(ਸਮਾਜ ਵੀਕਲੀ) ਪੰਜਾਬ ਵਿੱਚ ਅਮਨ ਨਹੀਂ ਹੁਣ ਦਹਿਸ਼ਤ ਹੀ ਦਹਿਸ਼ਤ ਹੈ। ਇਹ ਦਹਿਸ਼ਤ ਪੰਜਾਬੀਆਂ ਨੇ ਨਹੀਂ ਫੈਲ਼ਾਈ, ਸਿੱਖ ਨੌਜਵਾਨਾਂ ਨੇ ਨਹੀਂ ਫੈਲ਼ਾਈ ਸਗੋਂ ਇਹ ਦਹਿਸ਼ਤ ਰਾਜਨੀਤਿਕ ਨੇਤਾਵਾਂ ਦੀਆਂ ਵਿਉਂਤਬੱਧ ਸਾਜ਼ਿਸ਼ਾਂ ਦਾ ਹਿੱਸਾ ਹੈ।। ਇਸ ਦਹਿਸ਼ਤ ਪੰਜਾਬ , ਪੰਜਾਬੀਅਤ ਦੇ ਵੈਰੀਆਂ ਦੇ ਅੰਦਰ ਸੁਲਗ਼ਦੀ ਖੁੰਦਕ ਅਤੇ ਦਵੈਸ਼ ਦਾ ਲੱਛਣ ਹੈ। ਇਹ ਰੰਜਸ਼ ਪਤਾ ਨਹੀਂ ਕਿਉਂ ਕਿਸੇ ਨੂੰ ਹੱਸਦਾ ਵੱਸਦਾ ਵੇਖ ਕੇ ਹੋ ਜਾਂਦੀ ਹੈ। ਗਵਾਂਡੀ ਦੀ ਮੁਸਕਰਾਹਟ ਮਨਾਂ ਵਿੱਚ ਸ਼ਰੀਕੇਬਾਜ਼ੀ ਤਾਂ ਪੈਦਾ ਕਰ ਹੀ ਦਿੰਦੀ ਹੈ ਪਰ ਬੇਚੈਨ ਮਾੜੀ ਸੋਚ ਵਾਲਾ ਹੀ ਰਹਿੰਦਾ ਹੈ।ਦੂਸਰਿਆਂ ਦੇ ਪਿੱਠ ਛੁਰਾ ਮਾਰਨ ਵਾਲਾ ਖੁਦ ਆਪਣੀ ਜਾਨ ਗੁਆ ਬੈਠਦਾ ਹੈ। ਗੁਰੂ ਸਾਹਿਬਾਨ ਦੇ ਸਮੇਂ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਨੂੰ ਤਬਾਹ ਕਰਨ ਤੱਕ ਇਹ ਰੰਜਸ਼, ਇਹ ਦਵੈਸ਼ ਦਰਵੇਸ਼ਾਂ ਦੇ ਵਿਰੁੱਧ ਆਪਣਾ ਝੰਡਾ ਅਤੇ ਆਪਣਾ ਡੰਡਾ ਚੁੱਕਦੀ ਰਹੀ। ਅੱਜ ਵੀ ਜ਼ਾਰੀ ਹੈ , ਪਤਾ ਨਹੀਂ ਕਿਉਂ ਇਸ ਸੋਚ ਅੰਦਰ ਇੰਨਾਂ ਜ਼ਹਿਰ ਭਰਿਆ ਹੋਇਆ ਹੈ।
ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ ਲਾਚਾਰ ਹੋ ਕੇ ਚੁੱਪ ਹੈ, ਦੇਖ ਰਹੀ ਹੈ । ਕੁਰਸੀ ਦੇ ਲਾਲਸੀ ਪੰਜਾਬ ਦਿਆਂ ਲੋਕਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ ਕਰਦੇ ਮਸਖ਼ਰੀਆਂ ਕਰ ਰਹੇ ਹਨ। ਇਹਨਾਂ ਰਾਜਸੀ ਭੇੜੀਆਂ ਨੂੰ ਨਹੀਂ ਪਤਾ ਕਿ ਉਹ ਸੁੱਤੇ ਸ਼ੇਰ ਦੀਆਂ ਮੁੱਛਾਂ ਦੇ ਵਾਲ ਪੱਟ ਰਹੇ ਹਨ। ਸ਼ੇਰ ਨਹੀਂ ਤਾਂ ਸ਼ੇਰ ਦੇ ਬੱਚੇ ਜਦੋਂ ਹੋਸ਼ ਵਿੱਚ ਅੱਖ ਪੱਟਣਗੇ ਤਾਂ ਭੱਜਦਿਆਂ ਨੂੰ ਵਾਹਣ ਨਹੀਂ ਲੱਭਣੇ। ਬੇ-ਖਬਰੇ ਲੋਕ, ਸੁੱਤੇ ਲੋਕ ਜਦੋਂ ਜਾਗ਼ ਜਾਂਦੇ ਹਨ ਤਾਂ ਹਕੂਮਤ ਦਾ ਤੰਤਰ ਮੰਤਰ ਛੂਹ ਮੰਤਰ ਹੋ ਜਾਂਦਾ ਹੈ। ਬਾਦਸ਼ਾਹਾਂ ਨੂੰ ਕਿਲੇ , ਤੋਪਖਾਨੇ ਛੱਡ ਕੇ ਦੌੜਨਾ ਪੈ ਜਾਂਦਾ ਹੈ, ਫਿਰ ਇਹ ਪੰਜ ਸਾਲਾਂ ਲਈ ਚੁਣੇ ਲੋਕ ਨੁਮਾਇੰਦੇ ਲੋਕ ਰੋਹ ਅੱਗੇ ਕੀ ਸ਼ੈਅ ਹਨ ? ਇਹਨਾਂ ਦੇ ਵਰਸਾਏ ਡੰਡੇ ਸਾਡੀ ਨੌਜਵਾਨੀ , ਕਿਸਾਨੀ ਨੂੰ ਲਹੂ-ਲੁਹਾਨ ਤਾਂ ਕਰ ਸਕਦੇ ਹਨ ਪਰ ਰਣ ਦਾ ਮੈਦਾਨ ਛੱਡ ਕੇ ਭੱਜਣ ਲਈ ਮਜ਼ਬੂਰ ਨਹੀਂ ਕਰ ਸਕਦੇ। ਹਰ ਹਕੂਮਤ ਸ਼ਾਇਦ ਪੰਜਾਬ ਦੇ ਸਿੱਖ ਇਤਿਹਾਸ ਨੂੰ ਭੁੱਲ ਜਾਂਦੀ ਹੈ। ਹੁਕਮਰਾਨਾਂ ਦੇ ਚੇਤੇ ਨਹੀਂ ਰਹਿੰਦਾ ਕਿ ਪੰਜਾਬ ਦੀਆਂ ਰਗਾਂ ਵਿੱਚ ਰੱਤ ਨਹੀਂ ਗੁਰੂ ਸਾਹਿਬਾਨਾਂ ਦੇ ਪ੍ਕਾਸ਼ ਦੇ ਔਰੇ ਦਾ ਤੇਜ਼, ਜਾਹੋ-ਜਲਾਲ ਅਤੇ ਅੰਮ੍ਰਿਤ ਵੀ ਰਮਿਆ ਹੋਇਆ ਹੈ। ਸਿਰਫ਼ ਸੰਨ ਉਨੀ ਸੌ ਚੁਰਾਸੀ ਹੀ ਨਹੀਂ ਅਨੇਕਾਂ ਵਾਰ ਇਹ ਚੌਰਾਸੀਆਂ ਸਾਡਾ ਰੱਤ ਪੀ ਕੇ ਆਪਣਾ ਨਾਸ਼ ਕਰਵਾ ਚੁੱਕੀਆਂ ਨੇ। ਇਹ ਜੈਕਾਰੇ,,ਇਹ ਨਿਸ਼ਾਨ , ਇਸ ਝੰਡੇ, ਡੰਡਿਆਂ ਦੇ ਵਾਰ ਸਿਰ ਤੇ ਝੱਲਦੇ ਰਹੇ ਹਨ। ਹਕੂਮਤ ਨੇ ਜਦ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਤਾਂ ਪੰਜਾਬ ਦੇ ਜਾਏ ਝੰਡੇ-ਡੰਡਿਆਂ ਦਾ ਸਾਹਮਣਾ ਹਿੱਕ ਤਾਣ ਕੇ ਕਰਦੇ ਰਹੇ ।
ਪੰਜਾਬ ਨੂੰ ਮੂਧੇ ਮੂੰਹ ਚਿੱਤ ਕਰਨ ਲਈ ਪੰਜਾਬ ਦੀ ਨਸਲਕੁਸ਼ੀ ਸਰਕਾਰ-ਏ-ਦਿੱਲੀ ਦੀ ਪਹਿਲੀ ਰਣ ਨੀਤੀ ਰਹੀ। ਪੰਜਾਬ ਵਿੱਚ ਲਾਲਚ ਅਤੇ ਜਬਰੀ ਨਸਬੰਦੀ ਕਰਕੇ ਪੰਜਾਬ ਦੀ ਆਬਾਦੀ ਨੂੰ ਸਿਆਸਤ ਨਾਲ਼ ਮਾਰ ਪਾਈ। ਫਿਰ “ਹਮ ਦੋ ਹਮਾਰੇ ਦੋ ” ਦੀ ਸਾਜ਼ਿਸ਼ ਰਾਹੀ ਨਸਲਬੰਦੀ ਕੀਤੀ ਗਈ। ਆਤੰਕਵਾਦ ਦਾ ਸ਼ੋਰ ਮਚਾ ਕੇ ਝੂਠੇ ਮੁਕਾਬਲਿਆਂ ਨਾਲ਼ ਲੋਕਾਂ ਤੋਂ ਜਬਰੀ ਵਸੂਲੀ ਕੀਤੀ।ਜਿਸ ਨੇ ਨਕਦੀ ਨਹੀਂ ਦਿੱਤੀ ਝੂਠੇ ਮੁਕਾਬਲੇ ਕਰਕੇ ਜਵਾਨੀ ਦਾ ਖਾਤਮਾ ਕੀਤਾ ਗਿਆ। ਘਰਾਂ ਦੇ ਘਰ ਸੁੰਨੇ ਕਰ ਦਿੱਤੇ ਗਏ। ਕੁੱਖਾਂ ਵਿੱਚ ਪਲ਼ਦੇ ਭਰੂਣ ਤਸ਼ੱਦਦ ਕਰਕੇ ਗਿਰਾ ਦਿੱਤੇ ਗਏ। ਅੱਜ ਵੀ ਪੰਜਾਬ ਦੀ ਜਵਾਨੀ ਦੇ ਝੂਠੇ ਮੁਕਾਬਲੇ ਜ਼ਾਰੀ ਹਨ। ਸਿਆਸਤਦਾਨ ਅਤੇ ਹੁਕਮਰਾਨ ਮੂੰਹ ਬੰਦ ਕਰਕੇ ਆਪਣੀ ਗੇਮ ਖੇਡ ਰਹੇ ਹਨ। ਵਾਰ ਕਰਨ ਦੀ ਆਪਣੀ ਵਾਰੀ ਦੀ ਉਡੀਕ ਵਿਚ ਹਨ। ਅਖ਼ਵਾਰਾਂ ਦੀ ਜੁਬਾਨ ਨੂੰ ਤਾਲਾ ਲੱਗ ਚੁੱਕਾ ਹੈ। ਪਿਛਲੇ ਦਿਨੀ ਫੌਜ ਦੇ ਕਰਨਲ ਬਾਠ ਨੂੰ ਪੰਜਾਬ ਪੁਲਿਸ ਦੇ ਚਾਰ ਥਾਣੇਦਾਰਾ ਵਲੋਂ ਕੁਟਾਪਾ ਚਾੜਿਆ ਗਿਆ ਪਰ ਅਖ਼ਵਾਰਾਂ ਚੁੱਪ ਹਨ। ਹਕੂਮਤ ਦੇ ਡੰਡੇ ਨੇ ਸੰਨਾਟਾ ਪਾਇਆ ਹੋਇਆ ਹੈ। ਮੁੱਖ ਮੰਤਰੀ ਦੀ ਜੁਬਾਨ ਵੀ ਸ਼ਾਇਦ ਇਸੇ ਡੰਡੇ ਕਰ ਕੇ ਚੁੱਪ ਹੈ ਕਿਉਂਕਿ ਸੱਤਾ ਤੋਂ ਬਾਅਦ ਇਹ ਡੰਡਾ ਉਸ ਦੀ ਪਿੱਠ ਤੇ ਵੀ ਬਰਸੇਗਾ। ਵਰਦੀ ਕਿਸੇ ਦੀ ਸਕੀ ਨਹੀਂ ਹੋਈ।ਡੰਡਾ ਮੂਰਖ ਦੇ ਹੱਥ ਤਾਂ ਵੀ ਸਿਰ ਪਾੜ ਜਾਂਦਾ ਹੈ , ਜੇ ਢੀਠ, ਗੁੰਡੇ, ਬਦਮਾਸ਼ ਦੇ ਹੱਥ ਤਾਂ ਵੀ ਸਿਰ ਫੇਹ ਜਾਂਦਾ ਹੈ। ਇਹਨਾਂ ਤੋਂ ਬਚਾਉਣ ਲਈ ਪੁਲਿਸ ਹੀ ਹੈ ਪਰ ਜੇ ਪੁਲਿਸ ਵੀ ਭੂਤਰ ਜਾਵੇ ਤਾਂ ਕਾਨੂੰਨ, ਸੰਵਿਧਾਨ , ਨਿਆਂਪਾਲਿਕਾ ਦੀਆਂ ਅੱਖਾਂ ਵਿੱਚ ਮੂੰਠੀ ਮਿਰਚਾਂ ਦੀ ਤੋਹ ਦਿੱਤੀ ਜਾਂਦੀ ਹੈ। ਜੋ ਝੰਡਾ ਪ੍ਸ਼ਾਸ਼ਨ ਅਤੇ ਪੁਲਿਸ ਨੂੰ ਉਂਗਲ਼ ਤੇ ਨਚਾਉਂਦਾ ਹੈ ਬਾਅਦ ਵਿੱਚ ਪੁਲਿਸ ਅਤੇ ਪ੍ਸ਼ਾਸਨ ਉਸ ਨੂੰ ਨਚਾਉਂਦਾ ਹੈ। ਸੋ ਸਮਾਂ ਜਿਆਦਾ ਨਹੀਂ, ਬੇਕਾਰ ਝਾੜੂ ਨੂੰ ਲੋਕ ਰੂੜੀ ਉਪਰ ਸਿੱਟ ਆਉਂਦੇ ਹਨ। ਨਵੇਂ ਝਾੜੂ ਵਿੱਚ ਡੰਡਾ ਫਿਰ ਨਵਾਂ ਪੈ ਜਾਂਦਾ ਹੈ।ਗੱਲ ਡੰਡੇ ਤੇ ਹੱਥ ਕਿਸ ਸੋਚ ਦਾ ਹੈ, ਬਸ ਇਹੋ ਦੇਖਣਾ ਹੁੰਦਾ ਹੈ।
ਹਕੂਮਤ ਦੇ ਜਬਰ ਵਿਰੁੱਧ ਪੰਜਾਬ ਦੀ ਇਕ ਧਿਰ ਹੈ ਜੋ ਹੁਕਮਰਾਨਾਂ ਵਲੋਂ ਠੋਸੇ ਕਾਲੇ ਕਾਨੂੰਨਾਂ ਦੇ ਖਿਲਾਫ਼ ਸਿਰ,ਤੇ ਕਫ਼ਨ ਬੰਨ ਕੇ ਰਣ ਦੇ ਮੈਦਾਨ ਵਿੱਚ ਨਿੱਤਰਦੀ ਰਹੀ ਹੈ ਉਹ ਹੈ ਪੰਜਾਬ ਦੀ ਸਿੱਖੀ ਸਿਧਾਂਤਾਂ ਨਾਲ਼ ਲਵਰੇਜ਼ ਪੰਜਾਬ ਦੀ ਕਿਸਾਨੀ ਅਤੇ ਜਵਾਨੀ। ਸੰਘਰਸ ਨੂੰ ਆਰਥਿਕ ਤੌਰ ਤੇ ਸਾਲਾਂ ਤੱਕ ਮੋਢਾ ਦੇਣ ਵਾਲੇ ਸਿਰੜੀ ਅਤੇ ਹੱਠ ਧਰਮੀ ਪੰਜਾਬ ਦੇ ਮਜ਼ਦੂਰ ਅਤੇ ਕਿਸਾਨ ਆਪਣੇ ਹੱਕਾਂ ਲਈ ਜੱਦੋ ਜਹਿਦ ਕਰਦੇ ਆ ਰਹੇ ਹਨ। ਪਰ ਸਰਕਾਰ -ਏ-ਦਿੱਲੀ ਦੇ ਇਸ਼ਾਰੇ ਤੇ ਭਗਵੰਤ ਮਾਨ ਦੇ ਸਰਕਾਰੀ ਡੰਡੇ ਨੇ ਕਿਸਾਨਾਂ ਦੇ ਆਵਾਜ ਉਠਾਉਣ ਦੇ ਸੰਵਿਧਾਨਿਕ ਹੱਕ ਨੂੰ ਜਬਰੀ ਖੋਹਿਆ ਹੈ। ਕਿਸਾਨਾਂ ਤੇ ਸਰਕਾਰੀ ਮਸ਼ੀਨਰੀ ਨਾਲ਼ ਦਬਾਅ ਪਾ ਕੇ ਉਹਨਾਂ ਦੇ ਲੋਕਤੰਤਰੀ ਮੌਲਿਕ ਅਧਿਕਾਰ ਅੱਗੇ ਡੰਡਾ ਠੋਕਿਆ ਹੈ। ਲੋਕਤੰਤਰ ਸਿਰਫ਼ ਸਰਕਾਰੀ ਕਾਗਜ਼ਾਂ ਵਿੱਚ ਰਹਿ ਗਿਆ ਹੈ। ਤਿਰੰਗਾ ਸਿਰਫ਼ ਹੁਕਮਰਾਨ ਧਿਰ ਦਾ ਹੋ ਕੇ।
ਹਾਲ ਹੀ ਵਿਚ ਜਸਟਿਸ ਵਰਮਾ ਦੇ ਘਰੋਂ ਭਾਰਤੀ ਕਰੰਸੀ ਮਿਲਣ ਦੀਆਂ ਖਬਰਾਂ ਸ਼ੋਸਲ ਮੀਡੀਆ ਤੇ ਹਨ। ਨਿਆਂਧੀਸ਼ ਪਤਾ ਨਹੀਂ ਕਿੰਨੀ ਕੁ ਵਾਰ ਨਿਆਂ ਵੇਚ ਚੁੱਕਾ ਹੈ। ਰਿਸ਼ਵਤ ਲੈ ਲੈ ਕਿੰਨੇ ਲੋਕਾਂ ਦੇ ਸੰਘ ਦੱਬ ਚੁੱਕਾ ਹੈ। ਜੱਜ ਸਾਹਿਬ ਨੂੰ ਕਿੰਨੇ ਹੀ ਡੰਡੇ ਵਾਲੇ ਵਰਦੀ ਧਾਰੀ ਅਤੇ ਵਜ਼ੀਰ ਸਾਹਿਬਾਨ ਸਲੂਟ ਮਾਰਦੇ ਹਨ। ਤਿਰੰਗੇ ਦੇ ਰੰਗ ਨਿਆਂ ਦੀ ਦੇਵੀ ਦੇ ਅੱਖਾਂ ਤੇ ਬੰਨੀ ਪੱਟੀ ਨਾਲ਼ ਅੱਖ ਮਟੱਕਾ ਕਰਦੇ ਧਰਾਵਾਂ ਨੂੰ ਹਟਾਉਂਦੇ ਕਦੇ ਲਗਾਉਂਦੇ ਆ ਰਹੇ ਹਨ। ਮੋਦੀ ਸਰਕਾਰ ਵਲੋਂ ਬਦਲੀ ਕਰੰਸੀ ਫਿਰ ਰਿਸ਼ਵਤਖ਼ੋਰਾਂ, ਭਰਿਸ਼ਟ ਅਧਿਕਾਰੀਆਂ ਦੇ ਘਰ ਪਈ ਮੁਸ਼ਕ ਰਹੀ ਹੈ, ਸੜ ਰਹੀ ਹੈ, ਪਰ ਝੰਡਾ ਅਤੇ ਡੰਡਾ ਸ਼ਰਾਬੀ ਹੋ ਝੂਲ ਰਹੇ ਹਨ। ਬੇਕਸੂਰ ਲੋਕਾਂ ਨੂੰ ਘੜੀਸ ਰਹੇ ਹਨ। ਇਹ ਭਾਰਤ ਦਾ ਲੋਕਤੰਤਰ ਹੈ। ਕਾਨੂੰਨ ਦੇ ਰਖ਼ਵਾਲੀ ਕਾਨੂੰਨ ਨੂੰ ਛਿੱਕੇ ਟੰਗ ਰਹੇ ਹਨ।
ਪੰਜਾਬ ਸ਼ਿਕਰਿਆਂ ਦੇ ਪੰਜਿਆਂ ਵਿੱਚ ਜਕੜਿਆ ਗਿਆ ਹੈ। ਰਿਸ਼ਵਤਖ਼ੋਰਾਂ ਨੇ ਆਪਣੀ ਗ਼ੈਰਤ ਵੇਚ ਦਿੱਤੀ ਕੌਡੀਆਂ ਦੇ ਭਾਅ। ਲਾਈਟ ਵਹੀਕਲ ਦੇ ਡਰਾਈਵਿੰਗ ਲਾਇਸੰਸ ਦੀ ਫੀਸ ਸਰਕਾਰੀ ਸਤਾਰਾਂ-ਅਠਾਰਾਂ ਸੌ ਹੈ ਪਰ ਚਾਰ ਹਜ਼ਾਰ ਰੁਪਏ ਦੇ ਆਸ ਪਾਸ ਉਪਰ ਦੀ ਰਿਸ਼ਵਤ ਹੈ। ਸਰਕਾਰ ਸਿਰਫ਼ ਸ਼ਹਿਰੀਆਂ ਨੂੰ ਡੰਡਾ ਦਿਖਾ ਸਕਦੀ ਹੈ ਪਰ ਆਪਣੀ ਪੀੜੀ ਥੱਲੇ ਨਹੀਂ ਮਾਰ ਸਕਦੀ। ” ਲੁੱਟੋ ਅਤੇ ਖਾਓ, ਆਪਣੀ ਤੂਤੀ ਆਪ ਬਜਾਓ”।
ਭਵਾਨੀਗੜ੍ਹ ਟਰੱਕ ਅਪਰੇਟਰਾਂ ਦੀ ਯੂਨੀਅਨ ਦੀ ਪ੍ਧਾਨਗੀ ਤੀਹ ਲੱਖ ਰੁਪਏ ਰਿਸ਼ਵਤ ਵਿੱਚ ਵਿਕਣ ਤੋਂ ਬਾਅਦ ਪਚਵੰਜਾ ਲੱਖ ਵਿਚ ਵਿਕਣ ਦਾ ਮਾਮਲਾ ਸੋਸਲ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਛਾਇਆ ਹੋਇਆ ਹੈ। ਇੰਨੀ ਭਾਰੀ ਰਿਸ਼ਵਤ ਬਨਾਮ ਫੰਡ ਦੇ ਕੇ ਪ੍ਧਾਨ ਬਣਨ ਵਾਲਾ ਇਹ ਵਾਪਿਸ ਰਿਕਵਰੀ ਕਿੱਥੋਂ ਕਰੇਗਾ ? ਵਿਧਾਨ ਸਭਾ ਦੀ ਮੈਂਬਰ ਨੇ ਤਾਂ ਝੰਡੇ ਦਾ ਹੱਥ ਫੜਿਆ ਹੀ ਹੋਇਆ ਹੈ। ਜਿਹਨਾਂ ਇਲਾਕੇ ਦੇ ਲੋਕਾਂ ਨੇ ਆਪਣੀ ਧੀ ਆਪਣੀ ਭੈਣ ਮੰਨ ਕੇ ਜਿੱਤ ਝੋਲੀ ਵਿੱਚ ਪਾਈ ਕੀ ਇਹ ਉਹਨਾਂ ਭਮੱਕੜਾਂ ਦੀ ਮੂੰਹ ਤੇ ਚਪੇੜ ਨਹੀਂ ?
ਸ਼ਕਤੀ ਦੀ ਦੁਰਵਰਤੋਂ ਅਤੇ ਫੁਕਰਪੁਣਾ ਪੰਜਾਬ ਦੇ ਮੂੰਹ ਤੇ ਕਾਲ਼ਖ ਮਲ਼ ਰਿਹਾ ਹੈ। ਪ੍ਸ਼ਾਸ਼ਨ ਦੀ ਸੱਤਾ ਸ਼ਕਤੀ ਅਤੇ ਵਰਦੀ ਦੀ ਸ਼ਕਤੀ ਵੀ ਪੰਜਾਬ ਦੇ ਪੜੇ ਲਿਖੇ ਵਸਨੀਕਾਂ ਦੇ ਕੋਲ ਹੈ, ਜੋ ਬੇ-ਇਮਾਨ ਹੋ ਕੇ ਨੰਗਾਂ ਨਾਚ ਕਰ,ਰਹੀ ਹੈ।ਸਮੇਂ ਦੀ ਨਬਜ਼ ਨੂੰ ਪਹਿਚਾਣ ਕੇ ਇਸ ਦਾ ਇਸਤੇਮਾਲ ਨੈਤਿਕ ਕਦਰਾਂ ਕੀਮਤਾਂ ਦੀ ਰਾਖ਼ੀ ਲਈ ਕੀਤਾ ਜਾਣਾ ਸਮੇਂ ਦੀ ਜ਼ਰੂਰਤ ਹੈ।ਪੰਜਾਬ, ਪੰਜਾਬੀਅਤ ਦੀ ਮਾਣ-ਮਰਿਯਾਦਾ, ਇਸ ਦੇ ਸ਼ਾਨਾਂ ਮੱਤੇ ਇਤਿਹਾਸ ਦਾ ਗੌਰਵ ਬਣਾਈ ਰੱਖਣਾ ਸਿਆਸਤ ਵਿਚ ਉਤਰੇ ਲੋਕਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਧਨ ਦੌਲਤ ਸ਼ੋਹਰਤ ਆਉਣੀ ਜਾਣੀ ਸ਼ੈਅ ਹੈ। ਝੰਡੇ ਆਉਂਦੇ ਜਾਂਦੇ ਰਹਿਣਗੇ, ਡੰਡੇ ਲੋਕਾਈ ਦੇ ਭੋਲ਼ੇ ਲਈ ਉਠਣਾ ਅਤੇ ਵਰਾਉਣੇ ਹੀ ਸੂਰਮਗਤੀ ਦੀ ਨਿਸ਼ਾਨੀ ਹਨ। ਸੰਘਰਸ਼ ਆਪ ਕਿਰਤੀ -ਕਾਮੇ ਉਦੋਂ ਹੀ ਕਰਦੇ ਹਨ ਜਦੋਂ ਉਹਨਾਂ ਦੀ ਸਹਿਣ ਸ਼ਕਤੀ ਤੋਂ ਬਾਹਰ ਹੋ ਜਾਏ।
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
919465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj