(ਸਮਾਜ ਵੀਕਲੀ) ਗ੍ਰਹਿਸਤ ਜੀਵਨ ਨੂੰ ਸਾਡੇ ਗੁਰੂਆਂ, ਪੀਰਾਂ, ਰਿਸ਼ੀਆਂ ਮੁਨੀਆਂ ਨੇ ਬਹੁਤ ਉੱਚਾ ਸੁੱਚਾ ਤੇ ਸੁਖੀ ਜੀਵਨ ਮੰਨਿਆ ਹੈ। ਸਾਡੇ ਭਾਰਤੀ ਤੇ ਖਾਸ ਕਰਕੇ ਪੰਜਾਬੀ ਸਮਾਜ ਵਿੱਚ ਗ੍ਰਿਹਸਥੀ ਜੀਵਨ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਕੇ ਸ਼ੁਰੂ ਕੀਤਾ ਜਾਂਦਾ ਹੈ।ਵਿਆਹ ਇੱਕ ਪਵਿੱਤਰ ਰਸਮ ਹੈ ਜੋ ਸਿਰਫ਼ ਦੋ ਸਰੀਰਾਂ ਦਾ ਮੇਲ਼ ਹੀ ਨਹੀਂ ਸਗੋਂ ਇਸ ਤੋਂ ਬਾਅਦ ਬਹੁਤ ਸਾਰੇ ਨਵੇਂ ਅਹਿਮ ਰਿਸ਼ਤੇ ਹੋਂਦ ਵਿੱਚ ਆਉਂਦੇ ਹਨ ਜਿਨ੍ਹਾਂ ਦਾ ਮਨੁੱਖ ਦੀ ਜ਼ਿੰਦਗੀ ਤੇ ਸਮਾਜ ਵਿੱਚ ਵੱਡਮੁੱਲਾ ਯੋਗਦਾਨ ਹੁੰਦਾ ਹੈ। ਜੋ ਦੁਖ ਸੁਖ ਤੇ ਖੁਸ਼ੀ ਗਮੀ ਵੇਲੇ ਮਨੁੱਖ ਦਾ ਸਹਾਰਾ ਬਣਦੇ ਹਨ ਖੁਸ਼ੀਆਂ ਦੂਣ ਸਵਾਈਆਂ ਹੋ ਜਾਂਦੀਆਂ ਹਨ। ਵਿਆਹ ਦੇ ਬੰਧਨ ਤੋਂ ਪਹਿਲਾਂ ਕੀਤੀ ਹੋਈ ਛੋਟੀ ਜਿਹੀ ਗਲਤੀ, ਅਣਗਹਿਲੀ ਜਾਂ ਕਾਹਲੀ ਤੇ ਲਵ ਮੈਰਿਜ ਵਰਗੀ ਗੈਰ ਸਮਾਜਿਕ ਹਰਕਤ ਵੀ ਮਾਨਸਿਕ ਰੋਗਾਂ ਜਾਂ ਲੜਾਈ ਝਗੜੇ ਦਾ ਕਾਰਨ ਬਣਦੀ ਹੈ। ਜਿਸ ਦੀ ਤਕਰੀਬਨ 60 ਸਾਲ ਪੁਰਾਣੀ ਇੱਕ ਮਿਸਾਲ ਮੈਂ ਇਥੇ ਦੇ ਰਿਹਾ ਹਾਂ, ਸਿੱਖੀ ਸਰੂਪ ਵਿੱਚ ਬਹੁਤ ਹੀ ਸੋਹਣਾ ਸੁਨੱਖਾ ਮੁੱਛ ਫੁੱਟ ਗੱਭਰੂ ਗੁਰਨਾਮ ਸਿੰਘ ਕਿਸੇ ਵੱਡੇ ਸ਼ਹਿਰ ਦੇ ਵੱਡੇ ਕਾਲਜ ਵਿੱਚ ਪੜ੍ਹਦਾ ਹੈ, ਉਸ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਤੇ ਮਾਂ ਅਧਿਆਪਕਾ ਹੈ। ਗੁਰਨਾਮ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ, ਨਿਮਰ ਸੁਭਾਅ ਤੇ ਮਿੱਠ ਬੋਲੜਾ ਹੋਣ ਕਰਕੇ ਕਾਲਜ ਦੇ ਮੁੰਡੇ ਕੁੜੀਆਂ ਵਿੱਚ ਕਾਫੀ ਹਰਮਨ ਪਿਆਰਾ ਹੈ। ਤੇ ਇਤਫ਼ਾਕ ਨਾਲ ਹੀ ਬਹੁਤ ਸੋਹਣੀ ਸਨੁੱਖੀ ਤੇ ਚੰਚਲ ਸੁਭਾਅ ਦੀ ਰੁਕਮਣੀ ਦੇਵੀ ਵੀ ਇਸੇ ਕਾਲਜ ਵਿੱਚ ਪੜ੍ਹਦੀ ਹੈ। ਜਿਸ ਦਾ ਹੱਸੂੰ ਹੱਸੂੰ ਕਰਦਾ ਗ਼ੁਲਾਬ ਦੇ ਫੁੱਲ ਵਰਗਾ ਸੋਹਣਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ ਹੈ। ਉਸਦੇ ਚੰਚਲ ਸੁਭਾਅ ਕਾਰਨ ਕਾਲਜ਼ ਦੀਆਂ ਦੂਜੀਆਂ ਕੁੜੀਆਂ ਉਸਨੂੰ ਜਾਣ ਬੁੱਝ ਕੇ ਸ਼ਰਾਰਤੀ ਗੱਲਾਂ ਕਰਕੇ ਛੇੜਦੀਆਂ ਹਨ। ਤੇ ਉਹ!ਸਭ ਨੂੰ ਟਿੱਚ ਜਾਣਦੀ ਹੈ। ਇਨ੍ਹਾਂ ਕਾਲਜੀ ਦਿਨਾਂ ਦੇ ਮਨਚਲੇ ਮਹੌਲ ਦੌਰਾਨ ਗੱਲਾਂ ਗੱਲਾਂ ਵਿੱਚ ਹੀ ਉਹ ਗੁਰਨਾਮ ਦੇ ਕਾਫੀ ਨਜ਼ਦੀਕ ਆ ਜਾਂਦੀ ਹੈ ਤੇ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ,ਤੇ ਗੱਲ ਪ੍ਰੇਮ ਵਿਆਹ ਤੱਕ ਪਹੁੰਚ ਜਾਂਦੀ ਹੈ। ਉਨ੍ਹਾਂ ਸਮਿਆਂ ਵਿੱਚ ਪ੍ਰੇਮ ਵਿਆਹ! ਉਹ ਵੀ ਦੂਜੇ ਧਰਮ ਦੇ ਜੀਵਨ ਸਾਥੀ ਨਾਲ! ਬਹੁਤ ਦੂਰ ਦੀ ਗੱਲ ਸੀ,ਇਸ ਨੂੰ ਬਹੁਤ ਬੁਰਾ ਮਨਾਇਆ ਜਾਂਦਾ ਸੀ ਤੇ ਸਮਾਜ ਵੀ ਇਸ ਨੂੰ ਮਾਨਤਾ ਨਹੀਂ ਸੀ ਦਿੰਦਾ ਸਗੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਵੀ ਜਲੀਲ ਕੀਤਾ ਜਾਂਦਾ ਸੀ। ਕੋਈ ਇਸ ਤਰ੍ਹਾਂ ਦੇ ਕਦਮ ਬਾਰੇ ਸੋਚ ਵੀ ਨਹੀਂ ਸਕਦਾ ਸੀ ਜਿਹੜਾ ਕਦਮ ਗੁਰਨਾਮ ਤੇ ਰੁਕਮਣੀ ਚੁੱਕ ਚੁੱਕੇ ਸਨ। ਤੇ ਉਹ ਦੋਹਾਂ ਪ੍ਰਵਾਰਾਂ ਦੀ ਸਹਿਮਤੀ ਤੋਂ ਬਿਨਾਂ ਹੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਗੁਰਨਾਮ ਨੂੰ ਉਸ ਦੇ ਘਰ ਦਿਆਂ ਵਲੋਂ ਬੇਦਖਲ ਕਰ ਦਿੱਤਾ ਗਿਆ ਸੀ ਤੇ ਉਸ ਦੇ ਮਾਪਿਆਂ ਵਲੋਂ ਉਸ ਨੂੰ ਕਿਹਾ ਗਿਆ ਸੀ ਕਿ ਉਮਰ ਭਰ ਸਾਡੇ ਮੱਥੇ ਨਾ ਲੱਗੀਂ।ਤੇ ਰੁਕਮਣੀ ਦੇ ਪ੍ਰਵਾਰ ਦਾ ਵੀ ਸ਼ਾਇਦ ਇਹੋ ਫੁਰਮਾਨ ਹੋਵੇ। ਦੋਵੇਂ ਪ੍ਰਵਾਰ ਪੜ੍ਹੇ ਲਿਖੇ ਹੋਣ ਕਰਕੇ ਸਬਰ ਦਾ ਘੁੱਟ ਭਰਨ ਲਈ ਮਜਬੂਰ ਸਨ। ਨਹੀਂ ਤਾਂ ਉਨ੍ਹਾਂ ਸਮਿਆਂ ਵੇਲੇ ਇਹੋ ਜਿਹੀ ਹਰਕਤ ਤੇ ਕਤਲ ਵੀ ਹੋ ਜਾਂਦੇ ਸਨ। ਖੈਰ ਪੜ੍ਹੇ ਲਿਖੇ ਹੋਣ ਕਰਕੇ ਗੁਰਨਾਮ ਤੇ ਉਸ ਦੀ ਜੀਵਨ ਸਾਥਣ ਦੋਵੇਂ ਹੀ ਸਰਕਾਰੀ ਨੌਕਰੀ ਲੱਗ ਗਏ ਤੇ ਆਪਣੇ ਸ਼ਹਿਰੋਂ ਦੂਰ ਰਹਿਣ ਲੱਗੇ। ਘਰ ਗ੍ਰਹਿਸਥੀ ਵਧੀਆ ਚੱਲ ਰਹੀ ਸੀ ਤੇ ਬੱਚੇ ਵੀ ਹੋ ਗਏ ਹੁਣ ਉਹ ਇੱਕ ਹਸਦਾ ਵਸਦਾ ਖੁਸ਼ਹਾਲ ਪ੍ਰਵਾਰ ਸੀ। ਬੱਚੇ ਵੱਡੇ ਹੋਏ ਪੜ੍ਹ ਲਿਖ ਗਏ ਤੇ ਜਦੋਂ ਬੱਚਿਆਂ ਦੇ ਵਿਆਹ ਦੀ ਉਮਰ ਹੋ ਗਈ ਤਾਂ ਉਸ ਵੇਲੇ ਪ੍ਰਵਾਰ ਵਿੱਚ ਇੱਕ ਨਵੀਂ ਉਲਝਣ ਪੈਦਾ ਹੋ ਗਈ। ਹਸਦੇ ਵਸਦੇ ਪ੍ਰਵਾਰ ਵਿੱਚ ਤੂੰ ਤੂੰ ਮੈਂ ਮੈਂ ਤੇ ਕੁੜੱਤਣ ਇਸ ਗੱਲ ਤੇ ਸ਼ੂਰੂ ਹੋ ਗਈ! ਕਿ ਗੁਰਨਾਮ ਸਿੰਘ ਕਹਿੰਦਾ ਸੀ ਕਿ ਮੈਂ ਬੱਚਿਆਂ ਦੇ ਵਿਆਹ ਆਪਣੇ ਸਿੱਖ ਧਰਮ ਦੇ ਪ੍ਰਵਾਰਾਂ ਵਿੱਚ ਕਰਨੇ ਹਨ ਤੇ ਰੁਕਮਣੀ ਕਹਿੰਦੀ ਸੀ ਕਿ ਮੈਂ ਬੱਚੇ ਆਪਣੇ ਧਰਮ ਦੇ ਹਿੰਦੂ ਪ੍ਰਵਾਰਾਂ ਵਿੱਚ ਵਿਆਹੁਣੇ ਹਨ।ਹਰ ਰੋਜ਼ ਲੜਾਈ ਝਗੜਾ ਕੁੱਟ ਕੁਟਾਪਾ ਰਹਿਣ ਲੱਗਾ। ਕੀਤੀ ਹੋਈ ਪੜ੍ਹਾਈ, ਨਿਮਰਤਾ,ਸਿਆਣਪ ਸਭ ਢੱਠੇ ਖੂਹ ਵਿੱਚ ਪੈ ਗਏ ਤੇ ਇੱਕ ਦੂਜੇ ਨੂੰ ਵੱਧ ਤੋਂ ਵੱਧ ਦੋਸ਼ ਲਾ ਕੇ ਕਸੂਰਵਾਰ ਸਾਬਿਤ ਕਰਨ ਵੱਲ ਹੋ ਤੁਰੇ। ਇਹ ਸਾਰੀ ਗੱਲ ਬਾਤ ਕਿਸੇ ਇਹੋ ਜਿਹੀ ਸੰਸਥਾ ਦੇ ਨੁਮਾਇੰਦਿਆਂ ਤੱਕ ਪਹੁੰਚ ਗਈ ਜੋ ਇਹੋ ਜਿਹੇ ਮੌਕਿਆਂ ਦਾ ਫਾਇਦਾ ਚੁੱਕਦੇ ਹਨ ਅਤੇ ਉਨ੍ਹਾਂ ਨੇ ਗੁਰਨਾਮ ਸਿੰਘ ਦੇ ਪ੍ਰਵਾਰ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਸਮੱਸਿਆਂ ਦਾ ਇੱਕੋ ਇੱਕ ਹੱਲ ਦੱਸਿਆ!ਜੋ ਕਿ ਧਰਮ ਪਰਿਵਰਤਨ ਸੀ! ਤੇ ਉਨ੍ਹਾਂ ਨੂੰ ਐਧਰ ਓਧਰ ਦੀਆਂ ਗੱਲਾਂ ਵਿੱਚ ਵਰਗਲਾ ਕੇ ਦੋਹਾਂ ਦੇ ਧਰਮ ਬਦਲੀ ਕਰਵਾ ਦਿੱਤੇ ਤੇ ਉਨ੍ਹਾਂ ਨੂੰ ਕਿਸੇ ਹੋਰ ਤੀਜੇ ਧਰਮ ਵਿੱਚ ਸ਼ਾਮਲ ਕਰਵਾ ਲਿਆ ਜਿਸ ਵਿੱਚ ਅੰਧਵਿਸ਼ਵਾਸ ਭਾਰੂ ਸੀ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਸੀ ਤੇ ਇਸ ਤਰ੍ਹਾਂ ਬੱਚਿਆਂ ਦੀਆਂ ਸ਼ਾਦੀਆਂ ਦੇ ਰਾਹ ਪੱਧਰੇ ਕਰ ਦਿੱਤੇ ਗਏ। ਦੋਹਾਂ ਨੇ ਮਾਪੇ ਛੱਡੇ ਧਰਮ ਛੱਡਿਆ,ਭੈਣ ਭਰਾ ਤੇ ਰਿਸ਼ਤੇਦਾਰ ਛੱਡੇ ਸਮਾਜਿਕ ਨਮੋਸ਼ੀ ਵੀ ਝੱਲੀ ਤੇ ਅਖੀਰ ਨੂੰ ਉਹ ਵਿਆਹ ਤੋਂ ਪਹਿਲਾਂ ਕੀਤੀ ਹੋਈ ਗਲਤੀ ਤੇ ਪਛਤਾਉਂਦੇ ਹੋਏ ਮਾਨਸਿਕ ਰੋਗੀ ਹੋ ਗਏ, ਬੁਢਾਪੇ ਵਿੱਚ ਜ਼ਿੰਦਗੀ ਨਰਕ ਬਣ ਕੇ ਰਹਿ ਗਈ। ਪਰ ਹੁਣ ਵੇਲਾ ਬੀਤ ਚੁੱਕਿਆ ਸੀ। ਹੁਣ ਅਖੀਰ ਨੂੰ ਉਹ ਆਪਣੇ ਜਾਣ ਪਛਾਣ ਵਾਲਿਆਂ ਨੂੰ ਤੇ ਆਮ ਲੋਕਾਂ ਨੂੰ ਇਹੋ ਹੀ ਕਹਿੰਦੇ ਰਹਿੰਦੇ ਸਨ,ਕਿ ਲੋਕੋ ਵਿਆਹ ਸੋਚ ਸਮਝ ਕੇ ਤੇ ਮਾਪਿਆਂ ਦੀ ਸਹਿਮਤੀ ਨਾਲ ਯੋਗ ਵਰ ਲੱਭ ਕੇ ਕਰਨਾ ਚਾਹੀਦਾ ਹੈ ਨਹੀਂ ਤਾਂ ਸਾਡੀ ਤਰ੍ਹਾਂ ਪਛਤਾਉਣਾ ਪਵੇਗਾ ਤੇ ਜ਼ਿੰਦਗੀ ਨਰਕ ਬਣ ਜਾਵੇਗੀ। ਅਖੀਰ ਤੇ ਮੈਂ ਵੀ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਮੁੰਡੇ ਕੁੜੀਆਂ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਘਰੋਂ ਭੱਜ ਕੇ ਵਿਆਹ ਕਰਵਾਉਂਦੇ ਹਨ ਤੇ ਦੂਜੇ ਧਰਮ ਦੇ ਜੀਵਨ ਸਾਥੀ ਚੁਣਦੇ ਹਨ ਉਨ੍ਹਾਂ ਨੂੰ ਬਾਅਦ ਵਿੱਚ ਪਛਤਾਉਣਾ ਹੀ ਪੈਂਦਾ ਹੈ ਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਨੌਜਵਾਨ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪ੍ਰਵਾਰ ਦੀ ਸਹਿਮਤੀ ਨਾਲ ਹਰ ਪੱਖ ਦੇਖ ਪਰਖ ਕੇ ਹੀ ਕੋਈ ਫੈਸਲਾ ਲੈਣ ਤੇ ਆਪਣੇ ਜੀਵਨ ਸਾਥੀ ਚੁਣਨ। ਅਤੇ ਲਵ ਮੈਰਿਜ ਕਰਵਾਉਣ ਵੇਲੇ ਵੀ ਇਹੋ ਜਿਹੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਤਾਂ ਕਿ ਬਾਅਦ ਵਿੱਚ ਕੋਈ ਮੁਸ਼ਕਲ ਨਾ ਆਵੇ ਤੇ ਜ਼ਿੰਦਗੀ ਨਰਕ ਬਣਨੋ ਬਚ ਜਾਵੇ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



