
ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀਆਂ ਸਮੁੱਚੀਆਂ ਸੇਵਾਵਾਂ ਦੇ ਪ੍ਰਚਾਰ ਪਸਾਰ ਲਈ ਯਤਨਸ਼ੀਲ ‘ਢਾਹਾਂ ਕਲੇਰਾਂ ਦਰਪਣ’ ਟੀਮ ਦੀ ਮਾਸਿਕ ਇਕੱਤਰਤਾ ਹੋਈ। ਮੀਟਿੰਗ ਦੀ ਅਗਵਾਈ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਰਦਿਆਂ ਕਿਹਾ ਕਿ ਕਿਸੇ ਵੀ ਕਾਰਜ ਦੀ ਸਫ਼ਲਤਾ ਲਈ ਸਮੀਖਿਆ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਸਾਰੂ ਸਿਰਜਨਾ ਲਈ ਸਮੀਖਿਆ ਹੀ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਸਾਨੂੰ ਸਮਾਂ ਦਰ ਸਮਾਂ ਸਮੀਖਿਆ ਦੀ ਸੋਚ ਅਪਣਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਮੀਟਿੰਗ ਦੌਰਾਨ ਇਸ ਮੁੱਦੇ ਦੀ ਤਾਈਦ ਕਰਦਿਆਂ ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਵਾਇਸ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਕਿਹਾ ਕਿ ਮਨੁੱਖੀ ਸੁਭਾਅ ਵਿੱਚ ਸਵੈ ਪੜਚੋਲ ਦੀ ਰੁਚੀ ਨਾ ਹੋਣਾ ਊਣਤਾਈਆਂ ਨੂੰ ਜਨਮ ਦਿੰਦਾ ਹੈ। ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਾਇਸ ਪ੍ਰਿੰਸੀਪਲ ਰਾਜਦੀਪ ਥਿਥਵਾਰ ਨੇ ਵੀ ਇਹਨਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ। ਉਹਨਾਂ ਦਾ ਕਹਿਣ ਸੀ ਕਿ ਜਦੋਂ ਪੁਣ-ਛਾਣ ਹੁੰਦੀ ਹੈ ਤਾਂ ਸੱਚਾਈ ਦੀ ਤਸਵੀਰ ਆਪ ਮੁਹਾਰੇ ਸਨਮੁੱਖ ਹੋ ਜਾਂਦੀ ਹੈ। ਇਸ ਮੌਕੇ ਟਰੱਸਟ ਦੇ ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਡਾ. ਗੁਰਤੇਜ ਸਿੰਘ ਸਿੱਧੂ, ਜੋਤੀ ਭਾਟੀਆ, ਗੁਰਪ੍ਰੀਤ ਕੌਰ ਅਤੇ ਰਮਨ ਕੁਮਾਰ ਸ਼ਾਮਲ ਸਨ। ਉਹਨਾਂ ਨੇ ਵੀ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਸਮੀਖਿਆ ਵਿਧੀ ਨੂੰ ਪਹਿਲ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਹਾਜ਼ਰੀਨ ਵਲੋਂ ‘ਢਾਹਾਂ ਕਲੇਰਾਂ ਦਰਪਣ’ ਦੇ ਬੈਨਰ ਹੇਠ ਟਰੱਸਟ ਦੀ ਅਗਵਾਈ ਵਾਲੇ ਸਮੂਹ ਮੈਡੀਕਲ ਅਤੇ ਸਿੱਖਿਆ ਅਦਾਰਿਆਂ ਬਾਰੇ ਪ੍ਰਚਾਰ ਪਸਾਰ ਦੀ ਲਗਾਤਾਰਤਾ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 41ਵੇਂ ਸਥਾਪਨਾ ਦਿਵਸ ਸਬੰਧੀ ਕਰਵਾਏ ਸਮਾਗਮ ਦੀ ਸਮੀਖਿਆ ਵੀ ਕੀਤੀ ਗਈ।


