ਮੁਫਤ ਦੇ ਪੈਸੇ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ
         (ਸਮਾਜ ਵੀਕਲੀ)

ਪਿੰਡ ਦੇ ਗੁਰਦੁਆਰੇ ਤੋਂ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਸੀ,” ਅੱਜ ਪਿੰਡ ਦੇ ਸੁਸਾਇਟੀ ਬੈਂਕ ਵਿੱਚ ਦਸ ਵਜੇ ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਜਾਣੇ ਨੇ। ਜਿਸ ਔਰਤ ਦੀ ਉਮਰ 60 ਸਾਲ ਅਤੇ ਜਿਸ ਪੁਰਸ਼ ਦੀ ਉਮਰ 65 ਸਾਲ ਹੋਵੇ, ਉਸ ਦਾ ਹੀ ਫਾਰਮ ਭਰਿਆ ਜਾਣਾ ਆਂ। ਲੋੜਵੰਦ ਔਰਤਾਂ ਤੇ ਪੁਰਸ਼ ਠੀਕ ਦਸ ਵਜੇ ਸੁਸਾਇਟੀ ਬੈਂਕ ਵਿੱਚ ਪਹੁੰਚ ਜਾਣ।”
ਇਹ ਅਨਾਊਂਸਮੈਂਟ ਖਤਮ ਹੋਈ ਹੀ ਸੀ ਕਿ ਮੇਰੇ ਘਰ ਦਾ ਗੇਟ ਕਿਸੇ ਨੇ ਆ ਖੜਕਾਇਆ। ਮੈਂ ਗੇਟ ਕੋਲ ਜਾ ਕੇ ਵੇਖਿਆ, ਮੇਰਾ ਗੁਆਂਢੀ ਗੇਟ ਖੜਕਾ ਰਿਹਾ ਸੀ। ਮੈਨੂੰ ਵੇਖ ਕੇ ਉਹ ਬੋਲਿਆ,” ਮਾਸਟਰ ਜੀ, ਤੁਹਾਡਾ ਡੈਡੀ ਕਿੱਥੇ ਆ?”
” ਕਿਉਂ ਕੀ ਗੱਲ?” ਮੈਂ ਪੁੱਛਿਆ।
” ਤੁਸੀਂ ਹੁਣੇ ਗੁਰਦੁਆਰੇ ਤੋਂ ਅਨਾਊਂਸਮੈਂਟ ਨ੍ਹੀ ਸੁਣੀ?”
” ਹਾਂ ਸੁਣੀ ਆਂ।”
” ਭੇਜੋ ਆਪਣੇ ਡੈਡੀ ਨੂੰ ਮੇਰੇ ਨਾਲ। ਪੈਨਸ਼ਨ ਦੇ ਫਾਰਮ ਭਰਵਾ ਆਈਏ।”
ਮੈਂ ਆਪਣੇ ਗੁਆਂਢੀ ਨੂੰ ਗਹੁ ਨਾਲ ਵੇਖਿਆ, ਜਿਸ ਦੀ ਉਮਰ ਮਸਾਂ 55 ਕੁ ਸਾਲ ਦੀ ਸੀ ਅਤੇ ਕਿਹਾ,” ਮੈਂ ਆਪਣੇ ਡੈਡੀ ਨੂੰ ਪੈਨਸ਼ਨ ਨ੍ਹੀ ਲੁਆਣੀ। ਮੈਂ ਉਸ ਦੀ ਦੇਖ ਭਾਲ ਲਈ ਬਥੇਰਾ ਆਂ। ਪਰ ਤੇਰੀ ਉਮਰ ਤਾਂ ਮਸਾਂ 55 ਕੁ ਸਾਲ ਦੀ ਆ। ਤੈਨੂੰ ਪੈਨਸ਼ਨ ਲੱਗ ਨ੍ਹੀ ਸਕਦੀ।”
” ਮਾਸਟਰ ਜੀ, ਮੇਰੇ ਕੋਲ ਕਿਹੜਾ ਕੋਈ ਉਮਰ ਦਾ ਸਰਟੀਫਿਕੇਟ ਆ। ਜਿੰਨੀ ਮੈਂ ਕਹੀ, ਉੱਨੀ ਫਾਰਮ ਭਰਨ ਵਾਲਿਆਂ ਨੇ ਲਿਖ ਲੈਣੀ ਆਂ। ਨਾਲੇ ਮੁਫਤ ਦੇ ਪੈਸੇ ਆ। ਹੋਰ ਨ੍ਹੀ ਕੁਛ ਤਾਂ ਚਾਹ, ਪਾਣੀ ਹੀ ਚੱਲਿਆ ਰਹੂ।” ਇਹ ਕਹਿ ਕੇ ਮੇਰਾ ਗੁਆਂਢੀ ਛੇਤੀ ਨਾਲ ਸੁਸਾਇਟੀ ਬੈਂਕ ਵੱਲ ਨੂੰ ਤੁਰ ਪਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਗੁਣੀ ਤਨਖ਼ਾਹ ਵਿੱਚ ਗੁਜਾਰਾ ਕਰਨ ਲਈ ਮਜਬੂਰ ਹਨ ਖੇਡ ਵਿਭਾਗ ਪੰਜਾਬ ਦੇ ਦਰਜਾ ਚਾਰ ਕੱਚੇ ਮੁਲਾਜ਼ਮ
Next articleਸਾਲ ਨਵਾਂ