ਨੌਵੀਂ ਦੇ ਉੱਤੇ ਪਤਨੀ ਨੇ ਕੰਜਕਾਂ ਨੂੰ ਰੋਟੀ ਖਵਾਉਣੀ ਹੀ ਹੁੰਦੀ ਹੈ ਤੇ ਦਸਵੀਂ ਤੇ ਦੁਸਿਹਰਾ।
(ਸਮਾਜ ਵੀਕਲੀ) ਮੈਂ ਅੱਧੀ ਸਦੀ ਪਿੱਛੇ ਚਲਾ ਗਿਆ ਜਦੋਂ ਦਾਦੀ ਮਾਂ ਸਵੇਰੇ ਹੀ ਨਹਾ ਧੋ ਕੇ ਤਿਆਰ ਹੋ ਕੇ ਚੁੱਲ੍ਹੇ ਨੂੰ ਪੋਚਾ ਦੇ ਕੇ ਕੜਾਹ ਪ੍ਰਸ਼ਾਦ ਅਤੇ ਪੂਰੀਆਂ ਤਿਆਰ ਕਰਦੀ ਸੀ ਪਰ ਮੈਨੂੰ ਜਿਥੋਂ ਤੱਕ ਯਾਦ ਹੈ ਉਸ ਸਮੇਂ ਕੰਜਕਾਂ ਖਵਾਉਣ ਵੇਲੇ ਉਹਨਾਂ ਨੂੰ ਲੜਕੀਆਂ ਲੱਭਣੀਆਂ ਨਹੀਂ ਪੈਂਦੀਆਂ ਸੀ। ਪਿਤਾ ਜੀ ਹੋਰੀ ਪੰਜ ਭਰਾ, ਪੰਜਾਂ ਦੇ ਅੱਗੇ ਤਿੰਨ ਤਿੰਨ ਚਾਰ ਚਾਰ ਕੁੜੀਆਂ। ਘਰ ਦੀਆਂ ਕੰਜਕਾਂ ਹੀ ਹੋ ਜਾਂਦੀਆਂ ਸਨ ਰੋਟੀ ਖਾਣ ਵੇਲੇ ਜਾਂ ਉਹਨਾਂ ਦੀ ਕੋਈ ਸਹੇਲੀ ਜਾਂ ਕੋਈ ਗੁਆਂਢੀਆਂ ਦੀ ਕੁੜੀ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਸੀ ਕਿ ਕੱਲ੍ਹ ਨੂੰ ਸਵੇਰੇ ਤੁਸੀਂ ਸਾਡੇ ਘਰ ਭੋਜਨ ਪਾਉਣਾ ਹੈ। ਫ਼ਿਰ ਉਸੇ ਤਰੀਕੇ ਨਾਲ ਹੀ ਆਪਣੀ ਮਾਤਾ ਨੂੰ ਇਸੇ ਤਰ੍ਹਾਂ ਦੀ ਹੀ ਤਿਆਰੀ ਕਰਦੇ ਦੇਖਿਆ। ਉਹ ਵੀ ਇਸ ਤਰ੍ਹਾਂ ਹੀ ਚੌਂਕੇ ਚੁੱਲ੍ਹੇ ਨੂੰ ਲਿਪ ਪੋਚ ਕੇ ਉਸ ਨੂੰ ਸ਼ੁੱਧ ਕਰ ਲੈਂਦੀ ਸੀ। ਘਰਦਿਆਂ ਨੂੰ ਪੂਰੀ ਪ੍ਰਸ਼ਾਦ ਉਦੋਂ ਤੱਕ ਨਹੀਂ ਮਿਲਦਾ ਸੀ ਜਦੋਂ ਤੱਕ ਪੰਡਤਾਣੀ ਜੀ, ਜਿਸ ਨੂੰ ਅਸੀਂ ਸਾਰੇ ਦਾਦੀ ਕਹਿੰਦੇ ਸਾਂ ਆਪਣੇ ਹਿੱਸੇ ਦਾ ਪ੍ਰਸ਼ਾਦ ਘਰੋਂ ਲੈ ਨਹੀਂ ਜਾਂਦੀ ਸੀ। ਅੱਜ ਫ਼ੇਰ ਕੰਜਕਾਂ ਦੀ ਤਲਾਸ਼ ਵਿਚ ਆਲੇ ਦੁਆਲੇ ਮਹੱਲੇ ਵਿਚ ਦਰਵਾਜੇ ਖੜਕਾਉਂਦਾ ਰਿਹਾ, ਭਾਵੇਂ ਸਾਰੀਆਂ ਛੋਟੀਆਂ ਬੱਚੀਆਂ ਸਕੂਲ ਤੋਂ ਛੁੱਟੀ ਮਾਰ ਗਈਆਂ ਸਨ ਤੇ ਉਹ ਸਵੇਰ ਤੋਂ ਹੀ ਸਾਰੇ ਘਰਾਂ ਵਿੱਚ ਭੋਜਨ ਪਾ ਕੇ ਆ ਰਹੀਆਂ ਸਨ। ਆਪਣੇ ਆਪਣੇ ਘਰੇ ਭੋਜਨ ਪਵਾਉਣ ਦੇ ਲਈ ਕੋਈ ਨਾ ਕੋਈ ਘਰ ਦਾ ਜੀਅ, ਕਿਸੇ ਨਾ ਕਿਸੇ ਦੇ ਦਰ ‘ਤੇ ਉਸ ਲੜਕੀ ਨੂੰ ਭਾਵ ਕੰਜਕ ਨੂੰ ਲੈਣ ਦੇ ਲਈ ਖੜ੍ਹਾ ਸੀ। ਮੈਨੂੰ ਵੀ ਪਤਾ ਸੀ ਮੈਂ ਵੀ ਪਤਨੀ ਸ਼੍ਰੀ ਦੇ ਕਹਿਣ ‘ਤੇ ਉਸੇ ਕਤਾਰ ਵਿਚ ਸਾਂ। ਆਖ਼ਰ ਪਹਿਲਾਂ ਪੰਜ ਕੁ ਕੁੜੀਆਂ ਦਾ ਜੱਥਾ ਮਿਲ ਗਿਆ ਤੇ ਉਹਨਾਂ ਵਿੱਚੋਂ ਇੱਕ ਸਿਆਣੀ ਕੁੜੀ ਨੂੰ ਮੈਂ ਡਿਊਟੀ ਲਗਾ ਕੇ ਆ ਗਿਆ ਕਿ ਜਦੋਂ ਹੀ ਕਿਸੇ ਦੇ ਘਰੋਂ ਲੜਕੀਆਂ ਭੋਜਨ ਪਾ ਕੇ ਆਉਣ ਤਾਂ ਉਹਨਾਂ ਨੂੰ ਤੁਰੰਤ ਆਪਣੇ ਘਰ ਤੂੰ ਲੈ ਕੇ ਆਉਣਾ ਹੈ।
ਦੋਹਤੀ ਅਤੇ ਬੇਟੀ ਅਜੇ ਆਏ ਨਹੀਂ ਸਨ । ਪੋਤਰੀ ਚੰਡੀਗੜ੍ਹ ਬਿਰਾਜਮਾਨ ਸੀ। ਚਲੋ , ਸੱਦਾ 11 ਕੁੜੀਆਂ ਨੂੰ ਸੀ, ਤੇ ਆ ਸੁੱਖ ਨਾਲ ਹੋਰ ਵੀ ਜ਼ਿਆਦਾ ਗਈਆਂ ਤੇ ਉਹਨਾਂ ਦੇ ਨਾਲ ਛੋਟੇ ਛੋਟੇ ਦੋ ਮੁੰਡੇ ਵੀ, ਮੁੰਡਿਆਂ ਵਿੱਚੋਂ ਤਾਂ ਇੱਕ ਨੂੰ ਹੀ ਐਡਜਸਟ ਕੀਤਾ ਜਾ ਸਕਦਾ ਸੀ, ਉਸ ਦੀ ਲੰਗਰ ਵੀਰ ਦੀ ਉਪਾਧੀ ਜੋ ਹੁੰਦੀ ਹੈ। ਦੂਜੇ ਨੂੰ ਮੈਂ ਬਾਹਰ ਬੈਂਚ ਤੇ ਹੀ ਬਿਠਾ ਲਿਆ, ਪਤਨੀ ਮੈਨੂੰ ਇਸ਼ਾਰਾ ਕਰ ਰਹੀ ਸੀ ਕਿ ਉਸ ਨੂੰ ਵੀ ਬੱਚਿਆਂ ਦੇ ਨਾਲ ਹੀ ਬਿਠਾ ਦਿੱਤਾ ਜਾਵੇ ਪਰ ਮੈਂ ਉਸ ਵੱਲ ਧਿਆਨ ਨਹੀਂ ਦਿੱਤਾ। ਚਲੋ, ਸਭ ਨੂੰ ਯਥਾਯੋਗ ਭੋਜਨ ਪਵਾਇਆ ਗਿਆ ਤੇ ਬਾਹਰ ਬੈਠੇ ਇੱਕ ਹੋਰ ਲੰਗਰ ਵੀਰ ਨੂੰ ਵੀ ਉਹਨਾਂ ਵਰਗਾ ਹੀ ਭੋਜਨ ਦਿੱਤਾ ਗਿਆ ਤੇ ਨਾਲ ਹੀ ਦੰਦ ਘਸਾਈ। ਅਸਲ ਵਿਚ, ਸਾਲ ਵਿਚ ਦੋ ਕੁ ਵਾਰ ਇਸ ਤਰ੍ਹਾਂ ਦੀ ਰੌਣਕ ਲੱਗਦੀ ਹੈ ਪਤਨੀ ਕੜਾਹ ਪ੍ਰਸ਼ਾਦ ਦੀ ਦੇਗ਼ ਬਹੁਤ ਵਧੀਆ ਬਣਾਉਂਦੀ ਹੈ ਤੇ ਉਸ ਦੇ ਨਾਲ ਸੁੱਕੇ ਕਾਲੇ ਛੋਲੇ ਤੇ ਫੁੱਲੀਆਂ ਫੁੱਲੀਆਂ ਪੂਰੀਆਂ। ਇਹ ਸਾਡੇ ਸਮਾਜ ਦਾ ਬੜਾ ਹੀ ਉਸਾਰੂ ਤੇ ਹਾਂ ਪੱਖੀ ਪੱਖ ਹੈ,ਜਿਸ ਵਿਚ ਬਿਨਾਂ ਕਿਸੇ ਵਿਤਕਰੇ ਤੋਂ ਬੱਚੀਆਂ ਨੂੰ ਉਹਨਾਂ ਦੇ ਪਹਿਲਾਂ ਪੈਰ ਧੋ ਕੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਤਿਲਕ ਕਰ ਕੇ, ਫ਼ਿਰ ਖੱਮ੍ਹਨੀ ਬੰਨ ਕੇ ਭੋਜਨ ਕਰਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਘਰ ਵਿੱਚ ਜੋਤ ਜਗਾ ਕੇ ਕੁਝ ਅਲੱਗ ਅਲੱਗ ਦੇਵਤਿਆਂ ਦੀਆਂ ਆਰਤੀਆਂ ਕੀਤੀਆਂ ਜਾਂਦੀਆਂ। ਉਸ ਆਰਤੀ ਵੇਲੇ ਮੈਨੂੰ ਬਾਬਾ ਨਾਨਕ ਵੀ ਯਾਦ ਆਇਆ। ਗਗਨ ਮੇਂ ਥਾਲ ਰਵੀ ਚੰਦ ਦੀਪਕ ਬਣੇ ਤਾਰਿਕਾ ਮਡਲਾ ਜਨਕ ਮੋਤੀ। ਕੈਸੀ ਆਰਤੀ ਹੋਇ ਤੇਰੀ ਭਵ ਖਡਨਾ। ਪਤਨੀ ਸ਼੍ਰੀ ਜਦੋਂ ਬੱਚਿਆਂ ਦੇ ਤਿਲਕ ਕਰ ਰਹੀ ਸੀ ਤਾਂ ਮੈਨੂੰ ਫ਼ਿਰ ਬਾਬਾ ਨਾਨਕ ਇੱਕ ਵਾਰ ਯਾਦ ਆਇਆ ਬਾਬੇ ਨਾਨਕ ਨੂੰ ਕਿਸ ਨੇ ਤਿਲਕ ਕਰਨਾ ਸੀ। ਕਿਸ ਨੇ ਗੁਰਗੱਦੀ ਦੇਣੀ ਸੀ ਉਹ ਤਾਂ ਪਹੁੰਚੀ ਹੋਈ ਸ਼ਖਸ਼ੀਅਤ ਸੀ ਪਰ ਉਹਨਾਂ ਨੇ ਜਦੋਂ ਭਾਈ ਲਹਿਣੇ ਨੂੰ ਗੁਰਗੱਦੀ ਬਖਸ਼ੀ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਹੋਣ ਦਾ ਖ਼ਿਤਾਬ ਦਿੱਤਾ ਤੇ ਉਹਨਾਂ ਨੂੰ ਸਾਖੀਆਂ ਅਨੁਸਾਰ ਤਿਲਕ ਕੀਤਾ। ਇੱਕ ਵਾਰ ਸਾਰਾ ਕਾਲ ਚੱਕਰ ਬ੍ਰਹਮੰਡ ਸਾਰਾ ਕੁਝ ਅੱਖਾਂ ਦੇ ਦਵਾਲੇ ਘੁੰਮ ਗਿਆ। ਆਖਰ ਕੰਜਕਾਂ ਵਿਦਾਅ ਹੋ ਗਈਆਂ।
ਉਸ ਤੋਂ ਬਾਅਦ ਰਹਿ ਗਈਆਂ ਮਹੱਲੇ ਦੀਆਂ ਉਹ ਵੱਡੀਆਂ ਕੁੜੀਆਂ ਜਿਹੜੀਆਂ ਕੰਜਕਾਂ ਵਿੱਚ ਨਹੀਂ ਬੈਠ ਸਕਦੀਆਂ ਸਨ ਉਹਨਾਂ ਲਈ ਵੀ ਅਲੱਗ ਅਲੱਗ ਥਾਲੀਆਂ ਤਿਆਰ ਕਰਕੇ ਸਾਹਮਣੇ ਆਂਢ ਗੁਆਂਡ ਵਿੱਚ ਪਹੁੰਚਾਉਣ ਦੀ ਡਿਊਟੀ ਮੇਰੀ ਸੀ ਤੇ 45 ਜੀ ਨੂੰ ਉਹਨਾਂ ਦੇ ਘਰ ਭੋਜਨ ਵੀ ਦੇ ਕੇ ਆਉਣਾ ਸੀ ਫੇਰ ਆਉਂਦੇ ਹੋਏ ਗਊਆਂ ਨੂੰ ਪੱਠੇ। ਮੈਂ ਸੋਚ ਰਿਹਾ ਸੀ ਤੁਸੀਂ ਕਿੰਨੇ ਵੀ ਅਗਾਂਹ ਵਧੂ ਬਣ ਜਾਓ ਪਰ ਆਪਣੇ ਪਿਤਰੀ ਸੰਸਕਾਰਾਂ ਤੋਂ ਨਹੀਂ ਟੁੱਟ ਸਕਦੇ। ਇੱਕ ਅਫਸਰ ਨੂੰ ਮਿਲਣ ਗਿਆ ਛੋਟੇ ਅਫਸਰ ਨੇ ਦੱਸਿਆ ਕਿ ਸਾਹਿਬ ਪਿੰਡ ਮਿੱਟੀ ਕੱਢਣ ਗਏ ਹੋਏ ਹਨ ਉਹਨਾਂ ਦੇ ਦੁਸਹਿਰੇ ਤੋਂ ਪਹਿਲਾਂ ਪਿੰਡ ਮਿੱਟੀ ਨਿਕਲਦੀ ਹੈ।
ਮੇਰਾ ਧਿਆਨ ਸਾਡੀ ਸਾਇੰਸ ਦੀ ਅਧਿਆਪਕਾ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਬਲ ਗਿਆ ਜਿਹੜੀ ਕਿ ਇਹਨਾਂ ਵਰਤਾ ਤਿਹਾਰਾ ਨੂੰ ਬੜੀ ਸੰਜੀਦਗੀ ਨਾਲ ਮਨਾਉਂਦੀ ਹੈ। ਉਹੀ ਕਿਉਂ ਮਨਾਉਂਦੀ ਹੈ ਮੇਰੀ ਪਤਨੀ ਵੀ ਤਾਂ ਮਨਾਉਂਦੀ ਹੈ ਮੇਰੀ ਮਾਂ ਵੀ ਮਨਾਉਂਦੀ ਸੀ ਜੇ ਮੇਰੀ ਦਾਦੀ ਵੀ। ਸ਼ਾਇਦ ਇਹ ਹਿੰਦੁਸਤਾਨ ਜਾਂ ਪੰਜਾਬੀ ਸੱਭਿਆਚਾਰ ਦਾ ਅੰਗ ਹਨ ਜਿੰਨਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਮੈਨੂੰ ਰਫੈਲ ਜਹਾਜ਼ ਲੈਣ ਵੇਲੇ ਦਾ ਦ੍ਰਿਸ਼ ਯਾਦ ਆਇਆ ਜਦੋਂ ਹਿੰਦੁਸਤਾਨ ਦਾ ਡਿਫੈਂਸ ਮਨਿਸਟਰ ਰਿਫੈਲ ਜਹਾਜ਼ ਦੀ ਪੂਜਾ ਕਰਕੇ ਗੁੱਟ ਭੰਡ ਰਿਹਾ ਸੀ ਤੇ ਨਾਲ ਦੀ ਨਾਲ ਉਸ ਸਾਇੰਟਿਸਟ ਵੀ ਯਾਦ ਆਇਆ ਜਿਹੜਾ ਰਾਕਟ ਉਡਾਉਣ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਪਹਿਲਾਂ ਪੂਜਾ ਕਰ ਰਿਹਾ ਸੀ। ਮੈਨੂੰ ਲੱਗਿਆ ਕੋਈ ਗੱਲ ਤਾਂ ਹੈ ਯਾਰ ਇਹਨਾਂ ਰੀਤੀ ਰਿਵਾਜਾਂ ਤੇ ਰਸਮਾਂ ਵਿੱਚ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



