ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) :- ਜਿੱਥੇ ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੇ ਆਪ ਵਿੱਚ ਮਸਤ ਹੈ ਅਤੇ ਆਪਣੇ ਪਰਿਵਾਰ ਤੱਕ ਹੀ ਸੀਮਿਤ ਹੈ ਉੱਥੇ ਹੀ ਸਟੇਟ ਐਵਾਰਡੀ ਅਧਿਆਪਕ ਸੰਜੀਵ ਧਰਮਾਣੀ ਹਰ ਵਾਰ ਦੀ ਤਰ੍ਹਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਜੰਗਲਾਂ ਵਿੱਚ ਤੇ ਹੋਰ ਥਾਵਾਂ ‘ਤੇ ਜਾ ਕੇ ਜਿੱਥੇ ਪਿਆਸੇ ਪੰਛੀਆਂ ਨੂੰ ਪਾਣੀ ਪਿਲਾ ਰਹੇ ਹਨ ਉੱਥੇ ਹੀ ਉਹਨਾਂ ਲਈ ਦਾਣਾ ਵੀ ਪਾ ਰਹੇ ਹਨ। ਉਹਨਾਂ ਗੱਲਬਾਤ ਦੌਰਾਨ ਦੱਸਿਆ ਕਿ ਜਿੱਥੇ ਸਾਰੇ ਹੀ ਇੰਨੀ ਗਰਮੀ ਦੇ ਵਿੱਚ ਪਹਾੜਾਂ ਵਿੱਚ ਘੁੰਮਣ ਅਤੇ ਸੈਰ ਕਰਨ ਜਾ ਰਹੇ ਹਨ ਉੱਥੇ ਹੀ ਉਹਨਾਂ ਵੱਲੋਂ ਇੰਨੀ ਭਿਅੰਕਰ ਗਰਮੀ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਤੇ ਹੋਰ ਜੰਗਲਾਂ ਵਿੱਚ ਜਿੱਥੇ ਕਿ ਪਸ਼ੂ – ਪੰਛੀ ਪਾਣੀ ਦੀ ਬੂੰਦ – ਬੂੰਦ ਲਈ ਤਰਸ ਰਹੇ ਹਨ ਉਹਨਾਂ ਵੱਲੋਂ ਜੰਗਲਾਂ ‘ਚ ਥੋੜ੍ਹੀ – ਥੋੜ੍ਹੀ ਦੂਰੀ ‘ਤੇ ਪੰਛੀਆਂ ਲਈ ਮਿੱਟੀ ਦੇ ਸਕੋਰੇ ਰੱਖ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਕਿਉਂਕਿ ਸਾਰੇ ਹੀ ਦਰਖਤ ਅਤੇ ਝਾੜੀਆਂ ਗਰਮੀ ਕਾਰਨ ਸੁੱਕ ਗਏ ਹਨ ਤਾਂ ਪੰਛੀਆਂ ਨੂੰ ਭੁੱਖ ਤੋਂ ਬਚਾਉਣ ਲਈ ਉਹਨਾਂ ਵੱਲੋਂ ਦਾਣੇ ਵੀ ਪਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ਼ ਉਹ ਸੰਨ 1995 ਤੋਂ ਆਪਣੇ ਪਾਸੋਂ ਖਰਚ ਕਰਕੇ ਨਿਰੰਤਰ ਪੰਛੀਆਂ ਦੀ ਸੇਵਾ ਕਰਦੇ ਆ ਰਹੇ ਹਨ ਤੇ ਇਹ ਸਭ ਕਰਕੇ ਉਨ੍ਹਾਂ ਨੂੰ ਅਥਾਹ ਖੁਸ਼ੀ ਪ੍ਰਾਪਤ ਹੁੰਦੀ ਹੈ। ਉਹ ਸਾਰਾ ਸਾਲ ਪੰਛੀਆਂ ਲਈ ਦਾਣਾ – ਪਾਣੀ ਪਾਉਂਦੇ ਹਨ। ਇਸਦੇ ਨਾਲ਼ ਹੀ ਗਰਮੀ ਜਾਂ ਅੱਗ ਨਾਲ਼ ਸੁੱਕੇ ਰੁੱਖਾਂ ਨੂੰ ਮੁੜ ਹਰਾ ਕਰਨ ਲਈ ਤੇ ਹੋਰ ਰੁੱਖਾਂ ਨੂੰ ਗਰਮੀ ਤੋਂ ਬਚਾਉਣ ਲਈ ਜੰਗਲਾਂ ਵਿੱਚ ਜਾ ਕੇ ਪਾਣੀ ਵੀ ਪਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੌਦੇ ਲਗਾ ਕੇ ਤੇ ਉਨ੍ਹਾਂ ਦੀ ਸੰਭਾਲ ਕਰਕੇ ਵਾਤਾਵਰਨ ਬਚਾਉਣ ਲਈ ਵੀ ਉਹ ਤਤਪਰ ਰਹਿੰਦੇ ਹਨ। ਮਾਸਟਰ ਸੰਜੀਵ ਧਰਮਾਣੀ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਜਿੱਥੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ ਉੱਥੇ ਹੀ ਹਰ ਕੋਈ ਇਸ ਕੰਮ ਦੀ ਪ੍ਰਸ਼ੰਸਾ ਕਰ ਰਿਹਾ ਹੈ ਕਿ ਜਿੱਥੇ ਮਨੁੱਖ ਕੁਦਰਤ ਦਾ ਵਿਨਾਸ਼ ਕਰ ਰਿਹਾ ਹੇੈ ਉੱਥੇ ਹੀ ਅਜਿਹੇ ਇਨਸਾਨ ਜੋ ਕੁਦਰਤ ਨਾਲ ਜੁੜ ਕੇ ਵਾਤਾਵਰਨ ਦੀ ਰੱਖਿਆ ਕਰ ਰਹੇ ਹਨ ਤੇ ਬੇਜਵਾਨ ਪਸ਼ੂ – ਪੰਛੀਆਂ ਨੂੰ ਭੋਜਨ – ਪਾਣੀ ਦਾ ਪ੍ਰਬੰਧ ਕਰਕੇ ਮਾਨਵਤਾ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਸਟੇਟ ਅਵਾਰਡੀ ਮਾਸਟਰ ਸੰਜੀਵ ਧਰਮਾਣੀ ਜਿੱਥੇ ਆਪਣੀਆਂ ਕਵਿਤਾਵਾਂ ਅਤੇ ਕਹਾਣੀਆਂ ਨਾਲ ਲੋਕਾਂ ਨੂੰ ਜੀਵ – ਜੰਤੂਆਂ ਦੀ ਰੱਖਿਆ ਕਰਨ ਅਤੇ ਵਾਤਾਵਰਨ ਦੀ ਸੰਭਾਲ ਕਰਨ ਲਈ ਜਾਗਰੂਕ ਕਰ ਰਹੇ ਹਨ , ਉੱਥੇ ਹੀ ਉਹ ਆਪ ਮਾਨਵਤਾ ਅਤੇ ਵਾਤਾਵਰਨ ਦੀ ਭਲਾਈ ਲਈ ਕੰਮ ਕਰਕੇ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


