ਕਿਸਾਨ ਆਗੂ ਰੁਲਦੂ ਸਿੰਘ ਨੇ ਪੁਲੀਸ ਸੁਰੱਖਿਆ ਮੋੜੀ

ਮਾਨਸਾ (ਸਮਾਜ ਵੀਕਲੀ): ਮੋਗਾ ’ਚ ਬੀਤੇ ਕੱਲ੍ਹ  ਰੈਲੀ ਨੂੰ ਸੰਬੋਧਨ ਕਰਨ ਆਏ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਸੁਆਲ ਪੁੱਛਣ ਲਈ ਇਕੱਠੇ ਹੋਏ ਕਿਸਾਨਾਂ ਉੱਤੇ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਉਨ੍ਹਾਂ ਨੂੰ ਦਿੱਤੀ ਗਈ ਸਰਕਾਰੀ ਸੁਰੱਖਿਆ ਵਾਪਸ ਕਰ ਦਿੱਤੀ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਬੇਸ਼ੱਕ ਉਹ ਪਹਿਲਾਂ ਵੀ ਗੰਨਮੈਨ ਲੈਣ ਲਈ ਸਹਿਮਤ ਨਹੀਂ ਸਨ ਅਤੇ ਪੁਲੀਸ ਵੱਲੋਂ ਜ਼ੋਰ ਦੇਣ ਦੇ ਬਾਵਜੂਦ ਕੁਝ ਦਿਨ ਪਹਿਲਾਂ ਉਨ੍ਹਾਂ ਲਿਖਤੀ ਤੌਰ ’ਤੇ ਗੰਨਮੈਨ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਸੀ।

ਜਥੇਬੰਦੀ ਦੇ ਕੁਝ ਆਗੂਆਂ ਵੱਲੋਂ ਇਹ ਗੱਲ ਮੰਨ ਲੈਣ ਦੀ ਰਾਏ ਦੇਣ ’ਤੇ ਅਖੀਰ ਉਨ੍ਹਾਂ ਗੰਨਮੈਨ ਲੈਣਾ ਪ੍ਰਵਾਨ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਮੋਗੇ ਦੀ ਘਟਨਾ ਤੋਂ ਇਹ ਸਾਬਤ ਹੋ ਗਿਆ ਹੈ ਕਿ ਵਾਰੋ ਵਾਰੀ ਪੰਜਾਬ ਦੀ ਸੱਤਾ ਭੋਗਣ ਲਈ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਅੰਦਰਖਾਤੇ ਮਿਲੀਭੁਗਤ ਨਾਲ ਸਿਆਸਤ ਕਰ ਰਹੇ ਹਨ। ਉਹ ਇਕ ਪਾਸੇ ਅੰਦੋਲਨਕਾਰੀ ਕਿਸਾਨਾਂ ਉੱਤੇ ਜਬਰ ਢਾਹੁਣ ਅਤੇ ਦੂਜੇ ਪਾਸੇ ਕਿਸਾਨ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਦਿਖਾਵਾ ਕਰਨ ਵਾਲੀ ਇਸ ਦੋਗਲੀ ਨੀਤੀ ਨੂੰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੇ। ਕਿਸਾਨ ਆਗੂ ਦੱਸਿਆ ਕਿ ਮੋਗਾ ਕਾਂਡ ਦੀ ਜਾਣਕਾਰੀ ਮਿਲਣ ’ਤੇ ਮਾਨਸਾ ਪਰਤਣ ਸਾਰ ਉਨ੍ਹਾਂ  ਐੱਸਐੱਸਪੀ ਮਾਨਸਾ ਨਾਲ ਮੁਲਾਕਾਤ ਕਰਕੇ ਆਪਣੇ ਇਸ ਫੈਸਲੇ ਬਾਰੇ ਪੁਲੀਸ ਅਧਿਕਾਰੀ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ ’ਤੇ ਹੀ ਸਰਕਾਰੀ ਗੰਨਮੈਨ ਵਾਪਸ ਕਰ ਦਿੱਤੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਸੀ ਪਾਰਟੀਆਂ ਨੂੰ ਪੰਜਾਬ ’ਚ ਅਗੇਤੀਆਂ ਚੋਣ ਸਰਗਰਮੀਆਂ ਨਾ ਆਰੰਭਣ ਦੀ ਅਪੀਲ
Next articleFirst of its kind mobile library on camel starts in Rajasthan