ਮਾਨਸਾ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਨਾ ਉਠਾਉਣ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਵੱਖ-ਵੱਖ ਥਾਵਾਂ ’ਤੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਵਿਰੋਧ ਕੀਤਾ। ਮਾਨਸਾ ਦੇ ਗ੍ਰੈਂਡ ਮਾਲ ਵਿੱਚ ਕਿਸਾਨਾਂ ਨੇ ਫ਼ਿਲਮ ਬੰਦ ਕਰਵਾ ਕੇ ਪੋਸਟਰ ਪਾੜੇ ਅਤੇ ਅਦਾਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਫਿਲਮ ਅਦਾਕਾਰ ਸੰਨੀ ਦਿਓਲ, ਅਕਸ਼ੈ ਕੁਮਾਰ ਅਤੇ ਕੰਗਨਾ ਰਣੌਤ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਹਨ। ਇਨ੍ਹਾਂ ਨੇ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ, ਜਿਸ ਕਰ ਕੇ ਕਿਸਾਨਾਂ ਦਾ ਫ਼ੈਸਲਾ ਹੈ ਕਿ ਉਹ ਇਨ੍ਹਾਂ ਅਦਾਕਾਰਾਂ ਦੀਆਂ ਫਿਲਮਾਂ ਸੂਬੇ ਦੇ ਸਿਨੇਮਾ ਘਰਾਂ ’ਚ ਨਹੀਂ ਚੱਲਣ ਦੇਣਗੇ।
ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਯੁੂਨੀਅਨ ਕਾਦੀਆਂ ਦੇ ਆਗੂ ਪਰਮਜੀਤ ਸਿੰਘ ਤੇ ਮਲਕੀਤ ਸਿੰਘ ਗਾਗੋਵਾਲ ਸਮੇਤ ਕੁਝ ਨੌਜਵਾਨ ਕਿਸਾਨੀ ਝੰਡੇ ਲੈ ਕੇ ਮਾਲ ਵਿੱਚ ਪਹੁੰਚੇ ਅਤੇ ਉੁਨ੍ਹਾਂ ਫ਼ਿਲਮ ਦਾ ਵਿਰੋਧ ਕੀਤਾ। ਉਨ੍ਹਾਂ ਮਾਲ ਮਾਲਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਉਕਤ ਫਿਲਮ ਨੂੰ ਨਹੀਂ ਚੱਲਣ ਦੇਣਗੇ, ਜਿਸ ਮਗਰੋਂ ਮਾਲ ਮਾਲਕਾਂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਸਿਨੇਮਾ ਘਰ ਵਿੱਚ ਫ਼ਿਲਮ ਨਹੀਂ ਚਲਾਉਣਗੇ। ਕਿਸਾਨ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜ੍ਹਨ ਵਾਲੇ ਅਦਾਕਾਰਾਂ ਦਾ ਵਿਰੋਧ ਜਾਰੀ ਰਹੇਗਾ। ਇਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਦਾ ਵੀ ਡੱਟਵਾਂ ਵਿਰੋਧ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly