(ਸਮਾਜ ਵੀਕਲੀ) ਇਹ ਗਲੋਬਲ ਵਾਰਮਿੰਗ ਦਾ ਹੀ ਪ੍ਰਭਾਵ ਹੈ ਕਿ ਬਿਨਾਂ ਮੌਸਮ ਦੇ ਭਾਰੀ ਮੀਹ ਪੈ ਰਿਹਾ ਹੈ, ਹੜ ਆ ਰਹੇ ਹਨ, ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਆਦਿ ਰਾਜਾਂ ਵਿੱਚ ਹੜਾਂ ਕਾਰਨ ਆਮ ਜ਼ਿੰਦਗੀ ਰੁਕ ਗਈ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ। ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਬੇਸ਼ਕ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਇਸ ਮੁਸੀਬਤ ਵਿੱਚ ਲੋਕਾਂ ਦੀ ਮਦਦ ਕਰਨ ਵਾਸਤੇ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਲੇਕਿਨ ਕੁਦਰਤ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ, ਉਹਨਾਂ ਦੇ ਰਹਿਣ ਦੇ ਠਿਕਾਣੇ ਟੁੱਟ ਭੱਜ ਗਏ ਹਨ, ਪਸੂ ਮਾਰੇ ਗਏ ਹਨ, ਇਹਨਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ। ਜਿਨਾਂ ਇਲਾਕਿਆਂ ਵਿੱਚ ਪਾਣੀ ਖੜਾ ਹੋਇਆ ਹੈ ਪਤਾ ਨਹੀਂ ਕਦੋਂ ਉਸ ਤੋਂ ਛੁਟਕਾਰਾ ਮਿਲੇਗਾ। ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਨਾਲ ਬਹੁਤ ਭਾਰੀ ਤਬਾਹੀ ਹੋਈ ਹੈ। ਅਗਸਤ ਅਤੇ ਸਤੰਬਰ ਵਿੱਚ ਪਿਛਲੇ 100 ਸਾਲਾਂ ਵਿੱਚ ਇਨਾ ਮੀਂਹ ਕਦੇ ਨਹੀਂ ਪਿਆ ਜਿੰਨਾ ਕਿ ਇਸ ਵਾਰ ਪਿਆ ਹੈ। ਸੜਕਾਂ ਟੁੱਟੀਆਂ ਪਈਆਂ ਨੇ। ਉਹਨਾਂ ਦੀ ਮਰਮਤ ਵਿੱਚ ਕਾਫੀ ਸਮਾਂ ਲੱਗ ਜਾਏਗਾ। ਆਉਣ ਜਾਣ ਵਾਲੇ ਬੰਦਿਆਂ ਨੂੰ ਲੰਬੇ ਰਸਤਿਆਂ ਤੋਂ ਹੋ ਕੇ ਜਾਣਾ ਪਏਗਾ। ਇਸ ਵੇਲੇ ਤਾਂ ਰੱਬ ਨੂੰ ਦੁਆ ਕੀਤੀ ਜਾ ਸਕਦੀ ਹੈ,, ਹੇ ਵਾਹਿਗੁਰੂ! ਤੂੰ ਕਿਰਪਾ ਕਰ, ਸਾਡੀ ਗਲਤੀਆਂ ਮਾਫ ਕਰ, ਤੇ ਸਾਨੂੰ ਇਸ ਮੁਸੀਬਤ ਤੋਂ ਛੁਟਕਾਰਾ ਦਿਲਵਾ। ਬਹੁਤ ਸਾਰੇ ਦਾਨੀਆਂ ਨੇ ਹੜਾਂ ਨਾਲ ਪੀੜਿਤ ਲੋਕਾਂ ਲਈ ਦਾਨ ਦਿੱਤਾ ਹੈ, ਕਈ ਅਖਬਾਰਾਂ ਨੇ ਵੀ ਮੁਸੀਬਤ ਵਿਚ ਫਸੇ ਲੋਕਾਂ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਇਸ ਵੇਲੇ ਸਾਡਾ ਫਰਜ਼ ਬਣਦਾ ਹੈ ਕਿ ਜਿਨਾਂ ਇਲਾਕਿਆਂ ਵਿੱਚ ਜ਼ਿੰਦਗੀ ਵਿੱਚ ਰੁਕਾਵਟ ਨਹੀਂ ਆਈ ਉਥੇ ਦੇ ਵਸਨੀਕ ਉਹਨਾਂ ਲੋਕਾਂ ਦੀ ਸਹਾਇਤਾ ਕਰਨ ਜਿਨਾਂ ਤੇ ਇਹ ਮੁਸੀਬਤ ਆਈ ਹੋਈ ਹੈ। ਪਾਣੀ ਦੀ ਨਿਕਾਸੀ ਲਈ ਅੱਗੇ ਨੂੰ ਹੋਰ ਉਪਰਾਲੇ ਕਰਨ ਦੀ ਲੋੜ ਹੈ। ਨਹਿਰਾਂ ਨੂੰ ਸਾਫ ਕਰਾਉਣਾ ਚਾਹੀਦਾ ਹੈ, ਉਹਨਾਂ ਨੂੰ ਹੋਰ ਚੌੜਾ ਕਰਵਾਉਣਾ ਚਾਹੀਦਾ ਹੈ, ਜਿਆਦਾ ਰੁੱਖ ਲਗਾਉਣੇ ਚਾਹੀਦੇ ਹਨ, ਪਹਾੜੀ ਇਲਾਕਿਆਂ ਨਾਲ ਸੁਰੰਗਾਂ, ਸੜਕਾਂ ਅਤੇ ਇਮਾਰਤਾਂ ਬਣਾਉਣ ਲਈ ਛੇੜ ਛਾੜ ਨਹੀਂ ਕਰਨੀ ਚਾਹੀਦੀ, ਕੁਦਰਤ ਕੇਵਲ ਭਾਰਤ ਨਾਲ ਹੀ ਨਹੀਂ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਨਾਲ ਸਾਡੇ ਵਰਗਾ ਖੇਡ ਖੇਡ ਰਹੀ ਹੈ। ਦੁਨੀਆ ਦੇ ਵੱਖ ਵੱਖ ਦੇਸ਼ਾਂ ਨੂੰ ਗਲੋਬਲ ਵਾਰਮਿੰਗ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਹਿਰਾਂ ਨੂੰ ਇੱਕ ਦੂਜੇ ਨਾਲ ਜੋੜ ਦੇਣਾ ਚਾਹੀਦਾ ਹੈ ਤਾਂ ਜੋ ਵਾਧੂ ਪਾਣੀ ਨੂੰ ਦੂਜੀਆਂ ਨਹਿਰਾਂ ਵਿੱਚ ਸੁੱਟਿਆ ਜਾ ਸਕੇ। ਨਹਿਰਾਂ ਨੂੰ ਚੌੜਾ ਕਰਨਾ ਚਾਹੀਦਾ ਹੈ, ਸ਼ਹਿਰਾਂ ਵਿੱਚ ਨਾਲੇ ਜਾਂ ਸੀਵਰ ਸਮੇਂ ਸਮੇਂ ਤੇ ਸਾਫ ਕੀਤੇ ਜਾਣੇ ਚਾਹੀਦੇ ਹਨ, ਪਾਣੀ ਕੱਢਣ ਵਾਸਤੇ ਪੰਪ ਲਗਾਉਣੇ ਚਾਹੀਦੇ ਹਨ, ਹੜ ਮਾਰੇ ਲੋਕਾਂ ਲਈ ਸਰਕਾਰ ਨੂੰ ਰਹਿਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕੁਝ ਪੈਸੇ ਨਗਦ ਵੀ ਦੇਣੇ ਚਾਹੀਦੇ ਹਨ। ਇਸ ਵੇਲੇ ਹੜਾਂ ਕਰਕੇ ਜੋ ਮੁਸੀਬਤ ਆਈ ਹੈ ਉਸ ਤੋਂ ਸਾਨੂੰ ਸਬਕ ਸਿਖਣਾ ਚਾਹੀਦਾ ਹੈ ਅਤੇ ਭਵਿੱਖ ਵਿੱਚ ਇਸ ਕਿਸਮ ਦੀ ਕੁਦਰਤੀ ਮੁਸੀਬਤ ਦਾ ਮੁਕਾਬਲਾ ਕਰਨ ਵਾਸਤੇ ਪਹਿਲਾਂ ਹੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ। ਸਮੇਂ ਸਮੇਂ ਤੇ ਬਰਸਾਤ ਆਉਣ ਬਾਰੇ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਇਸ ਤੋਂ ਬਚਣ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰ ਲੈਣ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ –124001(ਹਰਿਆਣਾ )
ਹੜਾਂ ਦੀ ਮਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



