ਵਿਰੋਧੀ ਧਿਰ ਨੇ ਨਾ ਚੱਲਣ ਦੀ ਦਿੱਤੀ ਸੰਸਦੀ ਕਾਰਵਾਈ

ਨਵੀਂ ਦਿੱਲੀ, (ਸਮਾਜ ਵੀਕਲੀ) : ਸੰਸਦ ਦੇ ਦੋਵਾਂ ਸਦਨਾਂ ਲੋਕ ਸਭਾ ਤੇ ਰਾਜ ਸਭਾ ’ਚ ਅੱਜ ਵਿਰੋਧੀ ਧਿਰ ਨੇ ਵੱਖ ਵੱਖ ਮੁੱਦਿਆਂ ’ਤੇ ਹੰਗਾਮਾ ਕੀਤਾ ਜਿਸ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਵਾਰ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਨੇ ਲੋਕ ਸਭਾ ’ਚ ਖੇਤੀ ਕਾਨੂੰਨਾਂ ਜਦਕਿ ਰਾਜ ਸਭਾ ’ਚ ਪੈਗਾਸਸ ਤੇ ਦੈਨਿਕ ਭਾਸਕਰ ਗਰੁੱਪ ’ਤੇ ਆਮਦਨ ਕਰ ਵਿਭਾਗ ਦੇ ਛਾਪਿਆਂ ਸਮੇਤ ਹੋਰ ਕਈ ਮੁੱਦਿਆਂ ’ਤੇ ਹੰਗਾਮਾ ਕੀਤਾ। ਲੋਕ ਸਭਾ ’ਚ ਅੱਜ ਵੀ ਪ੍ਰਸ਼ਨ ਕਾਲ ’ਚ ਅੜਿੱਕਾ ਪਿਆ ਤੇ ਸਿਫਰ ਕਾਲ ਵੀ ਨਹੀਂ ਹੋ ਸਕਿਆ। ਲੋਕ ਸਭਾ ’ਚ ਰੌਲੇ ਰੱਪੇ ਵਿਚਾਲੇ ਹੀ ‘ਲਾਜ਼ਮੀ ਰੱਖਿਆ ਸੇਵਾਵਾਂ ਬਿੱਲ’ ਅਤੇ ‘ਅੰਦਰਦੇਸ਼ੀ ਸਮੁੰਦਰੀ ਜਹਾਜ਼ਾਂ ਸਬੰਧੀ ਬਿੱਲ’ ਪੇਸ਼ ਕੀਤਾ ਗਿਆ।

ਅੱਜ ਸਵੇਰੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਵਿਰੋਧੀ ਧਿਰ ਦੇ ਮੈਂਬਰ ਨਾਅਰੇਬਾਜ਼ੀ ਕਰਦਿਆਂ ਸਪੀਕਰ ਦੀ ਸੀਟ ਨੇੜੇ ਪਹੁੰਚ ਗਏ। ਕਾਂਗਰਸ ਮੈਂਬਰਾਂ ਨੇ ਹੱਥਾਂ ’ਚ ਨਾਅਰੇ ਲਿਖੀਆਂ ਤਖ਼ਤੀਆਂ ਫੜ ਕੇ ‘ਕਾਲੇ ਕਾਨੂੰਨ ਵਾਪਸ’ ਲਓ ਦੇ ਨਾਅਰੇ ਮਾਰੇ। ਇਸ ਦੌਰਾਨ ਕੁਝ ਸੰਸਦ ਮੈਂਬਰਾਂ ਨੇ ਗੁਰਮੁਖੀ ’ਚ ਨਾਅਰੇ ਲਿਖੀਆਂ ਤਖਤੀਆਂ ਵੀ ਫੜੀਆਂ ਹੋਈਆਂ ਸਨ। ਤਖਤੀਆਂ ’ਤੇ ‘ਦੇਸ਼ ਬਚਾਓ, ਕਿਸਾਨ ਬਚਾਓ’ ਦੇ ਨਾਅਰੇ ਲਿਖੇ ਹੋਏ ਸਨ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਕਿਸਾਨੀ ਮਸਲਿਆਂ ’ਤੇ ਸਰਕਾ ਨੂੰ ਘੇਰਿਆ।

ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਹੰਗਾਮੇ ਵਿਚਾਲੇ ਹੀ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ ਜਿਸ ਦੌਰਾਨ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੂਰਕ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ। ਓਮ ਬਿਰਲਾ ਨੇ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਨੂੰ ਆਪੋ ਆਪਣੀਆਂ ਸੀਟਾਂ ’ਤੇ ਜਾ ਕੇ ਬੈਠਣ ਦੀ ਅਪੀਲ ਕੀਤੀ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਸਵੇਰੇ ਕਰੀਬ 11.10 ਵਜੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਤੇ ਫਿਰ ਚਾਰ ਵਜੇ ਤੱਕ ਮੁਲਤਵੀ ਕੀਤੀ ਗਈ। ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ, ‘ਰਾਜ ਸਭਾ ’ਚ ਕਰੋਨਾ ਬਾਰੇ ਚਰਚਾ ਹੋਈ ਹੈ। ਅਸੀਂ ਕਿਸੇ ਵੀ ਉਸ ਮੁੱਦੇ ’ਤੇ ਚਰਚਾ ਨੂੰ ਤਿਆਰ ਹਾਂ ਜੋ ਤੁਸੀਂ ਚਾਹੁੰਦੇ ਹੋ। ਪ੍ਰਸ਼ਨ ਕਾਲ ਹਰ ਮੈਂਬਰ ਦਾ ਹੱਕ ਹੈ।’

ਸ਼ਾਮ ਚਾਰ ਵਜੇ ਵੀ ਵਿਰੋਧੀ ਧਿਰ ਹੰਗਾਮਾ ਕਰਦੀ ਰਹੀ ਤਾਂ ਸਭਾ ਦੇ ਚੇਅਰਮੈਨ ਭ੍ਰਿਤਹਰੀ ਮਹਿਤਾਬ ਨੇ ਸਦਨ ਦੀ ਕਾਰਵਾਈ ਭਲਕ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ। ਉੱਧਰ ਰਾਜ ਸਭਾ ’ਚ ਵਿਰੋਧੀ ਧਿਰ ਨੇ ਪੈਗਾਸਸ ਜਾਸੂਸੀ ਵਿਵਾਦ ਅਤੇ ਦੈਨਿਕ ਭਾਸਕਰ ਗਰੁੱਪ ’ਤੇ ਪਏ ਆਮਦਨ ਕਰ ਵਿਭਾਗ ਦੇ ਛਾਪਿਆਂ ਸਮੇਤ ਵੱਖ ਵੱਖ ਮੁੱਦਿਆਂ ’ਤੇ ਹੰਗਾਮਾ ਕੀਤਾ ਜਿਸ ਕਾਰਨ ਦੋ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਉੱਪਰਲੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਹੰਗਾਮੇ ਕਾਰਨ ਸੂਚਨਾ, ਤਕਨੀ ਤੇ ਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਪੈਗਾਸਸ ਵਿਵਾਦ ਬਾਰੇ ਆਪਣਾ ਬਿਆਨ ਢੰਗ ਨਾਲ ਨਹੀਂ ਦੇ ਸਕੇ। ਦੋ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਬਾਅਦ ਦੁਪਹਿਰ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਦਨ ਦੇ ਉੱਪ ਚੇਅਰਮੈਨ ਹਰਿਵੰਸ਼ ਨੇ ਬਿਆਨ ਦੇਣ ਲਈ ਵੈਸ਼ਨਵ ਨੂੰ ਸੱਦਾ ਦਿੱਤਾ। ਇਸੇ ਸਮੇਂ ਤ੍ਰਿਣਮੂਲ ਕਾਂਗਰਸ ਤੇ ਕੁਝ ਵਿਰੋਧੀ ਧਿਰਾਂ ਨੇ ਚੇਅਰਮੈਨ ਦੀ ਸੀਟ ਨੇੜੇ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਉਸ ਸਮੇਂ ਵੈਸ਼ਨਵ ਪੈਗਾਸਸ ਸਾਫਟਵੇਅਰ ਰਾਹੀਂ ਭਾਰਤੀਆਂ ਦੀ ਜਾਸੂਸੀ ਸਬੰਧੀ ਖ਼ਬਰਾਂ ਤੇ ਇਸ ਮਾਮਲੇ ’ਚ ਵਿਰੋਧੀ ਧਿਰ ਦੇ ਦੋਸ਼ਾਂ ਸਬੰਧੀ ਬਿਆਨ ਦੇ ਰਹੇ ਸਨ। ਟੀਐੱਮਸੀ ਮੈਂਬਰਾਂ ਨੇ ਮੰਤਰੀ ਦੇ ਬਿਆਨ ਦੀ ਕਾਪੀ ਪਾੜ ਕੇ ਹਵਾ ’ਚ ਸੁੱਟ ਦਿੱਤੀ। ਕੇਂਦਰੀ ਮੰਤਰੀ ਹੰਗਾਮੇ ਤੇ ਰੌਲੇ ਕਾਰਨ ਆਪਣਾ ਬਿਆਨ ਪੂਰਾ ਨਾ ਪੜ੍ਹ ਸਕੇ। ਵਾਰ-ਵਾਰ ਅਪੀਲ ਕੀਤੇ ਜਾਣ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਜਾਰੀ ਰੱਖਿਆ ਤਾਂ ਉੱਪ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਵੱਖ ਵੱਖ ਸ਼ਹਿਰਾਂ ’ਚ ਭਾਸਕਰ ਮੀਡੀਆ ਗਰੁੱਪ ’ਤੇ ਪਏ ਆਮਦਨ ਕਰ ਵਿਭਾਗ ਦੇ ਛਾਪਿਆਂ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਸਦਨ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਦਿਗਵਿਜੈ ਸਿੰਘ ਦਾ ਬਿਆਨ ਰਿਕਾਰਡ ’ਤੇ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਉਨ੍ਹਾਂ ਇਸ ਲਈ ਪ੍ਰਵਾਨਗੀ ਨਹੀਂ ਲਈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਚੀਨ ’ਚ ਹੜ੍ਹਾਂ ਕਾਰਨ 13 ਮੌਤਾਂ, ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ
Next articleTerrorist killed in Sopore encounter