ਕਾਨਪੁਰ — ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਤੋਂ ਬਾਅਦ ਇਕ ਹੋਰ ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਿਆ ਹੈ। ਉਸ ਦੀ ਪਤਨੀ ਗਰਿਮਾ ਮਿਸ਼ਰਾ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕਰਦੇ ਹੋਏ ਉਸ ‘ਤੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਦਾ ਦੋਸ਼ ਲਗਾਇਆ ਹੈ। ਗਰਿਮਾ ਨੇ ਦੋਸ਼ ਲਾਇਆ ਕਿ ਅਮਿਤ ਮਿਸ਼ਰਾ ਅਤੇ ਉਸ ਦਾ ਪਰਿਵਾਰ ਉਸ ਨੂੰ ਦਾਜ ਵਿਚ ਵਾਧੂ ਪੈਸੇ ਅਤੇ ਕਾਰ ਦੀ ਮੰਗ ਨੂੰ ਲੈ ਕੇ ਲਗਾਤਾਰ ਪ੍ਰੇਸ਼ਾਨ ਕਰ ਰਹੇ ਸਨ। ਨਾਲ ਹੀ ਉਸ ਨੇ ਦੋਸ਼ ਲਾਇਆ ਕਿ ਅਮਿਤ ਦੇ ਹੋਰ ਔਰਤਾਂ ਨਾਲ ਨਾਜਾਇਜ਼ ਸਬੰਧ ਸਨ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ।
ਗਰਿਮਾ ਮਿਸ਼ਰਾ ਨੇ ਦੱਸਿਆ ਕਿ ਉਸ ਦਾ ਵਿਆਹ 26 ਅਪ੍ਰੈਲ 2021 ਨੂੰ ਹੋਇਆ ਸੀ।ਵਿਆਹ ਤੋਂ ਬਾਅਦ ਉਸ ਨੂੰ ਹੌਂਡਾ ਸਿਟੀ ਕਾਰ ਅਤੇ 10 ਲੱਖ ਰੁਪਏ ਦਾਜ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਹ ਕਾਨਪੁਰ ਦੇ ਕਿਦਵਈ ਨਗਰ ਦੀ ਆਰਬੀਆਈ ਕਲੋਨੀ ਵਿੱਚ ਆਪਣੇ ਪਤੀ ਨਾਲ ਰਹਿਣ ਲੱਗੀ ਪਰ ਉੱਥੇ ਵੀ ਸਹੁਰਿਆਂ ਦਾ ਦਖ਼ਲ ਜਾਰੀ ਰਿਹਾ।
ਗਰਿਮਾ ਦਾ ਕਹਿਣਾ ਹੈ ਕਿ ਅਮਿਤ ਮਿਸ਼ਰਾ ਨੇ ਉਸ ਨੂੰ ਕਈ ਵਾਰ ਕੁੱਟਿਆ ਹੈ ਅਤੇ ਕਈ ਵਾਰ ਭੁੱਖਾ ਵੀ ਰੱਖਿਆ ਹੈ। ਉਸ ਨੇ ਦੋਸ਼ ਲਾਇਆ ਕਿ ਅਮਿਤ ਉਸ ਦੇ ਸਾਹਮਣੇ ਹੋਰ ਔਰਤਾਂ ਨਾਲ ਅਸ਼ਲੀਲ ਗੱਲਾਂ ਕਰਦਾ ਸੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਦਸੰਬਰ 2024 ਵਿੱਚ ਘਰੋਂ ਕੱਢ ਦਿੱਤਾ ਗਿਆ ਅਤੇ ਉਦੋਂ ਤੋਂ ਉਹ ਆਪਣੇ ਪਿਤਾ ਦੇ ਘਰ ਰਹਿ ਰਹੀ ਹੈ।
ਇਸ ਦੇ ਨਾਲ ਹੀ ਅਮਿਤ ਮਿਸ਼ਰਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਕਿ ਗਰਿਮਾ ਖੁਦ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਸੀ ਅਤੇ ਪਿਛਲੇ ਦਿਨੀਂ ਬੈਂਕ ਦਫ਼ਤਰ ਦੇ ਬਾਹਰ ਉਸ ਨਾਲ ਕੁੱਟਮਾਰ ਵੀ ਕੀਤੀ ਸੀ। ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ।
ਤੁਹਾਨੂੰ ਦੱਸ ਦੇਈਏ ਕਿ ਅਮਿਤ ਮਿਸ਼ਰਾ ਭਾਰਤ ਦੇ ਤਜਰਬੇਕਾਰ ਲੈੱਗ ਸਪਿਨ ਗੇਂਦਬਾਜ਼ ਹਨ। ਉਸਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 150 ਤੋਂ ਵੱਧ ਵਿਕਟਾਂ ਲਈਆਂ ਹਨ। ਉਸ ਨੇ 22 ਟੈਸਟ ਮੈਚਾਂ ‘ਚ 76 ਵਿਕਟਾਂ, 36 ਵਨਡੇ ਮੈਚਾਂ ‘ਚ 64 ਵਿਕਟਾਂ ਅਤੇ 10 ਟੀ-20 ਮੈਚਾਂ ‘ਚ 16 ਵਿਕਟਾਂ ਹਾਸਲ ਕੀਤੀਆਂ ਹਨ। ਉਸਨੇ ਆਖਰੀ ਵਾਰ ਫਰਵਰੀ 2017 ਵਿੱਚ ਭਾਰਤ ਲਈ ਖੇਡਿਆ ਸੀ। ਵਰਤਮਾਨ ਵਿੱਚ ਉਹ ਕਾਨਪੁਰ ਵਿਖੇ ਭਾਰਤੀ ਰਿਜ਼ਰਵ ਬੈਂਕ ਵਿੱਚ ਕੰਮ ਕਰ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



