ਚਾਰਾ ਘੁਟਾਲਾ: ਸੀਬੀਆਈ ਨੇ ਲਾਲੂ ਪ੍ਰਸਾਦ ਨੂੰ 139 ਕਰੋੜ ਦੇ ਗਬਨ ਕੇਸ ’ਚ ਦੋਸ਼ੀ ਮੰਨਿਆ

ਰਾਂਚੀ (ਸਮਾਜ ਵੀਕਲੀ):  ਸੀਬੀਆਈ ਦੇ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਆਰਜੇਡੀ ਸੁਪਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੂੰ 139.5 ਕਰੋੜ ਦੇ ਦੋਰਾਂਦਾ ਖ਼ਜ਼ਾਨਾ ਗਬਨ ਕੇਸ ਵਿੱਚ ਦੋਸ਼ੀ ਮੰਨਿਆ ਹੈ, ਜੋ ਚਾਰਾ ਘੁਟਾਲੇ ’ਚ ਉਨ੍ਹਾਂ ਖ਼ਿਲਾਫ਼ ਪੰਜਵਾਂ ਤੇ ਆਖ਼ਰੀ ਕੇਸ ਹੈ। ਲਾਲੂ ਪ੍ਰਸਾਦ ਵੱਲੋਂ ਮੈਡੀਕਲ ਆਧਾਰ ’ਤੇ ਸਰਕਾਰੀ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਦਾਖ਼ਲ ਕਰਵਾਉਣ ਸਬੰਧੀ ਪਾਈ ਅਪੀਲ ਸੀਬੀਆਈ ਜੱਜ ਸੁਧਾਂਸ਼ੂ ਕੁਮਾਰ ਸ਼ਸ਼ੀ ਵੱਲੋਂ ਰੱਦ ਕੀਤੇ ਜਾਣ ’ਤੇ ਉਨ੍ਹਾਂ ਨੂੰ ਰਾਂਚੀ ਵਿੱਚ ਸਥਿਤ ਬਿਰਸਾ ਮੁੰਡਾ ਕੇਂਦਰੀ ਜੇਲ੍ਹ ’ਚ ਰੱਖਿਆ ਜਾਵੇਗਾ। ਅਦਾਲਤ ਵਿੱਚ ਮੌਜੂਦ ਪ੍ਰਸਾਦ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਤੇ ਉਨ੍ਹਾਂ ਦੀ ਸਜ਼ਾ ਸਬੰਧੀ ਦਲੀਲਾਂ 21 ਫਰਵਰੀ ਨੂੰ ਸੁਣੀਆਂ ਜਾਣਗੀਆਂ। ਸੀਬੀਆਈ ਦੇ ਕਾਊਂਸਿਲ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਅਦਾਲਤ ਵੱਲੋਂ 18 ਫਰਵਰੀ ਨੂੰ ਉਨ੍ਹਾਂ ਦੀ ਸਜ਼ਾ ’ਤੇ ਜਿਰ੍ਹਾ ਕੀਤੀ ਜਾਵੇਗੀ।

ਦੂਜੇ ਪਾਸੇ ਭਾਜਪਾ ਦੇ ਰਾਜ ਸਭਾ ਮੈਂਬਰ ਐੱਮਪੀ ਤੇ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਅਦਾਲਤ ਦੇ ਫ਼ੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਸੂਬੇ ਨੂੰ 15 ਸਾਲਾਂ ਲਈ ਹਨੇਰੇ ਵਿੱਚ ਧੱਕਣ ਵਾਲਿਆਂ ਨਾਲ ਹੁਣ ਨਿਆਂ ਹੋਇਆ ਹੈ। ਇਸ ਤੋਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਨੂੰ ਚਾਰ ਘੁਟਾਲਾ ਦੇ ਚਾਰ ਹੋਰ ਕੇਸਾਂ ਵਿੱਚ 14 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਆਖ਼ਰੀ ਕੇਸ ਦਾ ਸਬੰਧ ਲਾਲੂ ਪ੍ਰਸਾਦ ਦੇ ਬਿਹਾਰ ਦੇ ਮੁੱਖ ਮੰਤਰੀ ਹੁੰਦਿਆਂ ਦੋਰਾਂਦਾ ਖਜ਼ਾਨੇ ਤੋਂ ਕਢਵਾਏ 139.35 ਕਰੋੜ ਰੁਪਏ ਨਾਲ ਸਬੰਧਤ ਹੈ। ਸੀਬੀਆਈ ਦੇ ਵਕੀਲ ਬੀਐੱਮਪੀ ਸਿੰਘ ਨੇ ਦੱਸਿਆ,‘ਕੇਸ ਵਿੱਚ ਸ਼ਾਮਲ 99 ਕਥਿਤ ਦੋਸ਼ੀਆਂ ਵਿੱਚੋਂ 24 ਰਿਹਾਅ ਹੋ ਚੁੱਕੇ ਹਨ ਜਦਕਿ 34 ਜਣਿਆਂ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਕੁੱਲ 41 ਦੋਸ਼ੀ ਜੇਲ੍ਹ ਭੇਜੇ ਜਾ ਚੁੱਕੇ ਹਨ।’ ਉਨ੍ਹਾਂ ਕਿਹਾ ਕਿ ਲਾਲੂ ਪ੍ਰਸਾਦ ਦੀ ਅਪੀਲ ਦੇ ਮੱਦੇਨਜ਼ਰ ਜੇਲ੍ਹ ਸੁਪਰਡੈਂਟ ਤੇ ਆਰਆਈਐੱਮਐੱਸ ਦੇ ਨਿਰਦੇਸ਼ਕ ਨੂੰ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਕਦਮ ਚੁੱਕਣ ਲਈ ਆਖਿਆ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSecretariat to come up for India’s forthcoming G-20 Presidency
Next articleਲਖੀਮਪੁਰ ਖੀਰੀ ਕੇਸ: ਆਸ਼ੀਸ਼ ਮਿਸ਼ਰਾ ਜ਼ਮਾਨਤ ’ਤੇ ਰਿਹਾਅ