- ਧਰਮਸੋਤ ਅਤੇ ਸਿੰਗਲਾ ਦੇ ਕਾਫ਼ਲੇ ਨੂੰ ਦਿਖਾਈਆਂ ਕਾਲੀਆਂ ਝੰਡੀਆਂ
- ਚੰਦੂਮਾਜਰਾ ਨੂੰ ਬੇਰੰਗ ਮੁੜਨਾ ਪਿਆ
- ਸੁਖਬੀਰ ਬਾਦਲ ਦਾ ਦੌਰਾ ਹੋਇਆ ਰੱਦ
ਲੌਂਗੋਵਾਲ (ਸਮਾਜ ਵੀਕਲੀ): ਲੌਂਗੋਵਾਲ ’ਚ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਵਿਜੈਇੰਦਰ ਸਿੰਗਲਾ ਨੂੰ ਸੈਂਕੜੇ ਕਿਸਾਨਾਂ ਦੇ ਜ਼ਬਰਦਸਤ ਰੋਹ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਕਾਫ਼ਲੇ ਪਿੱਛੇ ਪਏ ਸੈਂਕੜੇ ਕਿਸਾਨਾਂ ਤੋਂ ਬਚਣ ਲਈ ਗੱਡੀਆਂ ਭਜਾ ਕੇ ਉਥੋਂ ਨਿਕਲਣਾ ਪਿਆ। ਉਧਰ ਕਿਸਾਨਾਂ ਨੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅਕਾਲੀ ਦਲ ਦੇ ਸਮਾਗਮ ਵਿਚ ਦਾਖ਼ਲ ਹੀ ਨਹੀਂ ਹੋਣ ਦਿੱਤਾ। ਉਹ ਬੜੀ ਮੁਸ਼ਕਲ ਨਾਲ ਕਿਸਾਨਾਂ ਦੇ ਘੇਰੇ ’ਚੋਂ ਨਿਕਲੇ ਅਤੇ ਬੇਰੰਗ ਵਾਪਸ ਮੁੜਨਾ ਪਿਆ। ਵੱਡੀ ਤਾਦਾਦ ’ਚ ਇਕੱਠੇ ਹੋਏ ਕਿਸਾਨਾਂ ਵਲੋਂ ਸਿਆਸੀ ਲੀਡਰਾਂ ਦਾ ਕਾਲੇ ਝੰਡਿਆਂ ਨਾਲ ਜ਼ਬਰਦਸਤ ਵਿਰੋਧ ਕੀਤੇ ਜਾਣ ਕਾਰਨ ਦੁਪਹਿਰ ਤੱਕ ਲੌਂਗੋਵਾਲ ’ਚ ਮਾਹੌਲ ਤਣਾਅਪੂਰਨ ਬਣਿਆ ਰਿਹਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜਣਾ ਸੀ ਪਰੰਤੂ ਕਿਸਾਨਾਂ ਦੇ ਵਿਰੋਧ ਕਾਰਨ ਪੈਦਾ ਹੋਏ ਤਣਾਅ ਭਰੇ ਹਾਲਾਤ ਕਾਰਨ ਉਨ੍ਹਾਂ ਲੌਂਗੋਵਾਲ ਦਾ ਆਪਣਾ ਦੌਰਾ ਰੱਦ ਕਰ ਦਿੱਤਾ।
ਲੌਂਗੋਵਾਲ ਦੀ ਅਨਾਜ ਮੰਡੀ ’ਚ ਸਰਕਾਰੀ ਤੌਰ ’ਤੇ ਰੱਖੇ ਸੰਖੇਪ ਸਮਾਗਮ ’ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਜੈਇੰਦਰ ਸਿੰਗਲਾ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੇ ਸਨ। ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਬਡਬਰ ਰੋਡ ’ਤੇ ਇਕੱਠੇ ਹੋ ਗਏ ਪਰੰਤੂ ਪੁਲੀਸ ਨੇ ਕਿਸਾਨਾਂ ਨੂੰ ਸੜਕ ਦੇ ਇੱਕ ਪਾਸੇ ਖੜ੍ਹਾ ਕਰ ਦਿੱਤਾ। ਜਿਵੇਂ ਹੀ ਦੋਵੇਂ ਕੈਬਨਿਟ ਮੰਤਰੀਆਂ ਦੀਆਂ ਗੱਡੀਆਂ ਦਾ ਕਾਫ਼ਲਾ ਲੰਘਿਆ ਤਾਂ ਕਿਸਾਨਾਂ ਨੇ ਕਾਲੇ ਝੰਡੇ ਵਿਖਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਕਿਸਾਨ ਰੋਸ ਮਾਰਚ ਕਰਦੇ ਹੋਏ ਅਨਾਜ ਮੰਡੀ ਦੇ ਮੁੱਖ ਗੇਟ ਕੋਲ ਪੁੱਜ ਗਏ। ਉਦੋਂ ਤੱਕ ਸੰਤ ਲੌਂਗੋਵਾਲ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਕੇ ਦੋਵੇਂ ਮੰਤਰੀ ਵਾਪਸ ਰਵਾਨਾ ਹੋਣ ਵਾਲੇ ਸਨ।
ਰੋਹ ਵਿਚ ਆਏ ਕਿਸਾਨ ਪੁਲੀਸ ਦੇ ਬੈਰੀਕੇਡ ਉਖਾੜ ਕੇ ਅਨਾਜ ਮੰਡੀ ’ਚ ਦਾਖ਼ਲ ਹੁੰਦੇ ਸਾਰ ਹੀ ਸਮਾਗਮ ਵਾਲੇ ਪੰਡਾਲ ਵੱਲ ਦੌੜੇ। ਹਾਲਾਤ ਵੇਖਦਿਆਂ ਮੰਤਰੀ ਗੱਡੀਆਂ ’ਚ ਬੈਠ ਤੇਜ਼ੀ ਨਾਲ ਰਵਾਨਾ ਹੋ ਗਏ। ਸੈਂਕੜੇ ਕਿਸਾਨ ਉਨ੍ਹਾਂ ਦੀਆਂ ਗੱਡੀਆਂ ਦੇ ਪਿੱਛੇ ਵੀ ਦੌੜੇ ਪਰ ਵਾਲ-ਵਾਲ ਬਚਾਅ ਹੋ ਗਿਆ। ਇਸ ਮਗਰੋਂ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਗੁਰਦੁਆਰਾ ਕੈਂਬੋਵਾਲ ਸਾਹਿਬ ਵੱਲ ਹੋ ਤੁਰਿਆ ਜਿਥੇ ਅਕਾਲੀ ਦਲ ਵਲੋਂ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਧਾਰਮਿਕ ਪ੍ਰੋਗਰਾਮ ਰੱਖਿਆ ਸੀ। ਪੁਲੀਸ ਨੇ ਕਿਸਾਨਾਂ ਨੂੰ ਸੁਨਾਮ ਰੋਡ ’ਤੇ ਡਰੇਨ ਦੇ ਪੁਲ ’ਤੇ ਰੋਕ ਲਿਆ। ਕਿਸਾਨ ਪੁਲੀਸ ਦੋ ਥਾਵਾਂ ’ਤੇ ਨਾਕੇ ਉਖਾੜਦਿਆਂ ਗੁਰਦੁਆਰਾ ਕੈਂਬੋਵਾਲ ਸਾਹਿਬ ਅੱਗੇ ਪੁੱਜ ਗਏ ਅਤੇ ਧਰਨਾ ਲਗਾ ਦਿੱਤਾ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਗੁਰੂ ਘਰ ਵਿਚ ਦਾਖ਼ਲ ਨਹੀਂ ਹੋਣ ਦੇਣਗੇ। ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਉਥੇ ਪੁੱਜ ਗਏ। ਉਨ੍ਹਾਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਕਿਸਾਨਾਂ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ।
ਪੁਲੀਸ ਤੇ ਗੰਨਮੈਨਾਂ ਨੇ ਚੰਦੂਮਾਜਰਾ ਨੂੰ ਕਿਸਾਨਾਂ ਦੇ ਘੇਰੇ ’ਚੋਂ ਕੱਢ ਕੇ ਵਾਪਸ ਗੱਡੀ ’ਚ ਬਿਠਾਇਆ ਅਤੇ ਡਰਾਈਵਰ ਨੇ ਤੇਜ਼ੀ ਨਾਲ ਗੱਡੀ ਮੋੜਦਿਆਂ ਭਜਾ ਲਈ। ਇਸ ਮੌਕੇ ਇੱਕ-ਦੋ ਜਣੇ ਗੱਡੀ ਦੀ ਲਪੇਟ ’ਚ ਆਉਣ ਤੋਂ ਬਚ ਗਏ ਜਿਸ ਕਾਰਨ ਰੋਹ ’ਚ ਆਏ ਕਿਸਾਨਾਂ ਨੇ ਗੱਡੀ ’ਤੇ ਡੰਡੇ ਵੀ ਮਾਰੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ ਅਤੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਨੇ ਕਿਹਾ ਕਿ ਸਿਆਸੀ ਲੀਡਰ ਸੰਤ ਲੌਂਗੋਵਾਲ ਦੀ ਬਰਸੀ ’ਤੇ ਸਿਆਸੀ ਰੋਟੀਆਂ ਸੇਕਣ ਆਏ ਸੀ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਕਿਸਾਨਾਂ ਨਾਲ ਖੜ੍ਹਨ ਦੀ ਬਜਾਏ ਚੋਣਾਂ ਦਾ ਮਾਹੌਲ ਬਣਾਉਣਾ ਚਾਹੁੰਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly