ਖ਼ਤਮ ਹੋਈ ਧੇਲੀਆਂ – ਚੁਆਨੀਆਂ ਦੀ ਟੁਣਕਾਰ

ਬਦਲਾਅ ਕੁਦਰਤ ਦਾ ਅਟੱਲ ਨਿਯਮ ਹੈ। ਸਮੇਂ ਦੇ ਨਾਲ – ਨਾਲ ਸੰਸਾਰ ਵਿੱਚ ਖਾਣ – ਪੀਣ ਵਿੱਚ ਅਤੇ ਰਹਿਣ – ਸਹਿਣ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਸਮੇਂ – ਸਮੇਂ ‘ਤੇ ਰਾਜਿਆਂ – ਮਹਾਰਾਜਿਆਂ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਕਰੰਸੀ ਵਿੱਚ ਬਦਲਾਅ ਕੀਤੇ ਜਾਂਦੇ ਰਹੇ। ਜਦਕਿ ਕੁਝ ਕਰੰਸੀ ਖ਼ੁਦ – ਬਖ਼ੁਦ ਹੀ ਆਪਣੀ ਅਹਿਮੀਅਤ ਘੱਟ ਹੋ ਜਾਣ ਜਾਂ ਖ਼ਤਮ ਹੋ ਜਾਣ ਕਰਕੇ ਜਾਂ ਵਰਤੋਂ ਵਿੱਚ ਨਾ ਲਿਆਂਦੀ ਜਾਣ ਕਰਕੇ ਸਮੇਂ ਦੀ ਰਫ਼ਤਾਰ ਵਿੱਚ ਪਿੱਛੇ ਰਹਿ ਗਈ। ਹੌਲੀ – ਹੌਲੀ ਉਸ ਦੀ ਅਹਿਮੀਅਤ ਘਟਣ ਮਗਰੋਂ ਉਹ ਆਮ ਚਲਨ ਤੋਂ ਬਾਹਰ ਹੋ ਕੇ ਇੱਕ ਬੁਝਾਰਤ ਬਣ ਕੇ ਰਹਿ ਗਈ।

1990 ਦੇ ਆਸਪਾਸ ਤੱਕ ਇੱਕੀ ( ਇੱਕ ਪੈਸਾ ) , ਦੁੱਕੀ ( ਦੋ ਪੈਸੇ ), ਪੰਜੀ ( ਪੰਜ ਪੈਸੇ ) ਦਸੀ (ਦਸ ਪੈਸੇ ) , ਵੀਹ ਪੈਸੇ , ਪੰਜਾਹ ਪੈਸੇ , ਪੰਝੀ ਪੈਸੇ ( ਚੁਆਨੀ ) ਆਦਿ ਭਾਨ ਆਮ ਦੁਕਾਨਾਂ , ਲੈਣ – ਦੇਣ , ਬੱਸਾਂ ਆਦਿ ਲਈ ਪੂਰੀ ਵਰਤੋਂ ਹੁੰਦੀ ਸੀ ਅਤੇ ਇਸ ਭਾਨ ਦੀ ਰੋਜ਼ਾਨਾ ਜ਼ਿੰਦਗੀ ਦੇ ਰੋਜ਼ਾਨਾ ਕੰਮਾਂ ਵਿੱਚ ਪੂਰੀ ਸਰਦਾਰੀ ਸੀ। ਉਦੋਂ ਬੱਚਿਆਂ ਦੀਆਂ ਬੁਘਲੀਆਂ , ਗੱਲਿਆਂ , ਲਾਲਿਆਂ ਦੀਆਂ ਦੁਕਾਨਾਂ ਦੇ ਗੱਲਿਆਂ , ਕੰਡਕਟਰ ਦੇ ਥੈਲਿਆਂ , ਧਾਰਮਿਕ ਸਥਾਨਾਂ ਦੀਆਂ ਗੋਲਕਾਂ , ਡੋਲੀ ਤੁਰਨ ਸਮੇਂ , ਮੰਗਤੇ ਨੂੰ ਦੇਣ ਸਮੇਂ , ਬੱਚਿਆਂ ਨੂੰ ਖਰਚਣ ਲਈ ਦੇਣ ਆਦਿ ਸਮੇਂ ਇਨ੍ਹਾਂ ਪੈਸਿਆਂ ਦੀ ਵਰਤੋਂ ਪੂਰੇ ਜੋਬਨ ਉੱਤੇ ਸੀ।

ਮਾਤਾ – ਪਿਤਾ ਬੱਚਿਆਂ ਨੂੰ ਬੰਟੇ ( ਕੱਚੇ ) , ਗੇਂਦਾਂ ਅਤੇ ਹੋਰ ਚੀਜ਼ਾਂ ਲੈਣ ਲਈ ਇਨ੍ਹਾਂ ਪੈਸੇ ਨੂੰ ਬੜੇ ਮਾਣ ਨਾਲ ਦਿੰਦੇ ਹੁੰਦੇ ਸਨ ਅਤੇ ਬੱਚੇ ਵੀ ਚਾਈਂ – ਚਾਈਂ ਇਸ ਦੀ ਵਰਤੋਂ ਕਰਦੇ ਹੁੰਦੇ ਸਨ। ਉਸ ਸਮੇਂ ਇਸ ਭਾਨ ਦੀ ਅਹਿਮੀਅਤ ਕਾਫੀ ਹੁੰਦੀ ਸੀ। ਇੱਕ ਪੈਸੇ ਦੇ ਦਸ ਬੰਟੇ ( ਕੰਚੇ) , ਦਸ ਪੈਸੇ ਦੀਆਂ ਕਈ ਸਲੇਟੀਆਂ , ਚੁਆਨੀ ਦੀ ਗੇਂਦ , ਪੰਜਾਹ ਪੈਸੇ ਦੀ ਸਲੇਟ , ਚੁਆਨੀ ਦਾ ਪੈਨ ਦਾ ਸਿੱਕਾ , ਪੰਜਾਹ ਪੈਸੇ ਦਾ ਵਰਣਮਾਲਾ ਦਾ ਕਾਇਦਾ ਆਦਿ ਆਮ ਹੀ ਬਾਜ਼ਾਰ ਤੋਂ ਜਾਂ ਦੁਕਾਨ ਤੋਂ ਮਿਲ ਜਾਇਆ ਕਰਦੇ ਹੁੰਦੇ ਸਨ। ਪੰਜਾਹ ਪੈਸੇ ਦੀ ਕਾਪੀ , ਚੁਆਨੀ ਦੀ ਸਿਆਹੀ ਅਤੇ ਦਵਾਤ , ਪੰਜ ਪੈਸੇ ਦੀ ਅੇੈਨਾਸਿਨ ਦੀ ਗੋਲੀ ਆਦਿ ਆਮ ਹੀ ਦੁਕਾਨ ਤੋਂ ਖ਼ਰੀਦ ਲੈਂਦੇ ਹੁੰਦੇ ਸੀ। ਬਣੀ – ਬਣਾਈ ਤਿਆਰ ਸਿਆਹੀ ਦੀ ਕੱਚ ਦੀ ਸ਼ੀਸ਼ੀ ਅਕਸਰ ਦਸ – ਬਾਰਾਂ ਆਨਿਆਂ ( ਪੰਝੀ ਪੇੈਸੇ ਦੇ ਚਾਰ ਆਨੇ) ਵਿੱਚ ਮਿਲ ਜਾਂਦੀ ਹੁੰਦੀ ਸੀ।

ਮੰਗਤੇ ਪੰਜੀ ( ਪੰਜ ਪੈਸੇ) ਜਾਂ ਦੱਸੀ ( ਦਸ ਪੈਸੇ ) ਲੈ ਕੇ ਹੀ ਫੁੱਲੇ ਨਹੀਂ ਸਨ ਸਮਾਉਂਦੇ , ਪਰ ਹੁਣ ਘਰਾਂ , ਬਾਜ਼ਾਰਾਂ , ਬੈਂਕਾਂ ਆਦਿ ਵਿੱਚੋਂ ਇਹ ਭਾਨ ਲਗਭਗ ਖ਼ਤਮ ਹੋ ਗਈ ਹੈ ਅਤੇ ਇਸ ਦੇ ਦਰਸ਼ਨ ਵੀ ਦੁਰਲੱਭ ਹੋ ਗਏ ਹਨ। ਹੁਣ ਅਜਿਹੀ ਪੁਰਾਣੀ ਮੁਦਰਾ / ਕਰੰਸੀ ਕਿਸੇ ਪੁਰਾਣੇ ਸਿੱਕੇ ਇਕੱਠੇ ਕਰਨ ਦੇ ਸ਼ੌਕੀਨ ਕੋਲ ਹੀ ਵੇਖਣ ਨੂੰ ਮਿਲ ਸਕਦੀ ਹੈ। ਅੱਜਕੱਲ੍ਹ ਮਹਿੰਗਾਈ ਦੇ ਸਮੇਂ ਵਿੱਚ ਪੈਸਿਆਂ ਦੀ ਥਾਂ ਰੁਪਈਆਂ ਨੇ ਭਾਨ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਇੱਕ ਰੁਪਏ ਤੇ ਪੰਜ ਰੁਪਏ ਦੇ ਨੋਟ ਵੀ ਕਦੇ – ਕਦਾਈਂ ਹੀ ਵੇਖਣ ਨੂੰ ਮਿਲਦੇ ਹਨ।ਅੱਜ ਦਸ ਰੁਪਏ ਦੇ ਨੋਟ ਤੋਂ ਲੈ ਕੇ ਦੋ ਹਜ਼ਾਰ ਰੁਪਏ ਤੱਕ ਦੇ ਵੱਡੇ ਨੋਟ ਹੋਂਦ ਵਿੱਚ ਆ ਗਏ ਹਨ। ਭਾਨ ਦੇ ਬਦਲਦੇ ਰੂਪ ਵਿੱਚ ਹੁਣ ਇੱਕ ਰੁਪਏ , ਦੋ ਰੁਪਏ , ਪੰਜ ਰੁਪਏ , ਦਸ ਰੁਪਏ ਆਦਿ ਦਾ ਚਲਨ ਹੋ ਗਿਆ ਹੈ।

ਸਿੱਟੇ ਵਜੋਂ ਬਾਜ਼ਾਰੂ ਚੀਜ਼ਾਂ ਦੀਆਂ ਕੀਮਤਾਂ ਵੀ ਪੌਣੇ – ਅੱਧਿਆਂ ਦੀ ਥਾਂ ਹੁਣ ਲਗਭਗ ਰਾਊਂਡ ਫਿਗਰ ਵਿੱਚ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਘਰਾਂ ਦੀ ਲਿਪਾਈ , ਸਪੇਰੇ ਦੀ ਬੀਨ ‘ਤੇ , ਨਲਕੇ ਦੁਆਲੇ ਲੱਗੇ ਫ਼ਰਸ਼ ‘ਤੇ , ਕਈ ਧਾਰਮਿਕ ਅਸਥਾਨਾਂ ‘ਤੇ , ਨਵ – ਜੰਮੇ ਬੱਚੇ ਦੀ ਤੜਾਗੀਆਂ ਆਦਿ ‘ਚ ਸਜਾਈਆਂ ਜਾਣ ਵਾਲੀਆਂ ਦੁੱਕੀਆਂ – ਤਿੱਕੀਆਂ ਜਾਂ ਫਿਰ ਆਮ ਜਨ – ਜੀਵਨ ਦੇ ਵੱਖ – ਵੱਖ ਰਸਮਾਂ – ਰਿਵਾਜਾਂ ਦੇ ਸਮੇਂ ਵਰਤੀਆਂ ਜਾਣ ਵਾਲੀਆਂ ਪੰਜੀਆਂ – ਦਸੀਆਂ ਤਾਂ ਹੁਣ ਬੀਤੇ ਦੀ ਬਾਤ ਬਣ ਕੇ ਰਹਿ ਗਈਆਂ ਹਨ। ਭਾਨ ਨਾਲੋਂ ਮਨੁੱਖ ਦਾ ਨਾਤਾ ਟੁੱਟਦਾ ਹੀ ਜਾ ਰਿਹਾ ਹੈ ਅਤੇ ਅੱਜ ਹਰ ਕੋਈ ਪਰਸ , ਬਟੂਏ ਜਾਂ ਜੇਬ ਵਿੱਚ ਵੱਡੀ ਕਰੰਸੀ ਦੇ ਨੋਟ ਰੱਖਣ ਨੂੰ ਅਹਿਮੀਅਤ ਦੇਣ ਲੱਗਾ ਹੈ ਜਾਂ ਜ਼ਿਆਦਾਤਰ ਆਨਲਾਈਨ ਭੁਗਤਾਨ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ ; ਪਰ ਆਪਣੇ ਸਮਿਆਂ ‘ਚ ਵਰਤੀ ਕਰੰਸੀ ਨੂੰ ਭੁੱਲਣਾ ਬਹੁਤ ਔਖਾ ਹੁੰਦਾ ਹੈ ਤੇ ਲੋੜ ਹੈ ਅਜਿਹੀ ਲੁਪਤ ਹੋਈ ਜਾਂ ਲੁਪਤ ਹੋਣ ਜਾ ਰਹੀ ਕਰੰਸੀ ਬਾਰੇ ਨਵੀਂ – ਨਰੋਈ ਪੀੜ੍ਹੀ ਨੂੰ ਦੱਸਣ ਦੀ ਅਤੇ ਆਪਣੀ ਯਾਦਦਾਸ਼ਤ ਲਈ ਸੰਜੋਅ ਕੇ ਰੱਖਣ ਦੀ।

ਮਾਸਟਰ ਸੰਜੀਵ ਧਰਮਾਣੀ

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਮਸਤਾਨਾ ਜੋਗੀ…
Next articleਵਾਰ