ਫਾਜ਼ਿਲਕਾ (ਸਮਾਜ ਵੀਕਲੀ): ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਅਤੇ ਅਜੇ ਰਾਜ ਸਿੰਘ ਕਪਤਾਨ ਪੁਲੀਸ (ਇੰਨਵੈਸਟੀਗੇਸ਼ਨ) ਫਾਜ਼ਿਲਕਾ ਦੀ ਨਿਗਰਾਨੀ ’ਚ ਅਸਲਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸੀਆਈਏ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਦੀ ਟੀਮ ਵੱਲੋਂ ਇਕ ਵਿਅਕਤੀ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਅੱਜ ਆਪਣੇ ਦਫ਼ਤਰ ’ਚ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਗਿੱਲ ਨੇ ਦੱਸਿਆ ਕਿ ਕੱਲ੍ਹ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਤਸਕਰਾਂ ਨੇ ਭਾਰਤ ਵਾਲੇ ਪਾਸੇ ਕੁੱਝ ਗ੍ਰਨੇਡ ਅਤੇ ਹੋਰ ਹਥਿਆਰ ਭੇਜੇ ਹੋਏ ਹਨ।
ਉਸ ਸੂਚਨਾ ਦੇ ਆਧਾਰ ’ਤੇ ਅਰਨੀਵਾਲਾ ਏਰੀਏ ਤੋਂ ਰਵਿੰਦਰ ਮੋਹਨ ਉਰਫ਼ ਗੋਰਾ, ਜੋ ਸਿਰਸਾ (ਹਰਿਆਣਾ) ਦਾ ਰਹਿਣ ਵਾਲਾ ਹੈ, ਨੂੰ ਪੁਲ ਨਹਿਰ ਪਿੰਡ ਢਿੱਪਾਂ ਵਾਲੀ ਕੋਲ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੂੰ ਚਾਰ ਗ੍ਰਨੇਡ, ਜਿਨ੍ਹਾਂ ਦੀ ਪੈਕਿੰਗ ਪਾਕਿਸਤਾਨੀ ਹੈ, ਅਤੇ 2 ਪਿਸਟਲ 30 ਐੱਮਐੱਮ, 4 ਮੈਗਜੀਨ, 47 ਕਾਰਤੂਸਾਂ ਤੋਂ ਇਲਾਵਾ 50 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਰਵਿੰਦਰ ਉਰਫ਼ ਗੋਰਾ ਦੇ ਸਬੰਧ ਅਸ਼ੀਸ਼ ਵਾਸੀ ਰੁੜਕੀ ਜ਼ਿਲ੍ਹਾ ਹਰਿਦੁਆਰ (ਉਤਰਾਖੰਡ) ਨਾਮ ਦੇ ਸਮਗਲਰ ਨਾਲ ਹਨ, ਜਿਹੜਾ ਤਿਹਾੜ ਜੇਲ ਦਿੱਲੀ ’ਚ ਬੰਦ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly