫਿਰ ਕੁਝ ਅਰਸੇ ਲਈ ਅਸੀਂ ਆਪਣੇ ਆਲੇ-ਦੁਆਲੇ, ਪਰਿਵਾਰਕ ਅਤੇ ਜਗਤ ਨਾਲੋਂ ਬਿਲਕੁਲ ਵੱਖਰੀ ਦੁਨੀਆਂ ਵਿਚ ਮਨ ਦੀਆਂ ਧੁਰ ਅੰਦਰਲੀਆਂ ਗਲ਼ੀਆਂ ਵਿਚ ਦਿਲਗੀਰੀ ਦੀ ਬੁੱਕਲ ਵਿਚ ਜਾ ਬਹਿੰਦੇ ਹਾਂ! ਇਸ ਅਵਸਥਾ ਵਿਚ ਕੋਈ ਰੂਹ ਦਾ ਹਾਣੀ ਹੀ ਮਹਿਸੂਸ ਕਰਦਾ ਹੈ ਕਿ ਸਾਡੀ ਦੋਵਾਂ ਦੀ ਹਾਲਤ ਇਕੋਂ ਜਹੀ ਹੈ।
ਮਨ ਦੇ ਪੱਖੋਂ ਕਹਿੰਦੇ ਕਹਾਉਂਦੇ ਵੀ ਉਦਾਸ ਜਾਂ ਪ੍ਰਦੇਸੀ ਹੋ ਜਾਂਦੇ ਨੇ! ਪਰ ਔਰਤਾਂ ਵਿਚ ਅਜਿਹੀਆਂ ਪ੍ਰਸਥਿਤੀਆਂ ਵਿਚੋਂ ਬਾਹਰ ਆਉਣ ਦੀ ਯੋਗਤਾ ਮਰਦਾਂ ਨਾਲ਼ੋਂ ਵਧੇਰੇ ਹੁੰਦੀ ਹੈ। ਔਰਤਾਂ ਜ਼ਿੰਦਗੀ ਨਾਲ ਸਾਡੇ ਮੁਕਾਬਲੇ ਵਧੇਰੇ ਇਕਸੁਰਤਾ ਨਾਲ ਚਲਦੀਆਂ ਹਨ।
ਅੰਤਲੇ ਇਮਤਿਹਾਨਾਂ ਵਿਚੋਂ ਕੁਦਰਤ ਸਾਨੂੰ ਸਾਰਿਆਂ ਨੂੰ ਪਾਸ ਕਰ ਹੀ ਦਿੰਦੀ ਹੈ। ਪਰ ਅਸੀਂ ਅਗਾਂਹ ਵਾਸਤੇ ਕੀ ਸਿੱਖਿਆ ਇਹ ਸਾਡੀ ਬੌਧਿਕਤਾ ਤੇ ਨਿਰਭਰ ਕਰਦਾ ਹੈ। ਬੀਤੇ ਦੀਆਂ ਦੁੱਖਦਾਇਕ ਪੀੜਾਂ ਸਾਰੀ ਉਮਰ ਸਾਡੀ ਕਲਪਨਾ ਵਿਚ ਪਰਕਰਮਾ ਕਰਦੀਆਂ ਰਹਿੰਦੀਆਂ ਹਨ।
ਜਿਨ੍ਹਾਂ ਨੂੰ ਜਿੱਤਾਂ ਸੌਖੀਆਂ ਨਸ਼ੀਬ ਹੁੰਦੀਆਂ ਨੇ, ਉਨ੍ਹਾਂ ਦੇ ਪੈਰ ਉੱਖੜ ਜਾਣ ਤਾਂ ਓਹ ਜਲਦੀ ਸੰਭਵਲ ਨਹੀਂ ਪਾਉਂਦੇ। ਜਿਹੜੇ ਚਿੰਤਾਵਾਂ ਦੀਆਂ ਗਲੀਆਂ ਵਿਚੋਂ ਪਾਰ ਲੰਘਦੇ ਹਨ, ਉਨ੍ਹਾਂ ਵਿੱਚ ਉਦਾਸੀ ਸ਼ਹਿਣ ਦੀ ਸ਼ਕਤੀ ਵਧੇਰੇ ਹੁੰਦੀ ਹੈ। ਕੁਦਰਤ ਭਲੀ ਕਰੇ ਫ਼ਿਤਰਤ ਅਜਿਹੀ ਬਣ ਜਾਵੇ ਕਿ ਜੇਕਰ ਚਿਤਾਵਾਂ ਦੇ ਬੱਦਲ ਆਉਣ ਤਾਂ ਸੰਭਵਲ ਦੀ ਜਾਂਚ ਵੀ ਆਵੇ, ਕਿਉਂਕਿ ਜ਼ਿੰਦਗੀ ਤਜਰਬਿਆਂ ਦਾ ਸੰਗਮ ਹੈ, ਤਜ਼ਰਬੇਕਾਰ ਪਾਰ ਲੱਗਦੇ ਨੇ ਡੁਬਦੇ ਨਹੀਂ।
ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕਬੱਡੀ ਦੇ ਪ੍ਰਸਿੱਧ ਬੁਲਾਰੇ ਖਡਿਆਲ ਵਤਨ ਪਰਤੇ
Next articleਨਾਨੀ ਦੀਆਂ ਬਾਤਾਂ ਚੋਂ