ਸਿਹਤ ਤੇ ਸਿੱਖਿਆ: ਪੰਜਾਬ ਤੇ ਦਿੱਲੀ ਵਿਚਾਲੇ ਸਮਝੌਤਾ

 

  • ਦੋਵਾਂ ਸੂਬਿਆਂ ਵਿਚਾਲੇ ਸਮਝੌਤਾ ਉਸਾਰੂ ਅਤੇ ਮਿਸਾਲੀ ਕਦਮ ਕਰਾਰ

ਨਵੀਂ ਦਿੱਲੀ (ਸਮਾਜ ਵੀਕਲੀ):  ਸਿਹਤ, ਸਿੱਖਿਆ ਅਤੇ ਹੋਰ ਪ੍ਰਮੁੱਖ ਖੇਤਰਾਂ ਦੀ ਕਾਇਆਕਲਪ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਵਿਚ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੇ ਦੋਵਾਂ ਸੂਬਿਆਂ ਵੱਲੋਂ ਗਿਆਨ ਦੇ ਵਟਾਂਦਰੇ ਲਈ ਸਮਝੌਤਾ ਸਹੀਬੰਦ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ, ਸਿਹਤ ਤੇ ਬਿਜਲੀ ਉਨ੍ਹਾਂ ਦੀ ਸਰਕਾਰ ਦੀ ਸਿਖਰਲੀਆਂ ਤਰਜੀਹਾਂ ਹਨ ਤੇ ਪੰਜਾਬ ਨੂੰ ਇਨ੍ਹਾਂ ਖੇਤਰਾਂ ਵਿੱਚ ਦਿੱਲੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸੇ ਤਰ੍ਹਾਂ ਦਿੱਲੀ, ਪੰਜਾਬ ਤੋਂ ਖੇਤੀ ਬਾਰੇ ਗਿਆਨ ਲੈ ਸਕਦਾ ਹੈ। ਉਧਰ ਕੇਜਰੀਵਾਲ ਨੇ ਕਿਹਾ ਕਿ ਜੇਕਰ ਹਰੇਕ ਰਾਜ ਦੂਜੇ ਵੱਲੋਂ ਕੀਤੇ ਚੰਗੇ ਕੰਮਾਂ ਤੋਂ ਸਬਕ ਲੈਣ ਲੱਗੇ ਤਾਂ ਭਾਰਤ ਦੀ ਤਰੱਕੀ ਹੋਵੇਗੀ।

ਸਮਝੌਤਾ ਸਹੀਬੰਦ ਕਰਨ ਮੌਕੇ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਨਿਵੇਕਲੀ ਪਹਿਲਕਦਮੀ ਦੱਸਦੇ ਹੋਏ ਦੋਵਾਂ ਸੂਬਿਆਂ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਉਸਾਰੂ ਤੇ ਮਿਸਾਲੀ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਮਝੌਤਾ ਪੰਜਾਬ ਤੇ ਦਿੱਲੀ ਸਰਕਾਰਾਂ ਨੂੰ ਗਿਆਨ, ਤਜਰਬਾ ਤੇ ਮੁਹਾਰਤ ਆਪਸ ਵਿਚ ਸਾਂਝਾ ਕਰਨ ਦੇ ਯੋਗ ਬਣਾਏਗਾ। ਕਰਾਰ ਤਹਿਤ ਦੋਵੇਂ ਸਰਕਾਰਾਂ ਲੋਕਾਂ ਦੀ ਭਲਾਈ ਲਈ ਜਾਣਕਾਰੀ ਹਾਸਲ ਕਰਨ ਵਾਸਤੇ ਮੰਤਰੀਆਂ, ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਨੂੰ ਇਕ-ਦੂਜੇ ਦੇ ਸੂਬਿਆਂ ਵਿਚ ਭੇਜਿਆ ਕਰਨਗੀਆਂ। ਭਗਵੰਤ ਮਾਨ ਨੇ ਪੰਜਾਬ ਵਿਚ ਦਿੱਲੀ ਮਾਡਲ ਦੇ ਆਧਾਰ ਉਤੇ 117 ਸਰਕਾਰੀ ਸਕੂਲ ਅਤੇ 117 ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਸ਼ੁਰੂਆਤ ਵਜੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿਚ ਇਕ-ਇਕ ਸਰਕਾਰੀ ਸਕੂਲ ਅਤੇ ਮੁਹੱਲਾ ਕਲੀਨਿਕ ਸਥਾਪਤ ਕਰੇਗੀ। ਉਨ੍ਹਾਂ ਕਿਹਾ, ‘‘ਮਨੁੱਖ ਦਾ ਸਮੁੱਚਾ ਜੀਵਨ ਵਿਦਿਆਰਥੀ ਵਾਂਗ ਹੋਣਾ ਚਾਹੀਦਾ ਹੈ ਅਤੇ ਜਿੱਥੋਂ ਵੀ ਜੋ ਕੁਝ ਚੰਗਾ ਸਿੱਖਣ ਨੂੰ ਮਿਲੇ, ਉਸ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਹੈ। ਅਸੀਂ ਇੱਥੇ ਹੀ ਨਹੀਂ ਰੁਕਾਂਗੇ, ਜੇਕਰ ਸਾਨੂੰ ਆਪਣੇ ਸੂਬੇ ਦੀ ਖਾਤਰ ਬਾਕੀ ਸੂਬਿਆਂ ਜਾਂ ਹੋਰ ਮੁਲਕਾਂ ਵਿਚ ਵੀ ਜਾਣਾ ਪਿਆ ਤਾਂ ਜ਼ਰੂਰ ਜਾਵਾਂਗੇ।’’

ਵਿਰੋਧੀ ਧਿਰਾਂ ਵੱਲੋਂ ਸਮਝੌਤੇ ਨੂੰ ਲੈ ਕੇ ਕੀਤੀ ਜਾ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਬਿਨਾਂ ਕਿਸੇ ਆਧਾਰ ਤੋਂ ਸਿਰਫ ਆਲੋਚਨਾ ਕਰਨ ਲਈ ਹੀ ਰੌਲਾ-ਰੱਪਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕਪਾਸੜ ਸਮਝੌਤਾ ਨਹੀਂ, ਸਗੋਂ ਇਹ ਸਮਝੌਤਾ ਸਹੀ ਮਾਅਨਿਆਂ ਵਿਚ ਦੋਵਾਂ ਸੂਬਿਆਂ ਵੱਲੋਂ ਗਿਆਨ ਦੇ ਵਟਾਂਦਰੇ ਦਾ ਜ਼ਰੀਆ ਹੈ ਜਿਸ ਨਾਲ ਪੰਜਾਬ, ਦਿੱਲੀ ਪਾਸੋਂ ਸਿਹਤ ਤੇ ਸਿੱਖਿਆ ਵਰਗੇ ਖੇਤਰਾਂ ਵਿਚ ਲਾਗੂ ਕੀਤੇ ਲੋਕ ਪੱਖੀ ਮਾਡਲਾਂ ਨੂੰ ਅਪਣਾਏਗਾ ਜਦਕਿ ਦਿੱਲੀ, ਪੰਜਾਬ ਪਾਸੋਂ ਖੇਤੀਬਾੜੀ ਵਰਗੇ ਖੇਤਰਾਂ ਵਿਚ ਕੀਤੇ ਗਏ ਵਿਸ਼ਾਲ ਤਜਰਬੇ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ ਅਧਿਆਪਕਾਂ ਨੂੰ ਫਿਨਲੈਂਡ, ਕੈਂਬਰਿਜ ਤੇ ਹੋਰ ਵੱਖ-ਵੱਖ ਥਾਵਾਂ ਉਤੇ ਸਿੱਖਿਆ ਖੇਤਰ ਵਿਚ ਨਵੀਆਂ ਤਕਨੀਕਾਂ ਅਤੇ ਹੁਨਰ ਸਿੱਖਣ ਲਈ ਭੇਜਿਆ ਸੀ, ਜਿਸ ਦਾ ਲਾਭ ਦਿੱਲੀ ਦੇ ਬੱਚਿਆਂ ਨੂੰ ਹੋ ਰਿਹਾ ਹੈ।

ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਰੰਗ ਕਰਕੇ ਸਮਾਰਟ ਸਕੂਲ ਦਾ ਨਾਂ ਦੇ ਕੇ ਪੰਜਾਬੀਆਂ ਨਾਲ ਧੋਖਾ ਕੀਤਾ। ਦਿੱਲੀ ਸਰਕਾਰ ਦਾ 25 ਫੀਸਦੀ ਬਜਟ ਸਿੱਖਿਆ ਖੇਤਰ ਲਈ ਹੁੰਦਾ ਹੈ ਜਦਕਿ ਪੰਜਾਬ ਵਿਚ ਇਹ ਬਜਟ ਮਹਿਜ਼ 2 ਫੀਸਦੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 19000 ਸਰਕਾਰੀ ਸਕੂਲਾਂ, ਜਿੱਥੇ 23 ਲੱਖ ਬੱਚੇ ਪੜ੍ਹ ਰਹੇ ਹਨ, ਵਿਚ ਅਤਿ-ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿਹਤ ਖੇਤਰ ਨਾਲ ਜੁੜਿਆ ਬੁਨਿਆਦੀ ਢਾਂਚਾ ਲੜਖੜਾਇਆ ਹੋਇਆ ਹੈ ਕਿਉਂਕਿ ਸੂਬੇ ਕੋਲ ਚੰਗੇ ਡਾਕਟਰ ਅਤੇ ਹੋਰ ਪੈਰਾ-ਮੈਡੀਕਲ ਸਟਾਫ ਤਾਂ ਹੈ ਪਰ ਲੋੜੀਂਦਾ ਢਾਂਚਾ ਨਹੀਂ ਹੈ। ਉਨ੍ਹਾਂ ਸੰਸਦ ਮੈਂਬਰ ਵਜੋਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ, ‘‘ਮੈਂ ਆਪਣੇ ਸੰਸਦੀ ਕੋਟੇ ਦੇ ਫੰਡ ਵਿੱਚੋਂ ਸਿਹਤ ਵਿਭਾਗ ਨੂੰ ਵਾਤਾਨਕੂਲ ਐਂਬੂਲੈਂਸ ਦੇਣਾ ਚਾਹੁੰਦਾ ਸੀ ਪਰ ਮੈਨੂੰ ਇਸ ਕਰਕੇ ਨਾਂਹ ਕਰ ਦਿੱਤੀ ਗਈ ਕਿ ਇਸ ਨੂੰ ਚਲਾਉਣ ਲਈ ਉਨ੍ਹਾਂ ਕੋਲ ਸਟਾਫ ਨਹੀਂ ਹੈ।’’

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਛੇਤੀ ਹੀ ਖੇਤੀਬਾੜੀ ਖੇਤਰ ਲਈ ਫਸਲੀ ਵਿਭਿੰਨਤਾ ਸਮੇਤ ਨਵੀਆਂ ਨੀਤੀਆਂ ਤੇ ਪ੍ਰੋਗਰਾਮ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਤੇ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦੇ ਮਿਸ਼ਨ ਵਿਚ ਉਹ ਤੇ ਦੁਨੀਆ ਭਰ ਵਿਚ ਬੈਠਾ ਹਰੇਕ ਪੰਜਾਬੀ ਸਰਕਾਰ ਦਾ ਸਾਥ ਦੇਣ ਲਈ ਤਤਪਰ ਹੈ। ਨਸ਼ਿਆਂ ਦੇ ਖੇਤਰ ਵਿਚ ਤਿੰਨ ਪਰਤੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਨਸ਼ੇ ਦੇ ਖਾਤਮੇ ਦੇ ਨਾਲ-ਨਾਲ ਨਸ਼ੇ ਤੋਂ ਗ੍ਰਸਤ ਲੋਕਾਂ ਨੂੰ ਢੁਕਵਾਂ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ, ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ, ਰਾਜ ਸਭਾ ਮੈਂਬਰ ਰਾਘਵ ਚੱਢਾ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਸਮੇਤ ਦੋਵਾਂ ਸੂਬਿਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕਰੋਨਾ ਦੇ 2927 ਨਵੇਂ ਮਾਮਲੇ ਤੇ 32 ਮੌਤਾਂ
Next articleਦਿੱਲੀ ਬੈਠੇ ਮਾਨ ਸਰਕਾਰ ਨੂੰ ‘ਕੰਟਰੋਲ’ ਕਰਨਾ ਚਾਹੁੰਦਾ ਹੈ ਕੇਜਰੀਵਾਲ: ਸਿਰਸਾ