ਪੁਸਤਕ ਸਮੀਖਿਆ

ਸਮਾਜ ਵੀਕਲੀ

ਅੰਮ੍ਰਿਤਪਾਲ ਕਲੇਰ (ਚੀਦਾ), ਮੋਗਾ
ਮੋਬ. 99157 80980

“ਉਹ ਇੱਕੀ ਦਿਨ” (ਨਾਵਲਕਾਰ -ਗੁਰਮੀਤ ਕੜਿਆਲਵੀ) 152 ਕੁ ਸਫ਼ਿਆਂ ਦਾ ‘ਪੀਪਲਜ਼ ਫੋਰਮ ਬਰਗਾੜੀ (ਫਰੀਦਕੋਟ ) ਵੱਲੋਂ ਛਾਪਿਆ ਗਿਆ ਇਹ 150ਰੁਪਏ ਦੀ ਕੀਮਤ ਵਾਲਾ ਨਾਵਲ ਅਰਬਾਂ ਖ਼ਰਬਾਂ ਦੇ ਇਤਹਾਸ ਦਾ ਮੁੱਲ ਉਤਾਰੇਗਾ।

ਗੁਰਮੀਤ ਕੜਿਆਲਵੀ ਪੰਜਾਬੀ ਸਾਹਿਤ ਦਾ ਉਹ ਚੋਟੀ ਦਾ ਨਾਮ ਹੈ , ਜੋ ਕਿਸੇ ਜਾਣ ਪਹਿਚਾਣ ਮੁਥਾਜ ਨਹੀਂ । ਕਹਾਣੀਕਾਰ ਦੇ ਵਜੋਂ ਸਥਾਪਿਤ ਹੋਏ ਇਸ ਲੇਖਕ ਨੇ ਜ਼ਿੰਦਗੀ ਦੇ ਹਾਸ਼ੀਏ ਤੋਂ ਥਿੜਕੇ ਅਤੇ ਯਥਾਰਥਿਕ ਪਰਸਥਿਤੀਆਂ ਨਾਲ਼ ਦੋ ਚਾਰ ਹੁੰਦੇ ਲੋਕਾਂ ਦੇ ਦਰਦ ਮਈ ਜੀਵਨ ਨੂੰ ਕਲਮਵੱਧ ਕੀਤਾ ਹੈ।

ਗੁਰਮੀਤ ਦਾ ਪਲੇਠਾ ਨਾਵਲ “ਉਹ ਇੱਕੀ ਦਿਨ “ ਕਰੋਨਾ ਮਹਾਂਮਾਰੀ ਦੇ ਚਲਦਿਆਂ ਰੋਮਾਂਸਵਾਦੀ ਹੋਣ ਦੇ ਨਾਲ਼ ਨਾਲ਼ ਇਤਹਾਸਿਕ ਦਸਤਾਵੇਜ਼ ਵੀ ਬਣ ਗਿਆ ਹੈ। ਇਹ ਕੋਵਿਡ -19 ਕਾਲ਼ ਦੇ ਸਾਲ ਤੋਂ ਉੱਪਰ ਸਮੇਂ ਦੇ ਦੌਰਾਨ ਜੇ ਕੋਈ ਉੱਚ ਪਾਏ ਦੀ ਰਚਨਾ ਉੱਭਰ ਕੇ ਸਾਹਮਣੇ ਆਈ ਹੈ ਤਾਂ ਉਹ ਗੁਰਮੀਤ ਦਾ ਨਾਵਲ ਹੀ ਹੈ , ਜਿਸ ਨੇ ਹਰ ਛੋਟੇ ਵੱਡੇ ਲੇਖਕ ਤੋਂ ਲੈ ਕੇ ਹਰ ਸਧਾਰਨ ਪਾਠਕ ਦਾ ਧਿਆਨ ਖਿੱਚਿਆ ਹੈ।

ਸਾਹਿਤ ਦੀਆਂ ਮਹਾਨ ਹਸਤੀਆਂ ਇਸ ਨਾਵਲ ਬਾਰੇ ਬਹੁਤ ਕੁੱਝ ਲਿਖ ਚੁੱਕੀਆਂ ਹਨ , ਪਰ ਮੈਂ ਇੱਕ ਸਧਾਰਨ ਪਾਠਕ ਦੇ ਨਜ਼ਰੀਏ ਤੋਂ ਸਮੀਖਿਆ ਕੀਤੀ ਹੈ। ਇਹ ਨਾਵਲ ਅੱਜ ਕੱਲ੍ਹ ਐਨਾ ਕੁ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਬਾਕੀ ਸਾਹਿਤ ਦੀ ਕਿਸੇ ਵੀ ਵਿਧਾ ਨੂੰ ਗਲਪਕਾਰ ਨੇ ਸਿਰ ਹੀ ਚੁੱਕਣ ਨਹੀਂ ਦਿੱਤਾ । ਹਰ ਪੱਖ ਤੋਂ ਨਾਵਲ ਹੈ ਹੀ ਬੜਾ ਸ਼ਾਨਦਾਰ ਅਤੇ ਕਲਾਮਈ । ਵਿਸ਼ਾ, ਪਾਤਰ ਉਸਾਰੀ , ਵਾਰਤਾਲਾਪ (ਸੰਵਾਦ)ਅਤੇ ਸਥਾਨਿਕ ਆਂਚਲਿਕਤਾ ਕਿਆ ਕਮਾਲ ਦੀ ਹੈ।

“ਉਹ ਇੱਕੀ ਦਿਨ “(ਨਾਵਲ) ਦੀ ਸ਼ੁਰੂਆਤ ਬੜੇ ਹੀ ਕਲਾਮਈ ਅਤੇ ਸ਼ਰਮੀਲੇ ਜਿਹੇ ਰੋਮਾਂਸਵਾਦੀ ਢੰਗ ਨਾਲ਼ ਹੁੰਦੀ ਹੈ –

“ਮੀਸਣੀ ਧੁੱਪ ,…ਇਸ ਬੇਵਫਾ ਧੁੱਪ ਵਿੱਚ ਡਰੇ ਤੇ ਸਹਿਮੇ ਹੋਏ ਚਿਹਰਿਆਂ ……”

ਕਰੋਨਾ ਦੀ ਸਾਲ ਗਿਰ੍ਹਾ ਲੰਘੀ ਨੂੰ ਅਜੇ ਕੁਝ ਹੀ ਸਮਾਂ ਹੋਇਆ ਹੈ । ਸਾਲ ਤੋਂ ਪਹਿਲਾਂ ਹੀ ਕਹਿ ਲਈਏ ਕਿ ਮਹੀਨਿਆਂ ਵਿੱਚ ਹੀ ਸੰਸਾਰ ਪ੍ਰਸਿਧ ਮਹਾਂਮਾਰੀ ਦਾ ਪਾਤਰਾਂ ਦੀ ਹੂ ਬ ਹੂ ਮਾਨਸਿਕਤਾ ਨੂੰ ਅਤੇ ਸਮਾਜਿਕ ਰਵੱਈਏ ਨੂੰ ਪੇਸ਼ ਕਰਦਾ ਨਾਵਲ ਹੈ , ਉਹ ਵੀ ਸਮਰੱਥ ਲੇਖਕ ਵੱਲੋਂ ਲਿਖਿਆ ਜਾਣਾ ਪੰਜਾਬੀ ਸਾਹਿਤ ਦੀ ਅਮੀਰੀ ਹੋ ਨਿਬੜਿਆ ਹੈ । ਮੇਰੇ ਧਿਆਨ ਵਿੱਚ ਅਜੇ ਤੇ ਨਹੀਂ ਆਇਆ ਕਿ ਕਿਸੇ ਹੋਰ ਭਾਸ਼ਾ ਦੇ ਸਾਹਿਤ ਵਿੱਚ ਇੱਦਾਂ ਦੀ ਕੋਈ ਪਰਪੱਕ ਰਚਨਾ ਉੱਭਰ ਕੇ ਸਾਹਮਣੇ ਆਈ ਹੋਵੇ ।

ਇਤਹਾਸ ਗਵਾਹ ਹੈ ਕਿ ਸਦੀ ਪਲਟਣ ਨਾਲ਼ ਮਹਾਂਮਾਰੀਆਂ ਦੇ ਮਾਨਵਤਾ ਦੀ ਵਿਨਾਸ਼ਤਾ ਨਾਲ਼ ਗੂੜ੍ਹੇ ਅਤੇ ਗਹਿਰੇ ਸਬੰਧ ਨੇ । ਪਲੇਗ ਅਤੇ ਹੈਜ਼ਾ 1918 ਈ. ਦੇ ਇਰਦ ਗਿਰਦ ਫੈਲਿਆ ਸੀ । ਮੁਢਲੇ ਦਸਤਾਵੇਜ਼ਾਂ ਤੋਂ ਬਿਨਾ ਕੋਈ ਉੱਚ ਪਾਏ ਦੀ ਰਚਨਾ ਨਹੀਂ ਰਚੀ ਗਈ , ਜੋ ਇਤਹਾਸਿਕ ਹੋ ਨਿਬੜੇ । ਗੁਰਮੀਤ ਦੀ ਸਿਰਜਣਾ ਨਾਵਲ “ਉਹ ਇੱਕੀ ਦਿਨ “ ਰੋਮਾਂਸਵਾਦੀ ਹੋਣ ਦੇ ਨਾਲ਼ ਨਾਲ਼ ਇਤਹਾਸਿਕ ਦਸਤਾਵੇਜ਼ ਹੈ , ਜੋ ਆਉਣ ਵਾਲੇ ਸਮੇਂ ਵਿੱਚ ਬੀਤੇ ਦਾ ਇੱਕ ਗੂੜ੍ਹਾ ‘ਤੇ ਨਿੱਗਰ ਅਧਿਆਇ ਹੋਵੇਗਾ ।ਇਸਦੀ ਉਮਰ ਧਰਾ ਜਿੱਡੀ ਹੋਵੇਗੀ। ਨਾਵਲ ਸਰਕਾਰ ਦੇ ਵੱਡੇ ਵੱਡੇ ਦਾਵਿਆਂ ਦੀਆਂ ਵੱਖੀਆਂ ਉਧੇੜਦਾ ਹੈ ..

“ ਚਿੱਟਾ ਤਾਂ ਗੁੜ ਵਾਂਗੂੰ ਮਿਲੀ ਜਾਂਦਾ। ਹੱਟੀਆਂ ਤੋਂ ਮਿਲਣ ਵਾਲੀ ਗੱਲ ਐ। ਸਾਰੇ ਰਲ਼ੇ ਫਿਰਦੇ ਵਿੱਚੇ ਪੁਲਸ , ਵਿੱਚੇ ਲੀਡਰ…….”

ਨਾਵਲਕਾਰ ਨੇ ਪਾਤਰ ਐਸ ਡੀ ਐਮ ਦੇ ਮੂੰਹੋਂ ਕਹਾਏ ਅੰਗਰੇਜੀ ਦੇ ਸ਼ਬਦ ਬੇਸ਼ੱਕ ਹਲਾਤਾਂ ਅਤੇ ਸਥਿਤੀ ਦੀ ਤਸਵੀਰ ਚਿਤਵਦੇ ਹਨ ,ਪਰ ਗਲਪਕਾਰੀ ਦੇ ਪੱਖੋਂ ਲੱਗਦਾ ਹੈ ਜਿਵੇਂ ਮੱਲੋਮੱਲੀ ਥਿੜਕੇ ਹੋਣ..

“ਯੂ ਨੋਅ , ਹੈਂਡਵਾਸ਼, ਸੋਸ਼ਲ ਡਿਸਟੈਂਸ….”ਆਦਿ।

ਪਾਤਰਾਂ ਦੀ ਮਾਨਸਿਕਤਾ ਦੇ ਧੁਰ ਅੰਦਰ ਤੱਕ ਲਹਿ ਜਾਣਾ ਬਹੁਤ ਘੱਟ ਵਾਰਤਾਕਾਰਾਂ ਦੇ ਕਲਾਵੇ ਵਿੱਚ ਆਉਂਦਾ ਹੈ , ਇਸ ਪੱਖੋਂ ਗੁਰਮੀਤ ਦੀ ਪਕੜ ਬਹੁਤ ਮਜ਼ਬੂਤ ਹੈ,ਨਮੂਨੇ ਦੇ ਤੌਰ ਤੇ …

“ਬਦਰੂਮੀ ਵਾਲੇ ਸੰਤ ਮਿਹਰ ਕਰਨ , ਜੇਠ ਦੇ ਪਹਿਲੇ ਹਫ਼ਤੇ ਆਵਦੇ ਘਰ ਹੋਵਾਂਗੇ। ਸੁੱਖ ਰਹੀ ਤਾਂ ਪੁੰਨਿਆ ਨੂੰ ਡੇਰੇ ਸੇਵਾ ਕਰ ਆਊਂ,,”
ਮਹਾਂਮਾਰੀ ਦੀ ਆੜ ਵਿੱਚ ਸਹਿਕਦੇ ਰਿਸ਼ਤੇ ਜਲਦੀ ਨਾਲ਼ ਦਮ ਤੋੜ ਗਏ ।ਆਪਣਿਆਂ ਦੇ ਅਹਿਸਾਸ ਆਪਣਿਆਂ ਲਈ ਬੇਰੁਖੀਆਂ ਹਵਾਵਾਂ ਦੀ ਤਪਸ਼ ਨਾਲ਼ ਝੁਲਸੇ ਗਏ। ਨਾਵਲ ਦੀ ਖੂਬਸੂਰਤੀ ਉਚਾਈ ਦਾ ਮਿਆਰ ਖੜ੍ਹਾ ਕਰਦੀ ਹੈ ।ਦੇਖੋ…

“ ਮਨਵੀਰ ਦੇ ਦਿਲ ਨੂੰ ਵੱਡੀ ਠੇਸ ਤਾਂ ਉਸ ਸਮੇਂ ਲੱਗੀ ਸੀ ਜਦੋਂ ਭਰਜਾਈ ਨੇ ਵੀ ਉਸਦੇ ਘਰ ਆਉਣ ਦਾ ਵਿਰੋਧ ਕੀਤਾ ਸੀ।”

ਸੁਖਮਨ ਤੇ ਇਕਾਂਤਵਾਸ ਕੀਤਾ ਗਿਆ ਅਨੰਦ (ਪਾਤਰ)ਇੱਕ ਜੀਵਨ ਜਿਉਣ ਦੀ ਊਰਜਾ ਨਾਲ਼ ਬਾਕੀਆਂ ਨੂੰ ਜ਼ਿੰਦਗੀ ਪ੍ਰਤੀ ਸਾਕਾਰਾਤਮਿਕ ਸੋਚ ਦਾ ਸ਼ਾਨਦਾਰ ਸਿਧਾਂਤ ਦਿੰਦੇ ਹਨ । ਨਾਵਲ ਅੱਗੇ ਵਧਦਾ ਹੋਇਆ ਜਿੰਦਰ ਅਤੇ ਅੰਮ੍ਰਿਤ ਦੀ ਅਕਾਸ਼ੀ ਤੇ ਮਿਜਾਜ਼ੀ ਮੁਹੱਬਤ ਸਾਰੇ ਅਣਸੁਖਾਵੇਂ ਹਲਾਤਾਂ ਨੂੰ ਪਰੇ ਧੱਕ ਕੇ ਜਿਉਣ ਦੀ ਪ੍ਰਬਲ ਇੱਛਾ ਨਾਲ਼ ਨਵੇਂ ਸਿਧਾਂਤ ਦੀ ਸਿਰਜਣਾ ਕਰਦੀ ਹੈ। ਇਹਨਾਂ ਦੋਨਾਂ ਪਾਤਰਾਂ ਦੇ ਕਿਰਦਾਰ ਕੋਈ ਸ਼ੱਕ ਨਹੀਂ ਕਿ ਅਜੋਕੀ ਨੌਜਵਾਨ ਪੀੜ੍ਹੀ ਜੋ ਕਦਰਾਂ ਕੀਮਤਾਂ ਵਿਹੂਣੀ ਹੈ ਨੂੰ ਚੰਗਾ ਸੁਨੇਹਾ ਤਾਂ ਦਿੰਦੇ ਹਨ ਪਰ ਵਾਸਤਵਿਕ ਦੌਰ ਵਿੱਚ ਇਹ ਪੱਖ ਔੜ ਦੀ ਮਾਰ ਹੇਠ ਆਇਆ ਵੀ ਲੱਗਦਾ ਹੈ ਜੋ ਨਾਵਲ ਦੀ ਯਥਾਰਥਿਕ ਤੇ ਨਿੱਗਰ ਸੋਚ ਨੂੰ ਖਲਾਅ ਵਿੱਚ ਹੀ ਛੱਡ ਦਿੰਦਾ ਹੈ।

ਮੈਂ ਇਹ ਨਾਵਲ ਤਿੰਨ ਵਾਰ ਪੜ੍ਹਿਆ। ਪਹਿਲਾਂ ਤਾਂ ਮੈਂ ਹੀ ਆਪਣੇ 17 ਦਿਨਾਂ ਦੇ ਇਕਾਂਤਵਾਸ ‘ ਚ ਪੜ੍ਹਿਆ । ਫਿਰ ਤੀਜੀ ਵਾਰੀ ਹੁਣ ਨਿੱਠ ਕੇ ਇੱਕ ਸਧਾਰਨ ਪਾਠਕ ਦੇ ਨਜ਼ਰੀਏ ਨਾਲ਼ । ਇਸ ਵਾਰ ਤੇ ਮੇਰੀ ਸਧਾਰਨ ਪਾਠਕ ਵਾਲੀ ਰੁਚੀ ਕੁਝ ਜ਼ਿਆਦਾ ਹੀ ਉਤੇਜਿਤ ਹੋ ਗਈ । ਐਸ ਡੀ ਐਮ ਗੁਰਭਗਤ ਸਿੰਘ ਦੀ ਵਾਰਤਾਲਾਪ ਪੜ੍ਹੀ , ਕਸਮ ਨਾਲ਼ ਜੀਅ ਕੀਤਾ ਉਸਦੇ ਹੁਣੇ ਪੱਕੀ ਇੱਟ ਚੁੱਕ ਸਿਰ ਵਿੱਚ ਮਾਰਾਂ , ਨਹੀ ਸੀ ਹੋ ਸਕਦਾ । ਚੱਕਰ ਜਿਹਾ ਆਇਆ ਓ ਹੋ ਨਾਵਲ ਪੜ੍ਹ ਰਹੀ ਹਾਂ । ਨਾਵਲਕਾਰ ਵਿੱਚ ਪਾਠਕ ਨੂੰ ਬੰਨ੍ਹਣ ਦੀ ਕਮਾਲ ਦੀ ਕਲਾ ਹੈ । ਗੁਰਮੀਤ ਨੇ ਸਮੇਂ ਦੀ ਨਜ਼ਾਕਤ ਨੂੰ ਬਹੁਤ ਨੇੜੇ ਤੋਂ ਮਹਿਸੂਸ ਕੀਤਾ ਹੈ ਅਤੇ ਚਿਹਰਿਆਂ ਵਿੱਚੋਂ ਹਾਵਾਂ ਭਾਵਾਂ ਨੂੰ ਬੜੇ ਬਰੀਕੀ ਨਜ਼ਰੀਏ ਤੋਂ ਦੇਖਿਆ ਹੈ ਦੇਖੋ..

“ਜੇ ਵਕਤ ਨੇ ਲੋਕਾਂ ਦੇ ਚਿਹਰਿਆਂ ਤੇ ਮਾਸਕ ਪਾਏ ਵੀ ਨੇ ਤਾਂ ਚਿਹਰਿਆਂ ਤੋਂ ਨਕਾਬ ਲਾਹੇ ਵੀ ਨੇ….”

ਨਾਵਲ ਦਾ ਸਿਖਰ ਨਾਵਲਕਾਰ ਨੇ ਥੋੜ੍ਹੀ ਜਿਹੀ ਹਿਟਲਰ ਦੀ ਇਤਹਾਸਿਕ ਛੋਹ ਦੇ ਕੇ ਅਤੇ ਬੜੇ ਹੀ ਕਲਾਮਈ ਰੁਮਾਂਸਵਾਦੀ ਤਰੀਕੇ ਨਾਲ਼ ਕੀਤਾ ਹੈ। ਦੇਖੋ

“ ਅਸੀਂ ਡੀਵਾਈਨ ਲਾਈਟ ਸਕੂਲ ਦੇ ਇਸ ਆਈਸੋਲੇਸ਼ਨ ਸੈਂਟਰ ‘ਚ ਪੈਦਾ ਹੋਈ ਤੇਰੀ ਤੇ ਜਿੰਦਰ ਦੀ ਖਾਮੋਸ਼ ਮੁਹੱਬਤ ਦੇ ਪ੍ਰਵਾਨ ਚੜ੍ਹਨ ਦੀ ਉਡੀਕ ਕਰਾਗਾਂ।”

ਬਾਕੀ ਪਾਠਕੋ ਤੁਹਾਨੂੰ ਪੜ੍ਹਨ ਤੇ ਇਸ ਨਾਵਲ ਵਿੱਚੋਂ ਬਹੁਤ ਕੁਝ ਮਿਲ ਜਾਵੇਗਾ।

 

 

ਅੰਮ੍ਰਿਤਪਾਲ ਕਲੇਰ

(ਚੀਦਾ) ਮੋਗਾ
ਮੋਬ. 9915780980

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਅਦੇ
Next articleਦਿੱਲੀ ਵਿੱਚ ਲੌਕਡਾਊਨ ਇਕ ਹਫਤਾ ਹੋਰ ਵਧਾਇਆ