ਰੂਹ ਦੀ ਖੁਰਾਕ : ਸੰਗੀਤ

(ਸਮਾਜ ਵੀਕਲੀ)- ਸੰਗੀਤ ਇੱਕ ਅਜਿਹੀ ਕਲਾ ਹੈ ਜੋ ਮਨੁੱਖ ਦੇ ਮਨੋਰੰਜਨ ਦੀ ਭੁੱਖ ਨੂੰ ਸਭ ਤੋਂ ਵੱਧ ਸ਼ਿੱਦਤ ਨਾਲ ਪੂਰਾ ਕਰਦੀ ਹੈ ।ਆਤਮਿਕ ਸ਼ਾਂਤੀ ਅਤੇ ਸਕੂਨ ਦੀ ਪ੍ਰਾਪਤੀ ਲਈ ਸੰਗੀਤ ਇੱਕ ਬਹੁਤ ਵਧੀਆ ਸਾਧਨ ਹੈ । ਇਹ ਸਾਡੇ ਤਨ – ਮਨ ਨੂੰ ਊਰਜਾਵਾਨ ਕਰਕੇ ਉਸ ਵਿੱਚ ਨਵੀਂ ਆਸ਼ਾ , ਉਤਸ਼ਾਹ ਤੇ ਉਮੰਗ ਦੀਆਂ ਨਵੀਆਂ ਤਰੰਗਾਂ ਪੈਦਾ ਕਰਦਾ ਹੈ । ਸੰਗੀਤ ਅਤੇ ਮਨੁੱਖ ਦਾ ਮੁੱਢ ਕਦੀਮ ਦਾ ਅਤੇ ਨਹੁੰ – ਮਾਸ ਦਾ ਰਿਸ਼ਤਾ ਹੈ । ਸੰਗੀਤ ਕਾਇਨਾਤ ਦੇ ਕਣ – ਕਣ ਵਿਚ ਮੌਜੂਦ ਹੈ । ਸਮੁੰਦਰ ਦੀਆਂ ਉੱਠ ਰਹੀਆਂ ਲਹਿਰਾਂ ਦੀ ਆਵਾਜ਼ , ਰੁਮਕਦੀ ਹੋਈ ਤੇ ਦਰੱਖਤਾਂ ਨਾਲ ਟਕਰਾਉਂਦੀ ਹੋਈ ਆਵਾਜ਼ , ਵਗਦੇ ਨਦੀਆਂ – ਨਾਲਿਆਂ ਦੀ ਕਲ – ਕਲ , ਪੰਛੀਆਂ ਦੀ ਚਹਿਚਹਾਟ , ਚਸ਼ਮਿਆਂ ਅਤੇ ਝਰਨਿਆਂ ਦੀਆਂ ਧੁਨਾਂ ਅਾਦਿ ਮਿੱਠੀ ਅਤੇ ਭਾਵ – ਭਿੰਨੀ ਆਵਾਜ਼ ਇੱਕ ਸੰਗੀਤਕ ਮਾਹੌਲ ਪੈਦਾ ਕਰ ਜਾਂਦੀ ਹੈ ।

ਵਿਗਿਆਨ ਦਾ ਮੰਨਣਾ ਹੈ ਕਿ ਇਸ ਬ੍ਰਹਿਮੰਡ ਦਾ ਕਣ – ਕਣ ਇੱਕ ਅਲੌਕਿਕ ਸੰਗੀਤ ਧੁਨ ਪੈਦਾ ਕਰ ਰਿਹਾ ਹੈ । ਚੁੱਪ ਦਾ ਆਪਣਾ ਹੀ ਇੱਕ ਸੰਗੀਤ ਹੁੰਦਾ ਹੈ ।ਸੰਗੀਤ ਪਰਮਾਤਮਾ ਵੱਲੋਂ ਮਨੁੱਖ ਨੂੰ ਬਖ਼ਸ਼ੀ ਹੋਈ ਅਜਿਹੀ ਅਨੂਠੀ ਸੌਗਾਤ ਹੈ , ਜੋ ਸਾਡੇ ਤਨ – ਮਨ ਨੂੰ ਤਰੋਤਾਜ਼ਗੀ , ਠੰਡਕ , ਤੰਦਰੁਸਤੀ , ਸ਼ਾਂਤੀ , ਸਕੂਨ ਰੂਹਾਨੀਅਤ ਤੇ ਨਵੀਂ ਊਰਜਾ ਪ੍ਰਦਾਨ ਕਰ ਜਾਂਦੀ ਹੈ । ਸਮੇਂ – ਸਮੇਂ ‘ਤੇ ਸੰਗੀਤਕ ਧੁੰਨਾਂ ਤੇ ਲੈਅ ਪੈਦਾ ਕਰਨ ਦੇ ਲਈ ਭਾਂਤ – ਭਾਂਤ ਦੇ ਸਾਜ਼ ਵੀ ਵਰਤੋਂ ਵਿੱਚ ਲਿਆਂਦੇ ਜਾਂਦੇ ਰਹੇ , ਜਿਵੇਂ ਕਿ ਢੋਲ , ਸੰਖ , ਨਗਾਰੇ , ਡਫਲੀ , ਸਿਤਾਰ , ਸਾਰੰਗੀ , ਚਿਮਟਾ , ਬੈਂਜੋ , ਹਾਰਮੋਨੀਅਮ , ਢੋਲਕ ਆਦਿ – ਆਦਿ । ਅੱਜ ਵਿਗਿਆਨ ਵੀ ਸੰਗੀਤ ਦੇ ਪ੍ਰਭਾਵ ਤੋਂ ਪ੍ਰਭਾਵਿਤ ਹੋ ਕੇ ਹਸਪਤਾਲਾਂ , ਨਸ਼ਾ ਛੁਡਾਊ ਕੇਂਦਰਾਂ , ਸਕੂਲਾਂ ਆਦਿ ਵਿੱਚ ਸੰਗੀਤ ਚਿਕਿਤਸਾ ( ਮਿਊਜ਼ੀਕਲ ਥੈਰੇਪੀ ) ਨੂੰ ਅਪਣਾਉਣ ਲੱਗ ਪਿਆ ਹੈ , ਜਿਸ ਨਾਲ ਕਿ ਮਾਨਸਿਕ ਰੋਗੀਆਂ , ਤਣਾਓ , ਚਿੰਤਾ , ਬੀ. ਪੀ . , ਇਕਾਗਰਤਾ ਦੀ ਘਾਟ , ਚਿੜ੍ਹਚਿੜ੍ਹਾਪਣ ਅਤੇ ਹੋਰ ਅਨੇਕਾਂ ਸਮੱਸਿਆਵਾਂ ਤੋਂ ਮਨੁੱਖ ਨੂੰ ਨਿਜਾਤ ਦਿਵਾਈ ਜਾਂਦੀ ਹੈ ।ਤਣਾਅ ਅਤੇ ਚਿੰਤਾ ਜਿਹੇ ਭਿਆਨਕ ਰੋਗਾਂ ਵਿੱਚ ਤਾਂ ਸੰਗੀਤ ਇੱਕ ਸੰਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰਦਾ ਹੈ । ਮੁੱਢ ਕਦੀਮ ਤੋਂ ਹੀ ਵਿਦਵਾਨਾਂ , ਗੁਣੀਜਨਾਂ ਅਤੇ ਰਿਸ਼ੀਆਂ – ਮੁਨੀਆਂ ਨੇ ਸੰਗੀਤ ਨੂੰ ਕਲਿਆਣਕਾਰੀ ਦੱਸਿਆ ਹੈ । ਇਸ ਦੇ ਤਹਿਤ ਗੀਤ ਗਾਉਣਾ , ਗੀਤ ਸੁਣਨਾ , ਗੀਤ ਲਿਖਣਾ ਆਦਿ ਆ ਜਾਂਦਾ ਹੈ ।

ਸੰਗੀਤ ਸਾਡੇ ਦਿਮਾਗ ਦੀਆਂ ਤਰੰਗਾਂ ਅਤੇ ਸਰੀਰਕ ਚੱਕਰਾਂ ਨੂੰ ਵੀ ਊਰਜਾਵਾਨ ਕਰ ਦਿੰਦਾ ਹੈ । ਸੰਗੀਤ ਪਸ਼ੂ – ਪੰਛੀਆਂ ਤੋਂ ਉਤਪਾਦਨ ਵਧਾਉਣ ਦੇ ਲਈ ਵੀ ਸਹਾਇਕ ਹੁੰਦਾ ਹੈ । ਸੰਗੀਤ ਵਿੱਚ ਏਨੀ ਤਾਕਤ ਅਤੇ ਸ਼ਕਤੀ ਹੁੰਦੀ ਹੈ ਕਿ ਇਹ ਵੀਰ ਰਸ ਪੈਦਾ ਕਰਕੇ ਹਾਰੇ ਹੋਏ ਯੁੱਧਾਂ ਨੂੰ ਜਿਤਾਉਣ ਦੀ ਕਾਬਲੀਅਤ ਰੱਖਦਾ ਹੈ । ਸੰਗੀਤ ਰੁਜ਼ਗਾਰ ਦਾ ਵੀ ਮਹੱਤਵਪੂਰਨ ਸਾਧਨ ਬਣਦਾ ਹੈ । ਇਹ ਸੰਗੀਤ ਹੀ ਹੈ ਜੋ ਇਨਸਾਨ ਅਤੇ ਜਾਨਵਰਾਂ ਵਿੱਚ ਅੰਤਰ ਕਰਦਾ ਹੈ ।ਸੰਗੀਤ ਦੀ ਹੀ ਸ਼ਕਤੀ ਕਹੀ ਜਾ ਸਕਦੀ ਹੈ ਕਿ ਇਹ ਮੁਰਝਾਏ ਹੋਏ ਫੁੱਲਾਂ ਨੂੰ ਖਿਡਾਉਣ , ਬੇਵਕਤੇ ਮੀਂਹ ਪੁਆਉਣ ਤੇ ਬੀਨ ਦੀਆਂ ਧੁਨਾਂ ਤੇ ਸੱਪਾਂ ਨੂੰ ਨਚਾਉਣ ਦੀ ਸਮਰੱਥਾ ਰੱਖਦਾ ਹੈ । ਪਰ ਵਾਧੂ ਦਾ ਰੌਲਾ – ਰੱਪਾ , ਤੇਜ਼ ਅਤੇ ਉੱਚੀਆਂ ਆਵਾਜ਼ਾਂ /ਧੁੰਨਾ ਆਦਿ ਕਦੇ ਵੀ ਸੰਗੀਤ ਜਾਂ ਸੰਗੀਤ ਦਾ ਹਿੱਸਾ ਨਹੀਂ ਹੋ ਸਕਦੇ । ਸਗੋਂ ਸੰਗੀਤ ਤਾਂ ਉਹੀ ਹੋ ਸਕਦਾ ਹੈ ਜਿਸ ਵਿੱਚ ਲੇੈਅ , ਮਿਠਾਸ ,ਅਨੰਦ , ਸ਼ਾਂਤੀ ਤੇ ਸਕੂਨ ਹੋਵੇ ।

ਮਾਤਾ – ਪਿਤਾ ਨੂੰ ਆਪਣੇ ਬੱਚਿਆਂ ਨਾਲ ਬੈਠ ਕੇ ਜ਼ਰੂਰ ਸ਼ਾਂਤ ਤੇ ਲੇੈਅ ਗਈ ਸੰਗੀਤ ਸੁਣਨਾ ਚਾਹੀਦਾ ਹੈ । ਇਹ ਬੱਚਿਆਂ ਅਤੇ ਮਾਤਾ – ਪਿਤਾ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ।ਬੱਚਿਆਂ ਨੂੰ ਬਚਪਨ ਵਿੱਚ ਸੰਗੀਤ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ । ਸੰਗੀਤ ਵਿੱਚ ਇੰਨੀਆਂ ਚਮਤਕਾਰੀ ਸ਼ਕਤੀਆਂ ਮੌਜੂਦ ਹਨ ਕਿ ਉਨ੍ਹਾਂ ਦੀ ਸਿਫ਼ਤ ਨਹੀਂ ਕੀਤੀ ਜਾ ਸਕਦੀ ।ਅਜੋਕਾ ਮਨੁੱਖ ਭੌਤਿਕ ਸੁੱਖ ਸਹੂਲਤਾਂ ਦੀ ਪ੍ਰਾਪਤੀ ਲਈ ਅਤੇ ਆਤਮਿਕ ਸ਼ਾਂਤੀ ਲਈ ਇਧਰ – ਉਧਰ ਭਟਕਦਾ ਫਿਰਦਾ ਹੈ । ਜੇਕਰ ਉਹ ਸੰਗੀਤ ਦੀ ਸ਼ਰਨ ਵਿੱਚ ਆ ਜਾਵੇ ਤਾਂ ਉਸ ਨੂੰ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ । ਇਸ ਲਈ ਭਾਰਤੀ ਸੰਗੀਤ , ਫ਼ਿਲਮੀ ਸੰਗੀਤ ਜਾਂ ਕੋਈ ਵੀ ਮਨਪਸੰਦ ਸੰਗੀਤ ਜ਼ਰੂਰ ਸੁਣਿਆ ਜਾ ਸਕਦਾ ਹੈ । ਜ਼ਿੰਦਗੀ ਨੂੰ ਸੁਹਜਮਈ ਬਣਾਉਣ ਦੇ ਲਈ ਜ਼ਰੂਰ ਹੀ ਸੰਗੀਤ ਨੂੰ ਅਪਣਾਉਣਾ ਚਾਹੀਦਾ ਹੈ ; ਕਿਉਂਕਿ ਸੰਗੀਤ ਤੋਂ ਬਿਨਾਂ ਸਾਡਾ ਜੀਵਨ ਫਿੱਕਾ , ਨੀਰਸ ਅਤੇ ਖੜੋਤ ਦੀ ਸਥਿਤੀ ਵਿੱਚ ਆ ਜਾਂਦਾ ਹੈ ।

                                                                                                                                                                                                                        
                  ਮਾਸਟਰ ਸੰਜੀਵ ਧਰਮਾਣੀ
                   ਸ੍ਰੀ ਅਨੰਦਪੁਰ ਸਾਹਿਬ
                     9478561356

 

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDLA Piper hosts joint Diwali Dinner with West Midlands India Partnership
Next articleਸਾਬਕਾ ਵਿੱਤ ਮੰਤਰੀ ਦੇ ਧੜੇ ਦੇ ਟਕਸਾਲੀ ਅਕਾਲੀਆਂ ਨੇ ਫੜਿਆ ਕੈਪਟਨ ਹਰਮਿੰਦਰ ਸਿੰਘ ਦਾ ਪੱਲ੍ਹਾ