‘ਤਿਉਹਾਰ’ ਸ਼ਬਦ ਕਿਵੇਂ ਬਣਿਆ?

ਜਸਵੀਰ ਸਿੰਘ ਪਾਬਲਾ
ਜਸਵੀਰ ਸਿੰਘ ਪਾਾਬਲਾ
(ਸਮਾਜ ਵੀਕਲੀ) ਭਾਰਤ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਅੱਜ ਲਗ-ਪਗ ਆਖ਼ਰੀ ਤਿਉਹਾਰ ਦਿਵਾਲ਼ੀ ਮਨਾਇਆ ਜਾ ਰਿਹਾ ਹੈ। ਹਰ ਤਿਉਹਾਰ (त्यौहार) ਉੱਤੇ ਅਸੀਂ ਸੋਚਦੇ ਜ਼ਰੂਰ ਹਾਂ ਕਿ ਤਿਉਹਾਰ ਨਾਂ ਦਾ ਇਹ ਸ਼ਬਦ ਕਿਵੇਂ ਹੋਂਦ ਵਿੱਚ ਆਇਆ ਹੋਵੇਗਾ? ਪਰ ਇਸ ਸ਼ਬਦ ਦਾ ਵਿਸ਼ਲੇਸ਼ਣ ਕਰਨ ਸਮੇਂ ਇਸ ਦੇ ਦੋਵੇਂ ਸ਼ਬਦਾਂਸ਼ ‘ਤਿਉ’ ਅਤੇ ‘ਹਾਰ’ ਇੱਕ ਦਿਵਾਰ ਬਣ ਕੇ ਸਾਡੇ ਸਾਮ੍ਹਣੇ ਆ ਖਲੋਂਦੇ ਹਨ। ਨਾ ਤਾਂ ਇਹਨਾਂ ਵਿਚਲੇ ਤਿਉ ਦਾ ਹੀ ਕੋਈ ਅਰਥ ਨਿਕਲ਼ਦਾ ਹੈ ਅਤੇ ਨਾ ਹੀ ਹਾਰ ਦਾ। ਇਸ ਲਈ ਬੰਦਾ ਹਾਰ-ਹੁੱਟ ਕੇ ਫਿਰ ਹੱਥ ‘ਤੇ ਹੱਥ ਧਰ ਕੇ ਬੈਠ ਜਾਂਦਾ ਹੈ ਅਤੇ ਇਹ ਆਖਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਗੱਲਾਂ ਮਨੁੱਖੀ ਸਮਰੱਥਾ ਤੋਂ ਪਰੇ ਦੀਆਂ ਹਨ। ਅੱਜ ਕੋਸ਼ਸ਼ ਕਰ ਕੇ ਦੇਖਦੇ ਹਾਂ ਕਿ ਇਸ ਸ਼ਬਦ ਬਾਰੇ ਇਹ ਗੱਲ ਕਿੱਥੋਂ ਕੁ ਤੱਕ ਸਹੀ ਹੈ।
              ਭਾਸ਼ਾ-ਵਿਭਾਗ ਪੰਜਾਬ  ਅਤੇ ਜੀ. ਐੱਸ ਰਿਆਲ ਜੀ ਦੇ ਕੋਸ਼ਾਂ/ਨਿਰੁਕਤ-ਕੋਸ਼ਾਂ ਆਦਿ ਅਨੁਸਾਰ ਇਹ ਸ਼ਬਦ ਤਿਥੀ+ਵਾਰ ਦੇ ਮੇਲ਼ ਨਾਲ਼ ਬਣਿਆ ਹੈ ਅਤੇ ਤਿਥੀਵਾਰ ਤੋਂ ਹੌਲ਼ੀ-ਹੌਲ਼ੀ ਲੋਕ-ਉਚਾਰਨ ਵਿੱਚ ਸੁਖੈਨਤਾ ਕਾਰਨ ‘ਤਿਉਹਾਰ’ ਵਿੱਚ ਬਦਲ ਗਿਆ ਹੈ।
      ਪਰ ਮੇਰੇ ਅਧਿਐਨ ਅਨੁਸਾਰ ਇਹ ਸ਼ਬਦ ਤਿਥੀ+ਵਾਰ ਸ਼ਬਦਾਂ ਦੀ ਬਜਾਏ ਤ+ਯ+ਔ (ਕਨੌੜਾ)+ ਅਹਿਰ ਸ਼ਬਦਾਂ/ਧੁਨੀਆਂ ਦੇ ਮੇਲ਼ ਨਾਲ਼ ਬਣਿਆ ਹੈ। ਇਸ ਵਿੱਚ ਅਹਿਰ ਸੰਸਕ੍ਰਿਤ ਦਾ ਇੱਕ ਮੂਲ ਸ਼ਬਦ ਹੈ ਜਿਸ ਦੇ ਅਰਥ ਹਨ- ਦਿਨ। ਇਸ ਸ਼ਬਦ ਤੋਂ ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਬਣੇ ਹਨ ਜਿਨ੍ਹਾਂ ਦਾ ਜ਼ਿਕਰ ਬਾਅਦ ਵਿੱਚ ਕੀਤਾ ਜਾਵੇਗਾ।
       ਅਹਿਰ ਸ਼ਬਦ ਦਾ ਅ ਆਪ ਤੋਂ ਮੂਹਰਲੇ ਯ ਅੱਖਰ ਅਤੇ ਕਨੌੜੇ ਨਾਲ਼ ਰਲ਼ ਕੇ ਪੰਜਾਬੀ ਵਿੱਚ ਉ ਅਤੇ ਹਿੰਦੀ ਵਿੱਚ ਯੌ  ਦਾ ਰੂਪ ਧਾਰਨ ਕਰ ਗਿਆ ਹੈ। ਇਸੇ ਕਾਰਨ ਤਿਉਹਾਰ ਸ਼ਬਦ ਦੇ ਅਰਥਾਂ ਵਿੱਚ ਦਿਨ (ਅਹਿਰ) ਸ਼ਬਦ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਕਾਰਨ ਇਸ ਦੇ ਕੋਸ਼ਗਤ ਅਰਥ ਹਨ-  ਕਿਸੇ ਪੁਰਬ  ਜਾਂ ਉਤਸਵ ਦਾ ਦਿਨ। ਕਹਿਣ ਦਾ ਭਾਵ ਇਹ ਹੈ ਕਿ ਇੱਥੇ ਇਸ ਸ਼ਬਦ (ਤਿਉਹਾਰ) ਦੇ ਅਰਥ ‘ਵਾਰ (ਤਿਥੀਵਾਰ ਵਿਚਲੇ ਵਾਰ) ਕਾਰਨ ਨਹੀਂ ਬਣੇ ਸਗੋਂ ਅਹਿਰ (ਦਿਨ) ਕਾਰਨ ਬਣੇ ਹਨ।
          ਭਾਸ਼ਾ-ਵਿਭਾਗ ਅਨੁਸਾਰ ਨੇਪਾਲੀ ਭਾਸ਼ਾ ਵਿੱਚ ‘ਤਿਉ’ ਦੇ ਅਰਥ ਤਿੰਨ (ਤਿੰਨ ਦਿਨ) ਕਰਦਿਆਂ ਹੋਇਆਂ ਇਸ (ਤਿਉਹਾਰ) ਦੇ ਅਰਥ ਦਿਵਾਲ਼ੀ ਦੇ ਤਿਉਹਾਰ ਤੋਂ ਪਹਿਲੇ ਤਿੰਨ ਦਿਨ ਵੀ ਕੀਤੇ ਗਏ ਹਨ। ਖ਼ੈਰ, ਮੇਰੀ ਸਮਝ ਅਨੁਸਾਰ  ਧੁਨੀਆਂ ਤੇ ਧੁਨੀਆਂ ਦੇ ਅਰਥਾਂ ਦੀ ਸਮਰੱਥਾ ਨੂੰ ਪਛਾਣਨ ਦੀ ਲੋੜ ਹੈ ਕਿਉਂਕਿ ਹਿੰਦੀ/ ਪੰਜਾਬੀ ਭਾਸ਼ਾਵਾਂ ਅਜਿਹੀਆਂ ਭਾਸ਼ਾਵਾਂ ਹਨ ਜਿਨ੍ਹਾਂ ਦੇ ਸੰਸਕ੍ਰਿਤ ਮੂਲ਼ ਵਾਲ਼ੇ ਲਗ-ਪਗ ਸਾਰੇ ਹੀ ਸ਼ਬਦਾਂ ਦੀਆਂ ਧੁਨੀਆਂ ਦੇ ਕੋਈ ਨਾ ਕੋਈ ਅਰਥ ਹਨ ਅਤੇ ਉਹਨਾਂ ਅਰਥਾਂ ਕਾਰਨ ਹੀ ਵੱਖ-ਵੱਖ ਸ਼ਬਦਾਂ ਵਿੱਚ ਵੱਖ-ਵੱਖ ਧੁਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ  ਜਿਸ ਕਾਰਨ ਸਾਡੇ ਮੁਢਲੇ ਸ਼ਬਦਕਾਰ ਉਸ ਸ਼ਬਦ ਦੇ ਮਨ-ਚਿਤਵੇ ਅਰਥ ਬਣਾ ਸਕੇ ਹਨ। ਇਹ ਗੱਲ ਵੱਖਰੀ ਹੈ ਕਿ ਇਹਨਾਂ ਵਿੱਚ ਕਿਤੇ-ਕਿਤੇ ਮੂਲ ਸ਼ਬਦਾਂ ਅਤੇ ਅਗੇਤਰਾਂ/ਪਿਛੇਤਰਾਂ ਆਦਿ ਦੀ ਵੀ ਵਰਤੋਂ ਕੀਤੀ ਗਈ ਹੈ।
         ਤਿਉਹਾਰ ਸ਼ਬਦ ਵਿਚਲੇ ਅਹਿਰ ਸ਼ਬਦ ਵਿੱਚ ਮਧੇਤਰ ਕੰਨਾ ਲਾ ਕੇ ਇਸ ਨੂੰ ‘ਅਹਾਰ’ ਦਾ ਰੂਪ ਦੇ ਦਿੱਤਾ ਗਿਆ ਹੈ। ਇਹ ਬਿਲਕੁਲ ਉਵੇਂ ਹੀ ਹੈ, ਜਿਵੇਂ:ਮੂਲ ਸ਼ਬਦ ‘ਕਰ’ ਵਿੱਚ ਮਧੇਤਰ ਲਾ ਕੇ ਕਾਰ (ਕੰਮ) ਅਤੇ ਮਰ ਵਿੱਚ ਮਧੇਤਰ ਕੰਨਾ  ਲਾ ਕੇ ਇੱਕ ਹੋਰ ਨਵਾਂ ਸ਼ਬਦ ‘ਮਾਰ’ ਬਣਾ ਲਿਆ ਗਿਆ ਹੈ। ਅਜਿਹਾ ਕਰਕੇ ਆਮ ਤੌਰ ‘ਤੇ ਮੂਲ ਸ਼ਬਦ ਦੇ ਅਰਥਾਂ ਨੂੰ ਅੱਗੇ ਤੱਕ ਵਧਾ ਲਿਆ ਜਾਂਦਾ ਹੈ। ਉਂਞ ਕੰਨੇ ਦੀ ਵਰਤੋਂ ਪੁਲਿੰਗ ਸ਼ਬਦ ਬਣਾਉਣ ਲਈ ਵੀ ਕੀਤੀ ਜਾਂਦੀ ਹੈ, ਜਿਵੇਂ: ਲੜਕੀ-ਲੜਕਾ, ਬੱਚੀ-ਬੱਚਾ ਆਦਿ।
             ਹੁਣ ਦੇਖਦੇ ਹਾਂ ਕਿ ਇਸ ਸ਼ਬਦ ਦੇ ਮੂਹਰਲੇ ਸ਼ਬਦ ‘ਤਯੌ’ ਵਿਚਲੀਆਂ ਧੁਨੀਆਂ ਦੇ ਅਰਥਾਂ ਅਨੁਸਾਰ ਇਸ ਸਮੁੱਚੇ ਸ਼ਬਦ ਤਿਉਹਾਰ ਦੇ ਕੀ ਅਰਥ ਬਣਦੇ ਹਨ। ਸ਼ਬਦਕਾਰੀ ਦਾ ਅਧਿਐਨ ਕਰਦਿਆਂ ਪਤਾ ਲੱਗਦਾ ਹੈ ਕਿ ਸ਼ਬਦ-ਬਣਤਰ ਵਿੱਚ ਤ ਧੁਨੀ ਦੀ ਵਰਤੋਂ ਆਮ ਤੌਰ ਤੇ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਸ਼ਬਦ ਨੂੰ ਭੂਤ-ਕ੍ਰਿਦੰਤੀ ਸ਼ਬਦ ਦੇ ਅਰਥ ਦਿੱਤੇ ਜਾਣੇ ਹੁੰਦੇ ਹਨ। ਇਸ ਸ਼ਬਦ (ਤਿਉਹਾਰ) ਵਿੱਚ ਤ ਧੁਨੀ ਦੇ ਅਰਥ ਵੀ ਭੂਤ-ਕ੍ਰਿਦੰਤੀ (ਭੂਤ ਕਾਲ ਦਰਸਾਉਂਦੀ) ਧੁਨੀ ਵਾਲ਼ੇ ਹੀ ਹਨ। ਇਸੇ ਕਾਰਨ ਅਜਿਹੇ ਸ਼ਬਦਾਂ ਵਿੱਚ ਤ ਧੁਨੀ ਦੀ ਹੋਂਦ ਤੋਂ ਇਹ ਪਤਾ ਲੱਗਦਾ ਹੈ ਕਿ ਕੱਮ ਬੀਤੇ ਸਮੇ ਵਿੱਚ ਕਿਸੇ ਸਮੇਂ ਪੂਰਾ ਹੋ ਚੁੱਕਿਆ ਹੈ। ਯ ਧੁਨੀ ਦੇ ਅਰਥ ਹਨ- ਕਿਸੇ ਕੰਮ ਨੂੰ ਅਗਲੇ ਪੜਾਅ ਨਾਲ਼ ਜੋੜਨਾ। ਇਸੇ ਕਾਰਨ ਯੋਗ ਸ਼ਬਦ ਵਿੱਚ ਵੀ ਯ ਦੇ ਅਰਥ ਜੋੜਨਾ ਹੀ ਹਨ। ਯ ਧੁਨੀ ਕਾਰਨ ਯੋਗ ਸ਼ਬਦ ਦੇ ਅਰਥ ਹਨ- ਪਰਮਾਤਮਾ ਨਾਲ਼ ਜੁੜਨਾ/ਜੋੜਨ ਵਾਲ਼ਾ (ਗਿਆਨ) ਜਾਂ ਗਿਣਤੀ ਦੇ ਅੰਕਾਂ ਦਾ ਜੋੜ ਆਦਿ। ਉਂਞ ਇਸ ਦੇ ਇੱਕ ਅਰਥ ਹੋਰ ਵੀ ਹਨ ਜਿਸ ਦਾ ਜ਼ਿਕਰ ਕਿਸੇ ਵੱਖਰੇ ਲੇਖ ਵਿੱਚ।
          ਇਸ ਪ੍ਰਕਾਰ ਤ+ਯ+ਔ (ਕਨੌੜਾ)+ਅਹਿਰ ਸ਼ਬਦਾਂ/ਧੁਨੀਆਂ ਦੇ ਅਰਥਾਂ ਦੇ ਮੇਲ਼ ਅਨੁਸਾਰ ਇਸ ਸ਼ਬਦ ਦੇ ਅਰਥ ਬਣੇ- ਉਹ ਦਿਨ (ਅਹਿਰ ਦੇ ਅਰਥ) ਜਿਸ ਨੂੰ ਬੀਤੇ ਸਮੇਂ ਤੋਂ/ਭੂਤ ਕਾਲ ਤੋਂ ਅਰਥਾਤ ਬਹੁਤ ਦੇਰ ਤੋਂ (ਤ ਧੁਨੀ ਦੇ ਅਰਥ) ਮਨਾਉਣ ਦੀ ਪਰੰਪਰਾ (ਯ ਅਤੇ ਔ ਧੁਨੀਆਂ ਦੇ ਅਰਥ) ਚੱਲੀ ਆ ਰਹੀ ਹੋਵੇ ਅਤੇ ਇਹ ਪਰੰਪਰਾ ਅੱਗੋਂ ਵੀ ਜਾਰੀ (ਅਹਿਰ/ਹਾਰ ਵਿਚਲੇ ਕੰਨੇ ਦੇ ਅਰਥ) ਰਹੇ। ਯਾਦ ਰਹੇ ਕਿ ਇਸ ਸ਼ਬਦ ਵਿੱਚ ਕਨੌੜੇ ਅਤੇ ਕੰਨੇ ਦੇ ਅਰਥ ਬੀਤੇ ਸਮਿਆਂ ਤੋਂ  ਮਨਾਏ ਜਾਂਦੇ ਤਿਉਹਾਰ ਨੂੰ ਅਗਲੇ ਸਾਲ/ਸਾਲਾਂ ਤੱਕ ਮਨਾਏ ਜਾਣ ਅਰਥਾਤ ਇਸ ਪਰੰਪਰਾ ਨੂੰ ਕਾਇਮ ਰੱਖਣ ਨਾਲ਼ ਸੰਬੰਧਿਤ ਹਨ।
          ਉਪਰੋਕਤ ਅਨੁਸਾਰ  ਤਿਉਂ ਅਤੇ ਤਿਵੇਂ ਆਦਿ ਸ਼ਬਦਾਂ ਦੇ ਅਰਥ ਤ ਧੁਨੀ ਦੇ ਭੂਤ-ਕ੍ਰਿਦੰਤੀ ਅਰਥਾਂ ਅਨੁਸਾਰ ਵੀ ਇਹੋ ਹੀ ਬਣਦੇ ਹਨ ਕਿ ਉਹ ਕੰਮ ਜਿਹੜਾ ਜਿਵੇਂ ਕਦੇ ਬੀਤੇ ਸਮੇਂ ਵਿੱਚ ਕੀਤਾ ਗਿਆ ਸੀ, ਹੂ-ਬਹੂ ਉਸੇ ਢੰਗ ਨਾਲ਼ ਹੀ ਕਰਨ ਲਈ ਆਖਿਆ ਜਾਵੇ ਜਾਂ ਦੁਹਰਾਇਆ ਜਾਵੇ।
             ਇਸ ਪ੍ਰਕਾਰ ਮੇਰੀ ਜਾਚੇ ਅੱਜ ਤੱਕ ਦੀ ਪ੍ਰਚਲਿਤ ਧਾਰਨਾ ਅਨੁਸਾਰ ਤਿਥੀਵਾਰ’ ਸ਼ਬਦ ਵਿੱਚੋਂ ਥ ਧੁਨੀ ਦਾ ਅਲੋਪ ਹੋਣਾ ਜਾਂ ‘ਉ’ ਦੀ ਧੁਨੀ ਵਿੱਚ ਬਦਲ ਜਾਣਾ ਅਤੇ ਵ ਧੁਨੀ ਦਾ ਹ ਵਿੱਚ ਬਦਲਣਾ ਇੱਕ ਅਸੰਭਵ ਜਿਹੀ ਪ੍ਰਕਿਰਿਆ ਜਾਪਦੀ ਹੈ। ਇਸ ਲਈ ਵਧੇਰੇ ਸੰਭਾਵਨਾ ਇਹੋ ਹੀ ਹੈ ਕਿ ਤਿਉਹਾਰ ਸ਼ਬਦ ਇਸ ਵਿਚਲੀਆਂ ਧੁਨੀਆਂ (ਤ+ਯ+ਔ) ਦੇ ਅਰਥਾਂ ਅਤੇ ਅਹਿਰ (ਦਿਨ) ਦੇ ਅਰਥਾਂ ਕਾਰਨ ਹੀ ਹੋਂਦ ਵਿੱਚ ਆਇਆ ਹੈ, ‘ਤਿਥੀਵਾਰ’ ਸ਼ਬਦ ਤੋਂ ਨਹੀਂ। ਇਹ ਗੱਲ ਅਗਲੇ ਲੇਖ ਵਿੱਚ ‘ਅਹਿਰ’ ਸ਼ਬਦ ਦੀ ਸ਼ਮੂਲੀਅਤ ਵਾਲ਼ੇ ਕੁਝ ਹੋਰ ਸ਼ਬਦਾਂ ਦੀਆਂ ਉਦਾਹਰਨਾਂ ਨਾਲ਼ ਹੋਰ ਵੀ ਵਧੇਰੇ ਚੰਗੀ ਤਰ੍ਹਾਂ ਸਪਸ਼ਟ ਹੋ ਜਾਵੇਗੀ।
 ਜਸਵੀਰ ਸਿੰਘ ਪਾਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੱ. 9888403052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੱਠੀਆਂ ਉਲ਼ਝਣਾਂ
Next articleਐਤਕੀਂ