ਕੇਂਦਰੀ ਚੀਨ ’ਚ ਹੜ੍ਹਾਂ ਕਾਰਨ 13 ਮੌਤਾਂ, ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ

ਪੇਈਚਿੰਗ (ਸਮਾਜ ਵੀਕਲੀ): ਚੀਨ ਦੇ ਕੇਂਦਰੀ ਹੇਨਾਨ ਸੂਬੇ ਵਿੱਚ 1000 ਸਾਲਾਂ ਵਿੱਚ ਪਏ ਸਭ ਤੋਂ ਭਾਰੀ ਮੀਂਹ ਕਾਰਨ ਰਾਸ਼ਟਰਪਤੀ ਸ਼ੀ ਚਿਨਪਿੰਗ ਨੂੰ ਅੱਜ ਭੂਮੀਗਤ ਸੁਰੰਗਾਂ, ਹੋਟਲਾਂ ਅਤੇ ਜਨਤਕ ਥਾਵਾਂ ’ਤੇ ਫਸੇ ਲੋਕਾਂ ਨੂੰ ਕੱਢਣ ਲਈ ਫੌਜ ਤਾਇਨਾਤ ਕਰਨੀ ਪਈ। ਮੀਂਹ ਅਤੇ ਵੱਖ-ਵੱਖ ਥਾਵਾਂ ’ਤੇ ਆਏ ਹੜ੍ਹਾਂ ਕਾਰਨ ਲਗਪਗ 13 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ। ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਨਾਲ 1.26 ਕਰੋੜ ਦੀ ਆਬਾਦੀ ਵਾਲੀ ਸੂਬਾਈ ਰਾਜਧਾਨੀ ਝੇਂਗਝੂ ਵਿੱਚ ਜਨਤਕ ਥਾਵਾਂ ਅਤੇ ‘ਭੂਮੀਗਤ ਸੁਰੰਗਾਂ’ ਵਿੱਚ ਪਾਣੀ ਭਰ ਗਿਆ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਦਾ ਅਜਿਹਾ ਕਹਿਰ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ, ਰਾਸ਼ਟਰਪਤੀ ਸ਼ੀ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੀ ਤਾਇਨਾਤੀ ਦਾ ਆਦੇਸ਼ ਦਿੱਤਾ ਹੈ ਅਤੇ ਕਿਹਾ ਕਿ ਸਾਰੇ ਪੱਧਰ ਦੇ ਅਧਿਕਾਰੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਕਿਉਂਕਿ ਝੇਂਗਝੂ ਸ਼ਹਿਰ ਵਿੱਚ ਹੜ੍ਹ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਇਸੇ ਦੌਰਾਨ ਹੈਨਾਨ ਸੂਬੇ ਵਿੱਚ ਹੜ੍ਹ ਕਾਰਨ ਪੈਦਾ ਹਾਲਤ ਨਾਲ ਨਜਿੱਠਣ ਲਈ ਚੀਨ ਦੀ ਫੌਜ ਨੇ ਅੱਜ ਇੱਕ ਡੈਮ ਨੂੰ ਬਰੂਦੀ ਧਮਾਕੇ ਨਾਲ ਤੋੜ ਕੇ ਪਾਣੀ ਦੇ ਵਹਾਅ ਨੂੰ ਵਦਲਣ ਦੀ ਕੋਸ਼ਿਸ਼ ਕੀਤੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੋਕੀਓ ਓਲੰਪਿਕ ਖੇਡਾਂ ਦਾ ਰਸਮੀ ਆਗਾਜ਼ ਅੱਜ
Next articleਵਿਰੋਧੀ ਧਿਰ ਨੇ ਨਾ ਚੱਲਣ ਦੀ ਦਿੱਤੀ ਸੰਸਦੀ ਕਾਰਵਾਈ