ਲਖੀਮਪੁਰ ਖੀਰੀ ਕੇਸ: ਆਸ਼ੀਸ਼ ਮਿਸ਼ਰਾ ਜ਼ਮਾਨਤ ’ਤੇ ਰਿਹਾਅ

 

  • ਦਸ ਅਕਤੂਬਰ ਤੋਂ ਜੇਲ੍ਹ ’ਚ ਸੀ ਬੰਦ

ਲਖੀਮਪੁਰ ਖੀਰੀ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਕਿਸਾਨਾਂ ਦੀ ਹੱਤਿਆ ਕਰਨ ਦੇ ਕੇਸ ’ਚ ਮੁੱਖ ਮੁਲਜ਼ਮ ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਅੱਜ ਸ਼ਾਮ ਜ਼ਮਾਨਤ ’ਤੇ ਜੇਲ੍ਹ ਵਿਚੋਂ ਰਿਹਾਅ ਹੋ ਗਿਆ। ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਲਈ ਮਿੱਥੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਆਸ਼ੀਸ਼ ਜੇਲ੍ਹ ’ਚੋਂ ਬਾਹਰ ਆ ਗਿਆ। ਆਸ਼ੀਸ਼ ਮਿਸ਼ਰਾ 10 ਅਕਤੂਬਰ ਤੋਂ ਜੇਲ੍ਹ ਵਿਚ ਸੀ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਤਿਕੁਨੀਆ ਵਿਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਸਨ ਤੇ ਉੱਥੇ ਹੋਈ ਹਿੰਸਾ ਵਿਚ ਚਾਰ ਕਿਸਾਨਾਂ ਤੇ ਹੋਰਾਂ ਦੀ ਮੌਤ ਹੋ ਗਈ ਸੀ। ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਇਸ ਕੇਸ ਵਿਚ ਆਸ਼ੀਸ਼ ਦਾ ਨਾਂ ਮੁੱਖ ਮੁਲਜ਼ਮ ਵਜੋਂ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਉਤੇ ਗੱਡੀ ਚੜ੍ਹਾ ਦਿੱਤੀ ਗਈ ਸੀ ਤੇ ਮਗਰੋਂ ਹਿੰਸਾ ਵੀ ਹੋਈ ਸੀ। ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਪਿਛਲੇ ਹਫ਼ਤੇ ਇਸ ਕੇਸ ਵਿਚ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ। ਜੇਲ੍ਹ ਦੇ ਮੁੱਖ ਗੇਟ ਉਤੇ ਅੱਜ ਵੱਡੀ ਗਿਣਤੀ ਮੀਡੀਆ ਕਰਮੀ ਤੇ ਲੋਕ ਇਕੱਤਰ ਸਨ ਪਰ ਆਸ਼ੀਸ਼ ਨੂੰ ਜੇਲ੍ਹ ਸੁਪਰਡੈਂਟ ਦੀ ਰਿਹਾਇਸ਼ ਨਾਲ ਲੱਗਦੇ ਇਕ ਹੋਰ ਗੇਟ ਰਾਹੀਂ ਕੱਢਿਆ ਗਿਆ। ਸੁਪਰਡੈਂਟ ਦੀ ਰਿਹਾਇਸ਼ ਜੇਲ੍ਹ ਕੈਂਪਸ ਦੇ ਅੰਦਰ ਹੀ ਹੈ। ਕੇਂਦਰੀ ਮੰਤਰੀ ਅਜੈ ਮਿਸ਼ਰਾ ਜ਼ਿਲ੍ਹੇ ਵਿਚ ਹੀ ਸਨ ਪਰ ਲਖੀਮਪੁਰ ਵਿਚ ਉਨ੍ਹਾਂ ਦੇ ਘਰ ਗਏ ਮੀਡੀਆ ਕਰਮੀ ਉਨ੍ਹਾਂ ਨੂੰ ਮਿਲ ਨਹੀਂ ਸਕੇ।

ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਦੇ ਅੱਠ ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਚੌਥੇ ਗੇੜ ਵਿਚ 23 ਫਰਵਰੀ ਨੂੰ ਹੋਣਗੀਆਂ। ਅਲਾਹਾਬਾਦ ਹਾਈ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਲਈ ਦਿੱਤੇ ਹੁਕਮਾਂ ਵਿਚ ਸੋਮਵਾਰ ਸੋਧ ਕੀਤੀ ਸੀ। ਆਸ਼ੀਸ਼ ਨੇ ਸ਼ੁੱਕਰਵਾਰ ਲਖਨਊ ਬੈਂਚ ਕੋਲ ਪਹੁੰਚ ਕਰ ਕੇ ਮੰਗ ਕੀਤੀ ਸੀ ਕਿ ਹਾਈ ਕੋਰਟ ਦੇ ਹੁਕਮਾਂ ਵਿਚ ਧਾਰਾ 302 ਤੇ 120ਬੀ ਵੀ ਜੋੜੀ ਜਾਵੇ ਜਿਨ੍ਹਾਂ ਦਾ ‘ਅਣਜਾਣੇ ਵਿਚ’ ਜ਼ਿਕਰ ਨਹੀਂ ਹੋ ਸਕਿਆ ਹੈ ਕਿਉਂਕਿ ਅਜਿਹਾ ਨਾ ਹੋਣ ’ਤੇ ਜੇਲ੍ਹ ਪ੍ਰਸ਼ਾਸਨ ਉਸ ਨੂੰ ਰਿਹਾਅ ਨਹੀਂ ਕਰੇਗਾ। ਅਰਜ਼ੀ ਵਿਚ ਕਿਹਾ ਗਿਆ ਸੀ ਕਿ ਇਹ ਟਾਈਪ ਦੀ ਗਲਤੀ ਹੈ, ਹਾਲਾਂਕਿ ਅਦਾਲਤ ਨੇ ਪਹਿਲਾਂ ਹੀ ਇਨ੍ਹਾਂ ਧਾਰਾਵਾਂ ਨੂੰ ਦੇਖ ਕੇ ਜ਼ਮਾਨਤ ਮਨਜ਼ੂਰ ਕੀਤੀ ਹੈ। ਇਸ ਲਈ ਲਿਖਤੀ ਹੁਕਮਾਂ ਵਿਚ ਇਹ ਜੋੜੀਆਂ ਜਾਣ। ਜਸਟਿਸ ਰਾਜੀਵ ਸਿੰਘ ਦੇ ਬੈਂਚ ਨੇ 10 ਫਰਵਰੀ ਨੂੰ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਜ਼ਮਾਨਤ ਦਿੱਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਾਰਾ ਘੁਟਾਲਾ: ਸੀਬੀਆਈ ਨੇ ਲਾਲੂ ਪ੍ਰਸਾਦ ਨੂੰ 139 ਕਰੋੜ ਦੇ ਗਬਨ ਕੇਸ ’ਚ ਦੋਸ਼ੀ ਮੰਨਿਆ
Next article‘Will appeal’, says Tejashwi on Lalu’s conviction in fodder scam