ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ) ਅੱਜ ਭਾਰਤ ਦੇਸ਼ ਆਪਣੇ ਸਭ ਤੋਂ ਉੱਘੇ ਨੇਤਾਵਾਂ ਵਿੱਚੋਂ ਡਾਕਟਰ ਮਨਮੋਹਨ ਸਿੰਘ ਜੀ ਦੇ ਦੇਹਾਂਤ ਉਪਰ ਸੋਗ ਮਨਾ ਰਿਹਾ ਹੈ। ਇੱਕ ਸਾਧਾਰਨ ਪਰਿਵਾਰ ਤੋਂ ਉੱਠ ਕੇ ਇੱਕ ਸਤਿਕਾਰਤ ਅਰਥਸ਼ਾਸਤਰੀ ਅਤੇ ਰਾਜਨੇਤਾ ਬਣਨ ਵਾਲੇ ਇਸ ਸ਼ਖਸ ਨੂੰ ਮਹਾਨ ਵਿਅਕਤੀ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਉਹ ਲੋਕਾਂ ਵਿੱਚ ਆਪਣੀ ਸਾਦਗੀ, ਇਮਾਨਦਾਰੀ, ਮਿਹਨਤ ਅਤੇ ਦੂਰਦ੍ਰਿਸ਼ਟੀ ਦੀ ਛਾਪ ਛੱਡ ਗਏ ਹਨ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਸਣੇ ਕਈ ਅਹਿਮ ਅਹੁਦਿਆਂ ਉਪਰ ਕੰਮ ਕੀਤਾ। ਉਹ ਦੇਸ਼ ਦੀ ਰਾਜਨੀਤੀ ਅਤੇ ਆਰਥਿਕ ਨੀਤੀ ‘ਤੇ ਆਪਣੀ ਡੂੰਘੀ ਛਾਪ ਛੱਡ ਗਏ ਹਨ। ਸੰਸਦ ਦੇ ਅੰਦਰ ਅਤੇ ਹੋਰ ਅਹੁਦਿਆਂ ਤੇ ਉਨ੍ਹਾਂ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਵੱਲੋਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਪਾਏ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਡਾਕਟਰ ਮਨਮੋਹਨ ਸਿੰਘ ਸਹੀ ਰੂਪ ਵਿੱਚ ਇੱਕ ਪ੍ਰਧਾਨ ਮੰਤਰੀ ਤੋਂ ਪਹਿਲਾਂ ਇੱਕ ਚੰਗੇ ਕਿਰਦਾਰ ਵਾਲੇ ਇਨਸਾਨ, ਸਲਾਹੁਣਯੋਗ ਵਿਚਾਰਕ ਅਤੇ ਵਿਦਵਾਨ ਸਨ। ਉਹ ਆਪਣੀ ਯੋਗਤਾ ਅਤੇ ਕੰਮ ਪ੍ਰਤੀ ਵਿਦਿਅਕ ਨਜ਼ਰੀਏ ਲਈ ਤਾਂ ਸਲਾਹੇ ਹੀ ਜਾਂਦੇ ਸਨ ਅਤੇ ਨਾਲ ਹੀ ਉਨ੍ਹਾਂ ਦਾ ਸੁਲਭ, ਸਾਦਾ ਤੇ ਸਰਲ ਸੁਭਾਅ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਉੱਚਾ ਕਰਦਾ ਰਿਹਾ ਹੈ। ਜੇਕਰ ਉਨ੍ਹਾਂ ਦੇ ਜੀਵਨ ਤੇ ਇੱਕ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਸਾਂਝੇ ਪੰਜਾਬ ਅਤੇ ਮੌਜੂਦਾ ਪਾਕਿਸਤਾਨ ਦੇ ਪਿੰਡ ਗਾਹ ਵਿੱਚ ਸਰਦਾਰ ਗੁਰਮੁੱਖ ਸਿੰਘ ਅਤੇ ਮਾਤਾ ਅੰਮ੍ਰਿਤ ਕੌਰ ਦੇ ਘਰ 26 ਸਤੰਬਰ 1932 ਨੂੰ ਹੋਇਆ। ਉਨ੍ਹਾਂ ਆਪਣੀ ਮੈਟ੍ਰਿਕ ਦੀ ਪੜ੍ਹਾਈ 1948 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾਂ ਦਾ ਵਿਦਿਅਕ ਭਵਿੱਖ ਉਨ੍ਹਾਂ ਨੂੰ ਪੰਜਾਬ ਤੋਂ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਤੱਕ ਲੈ ਗਿਆ, ਜਿੱਥੇ ਉਨ੍ਹਾਂ 1957 ਵਿੱਚ ਅਰਥਸ਼ਾਸਤਰ ਵਿੱਚ ਪਹਿਲੇ ਦਰਜੇ ਵਿੱਚ ਆਨਰਸ ਦੀ ਡਿਗਰੀ ਹਾਸਲ ਕੀਤੀ। ਡਾਕਟਰ ਸਿੰਘ ਨੇ ਅਰਥਸ਼ਾਸਤਰ ਵਿੱਚ ਹੀ ਆਕਸਫੋਰਡ ਯੂਨੀਵਰਸਿਟੀ ਦੇ ਨਫੀਲਡ ਕਾਲਜ ਤੋਂ 1962 ਵਿੱਚ ਡਾਕਟਰ ਆਫ ਫਿਲਾਸਫੀ ਕੀਤੀ। ਉਨ੍ਹਾਂ ਦੀ ਕਿਤਾਬ ‘‘ਇੰਡੀਆ ਐਕਸਪੋਰਟ ਟ੍ਰੈਂਡਸ ਐਂਡ ਪ੍ਰਾਸਪੈਕਟਸ ਫਾਰ ਸੈਲਫ ਸਸਟੇਨਡ ਗਰੋਥ’ (ਕਲੀਅਰਡਨ ਪ੍ਰੈੱਸ, ਆਕਸਫੋਰਡ, 1964) ਭਾਰਤ ਦੀ ਅੰਦਰੂਨੀ ਟਰੇਡ ਪਾਲਿਸੀ ਦੀ ਇੱਕ ਮੁੱਢਲੀ ਅਲੋਚਨਾਤਮਕ ਕਿਤਾਬ ਸੀ। ਡਾਕਟਰ ਸਿੰਘ ਦੀ ਵਿਦਿਅਕ ਜਾਣ ਪਛਾਣ ਪੰਜਾਬ ਯੂਨੀਵਰਸਿਟੀ ਦੇ ਇੱਕ ਅਧਿਆਪਕ ਅਤੇ ਦਿੱਲੀ ਸਕੂਲ ਆਫ ਇਕਨੋਮਿਕਸ ਵਿੱਚ ਕੰਮ ਕਰਨ ਦੌਰਾਨ ਉੱਭਰ ਕੇ ਸਾਹਮਣੇ ਆਈ । ਉਨ੍ਹਾਂ ਇਨ੍ਹਾਂ ਵਰ੍ਹਿਆਂ ਦੌਰਾਨ ਹੀ ਕੁਝ ਸਮਾਂ ਸੰਯੁਕਤ ਰਾਸ਼ਟਰ ਦੇ ਵਪਾਰ ਅਤੇ ਵਿਕਾਸ ਸਕੱਤਰੇਤ ਵਿੱਚ ਵੀ ਬਿਤਾਇਆ, ਜਿਸ ਮਗਰੋਂ ਉਨ੍ਹਾਂ ਨੂੰ 1987 ਅਤੇ 1990 ਦੇ ਵਰ੍ਹਿਆਂ ਵਿਚਾਲੇ ਜਨੇਵਾ ਵਿੱਚ ਦੱਖਣੀ ਕਮਿਸ਼ਨ ਦੇ ਸਕੱਤਰ ਜਨਰਲ ਵਜੋਂ ਵੀ ਨਿਯੁਕਤ ਕੀਤਾ ਗਿਆ।1971 ਵਿੱਚ ਡਾਕਟਰ ਸਿੰਘ ਨੇ ਭਾਰਤ ਸਰਕਾਰ ਦੇ ਵਣਜ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਵਜੋਂ ਸ਼ਮੁਲੀਅਤ ਕੀਤੀ। ਛੇਤੀ ਹੀ ਉਨ੍ਹਾਂ ਨੂੰ 1972 ਵਿੱਚ ਵਿੱਤ ਮੰਤਰਾਲੇ ਦਾ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ। ਡਾਕਟਰ ਸਿੰਘ ਨੇ ਸਰਕਾਰ ਵਿੱਚ ਕਈ ਅਹੁਦਿਆਂ ਤੇ ਕੰਮ ਕੀਤਾ। ਜਿਨ੍ਹਾਂ ਵਿੱਚ ਉਹ ਵਿੱਤ ਮੰਤਰਾਲਾ ਦੇ ਸਕੱਤਰ ਵੀ ਰਹੇ, ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਵੀ ਉਨ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਈ। ਉਹ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਵੀ ਰਹੇ। ਅਜ਼ਾਦ ਭਾਰਤ ਦੇ ਆਰਥਿਕ ਇਤਿਹਾਸ ਵਿੱਚ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਡਾਕਟਰ ਸਿੰਘ 1991 ਤੋਂ 1996 ਦੇ ਪੰਜ ਵਰ੍ਹਿਆਂ ਦੌਰਾਨ ਭਾਰਤ ਦੇ ਵਿੱਤ ਮੰਤਰੀ ਰਹੇ। ਆਰਥਿਕ ਸੁਧਾਰਾਂ ਬਾਰੇ ਘੜੀ ਗਈ ਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਨੇ ਮਹੱਤਵਪੂਰਨ ਰੋਲ ਨਿਭਾਇਆ ਅਤੇ ਅੱਜ ਵੀ ਉਨ੍ਹਾਂ ਦੀ ਇਸ ਨੀਤੀ ਨੂੰ ਸਮੁੱਚੇ ਵਿਸ਼ਵ ਵੱਲੋਂ ਸਲਾਹਿਆ ਜਾਂਦਾ ਹੈ। ਭਾਰਤ ਦੇ ਉਨ੍ਹਾਂ ਵਰ੍ਹਿਆਂ ਨੂੰ ਇੱਕ ਬਹੁਤ ਹੀ ਸਤਿਕਾਰਤ ਨਜ਼ਰ ਨਾਲ ਵੇਖਿਆ ਜਾਂਦਾ ਹੈ ਕਿਉਂਕਿ ਕਿ ਇਹ ਸਮਾਂ ਡਾਕਟਰ ਸਿੰਘ ਦੀ ਸ਼ਖ਼ਸੀਅਤ ਨਾਲ ਜੁੜਿਆ ਹੋਇਆ ਸੀ। ਡਾਕਟਰ ਸਿੰਘ ਨੂੰ ਉਨ੍ਹਾਂ ਦੇ ਜਨਤਕ ਜੀਵਨ ਵਿੱਚ ਕਈ ਐਵਾਰਡ ਤੇ ਮਾਨ-ਸਨਮਾਨ ਹਾਸਲ ਹੋਏ। ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਭਾਰਤ ਦਾ ਸਭ ਤੋਂ ਵੱਡਾ ਦੂਜਾ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਸ਼ਾਮਿਲ ਹੈ, ਜੋ ਉਨ੍ਹਾਂ ਨੂੰ 1987 ਵਿੱਚ ਪ੍ਰਦਾਨ ਕੀਤਾ ਗਿਆ। 1995 ਵਿੱਚ ਉਨ੍ਹਾਂ ਨੂੰ ਭਾਰਤ ਵਿਗਿਆਨ ਕਾਂਗਰਸ ਦਾ ਜਵਾਹਰ ਲਾਲ ਨਹਿਰੂ ਬਰਥ ਸੈਂਟੀਨਰੀ ਐਵਾਰਡ ਦਿੱਤਾ ਗਿਆ। 1993 ਅਤੇ 1994 ਵਿੱਚ ਉਨ੍ਹਾਂ ਨੂੰ ਵਰ੍ਹੇ ਦੇ ਵਿੱਤ ਮੰਤਰੀ ਦਾ ਏਸ਼ੀਆ ਮਨੀ ਐਵਾਰਡ ਦਿੱਤਾ ਗਿਆ। 1993 ਵਿੱਚ ਵਰ੍ਹੇ ਦੇ ਵਿੱਤ ਮੰਤਰੀ ਦਾ ਯੂਰੋ ਮਨੀ ਐਵਾਰਡ ਪ੍ਰਦਾਨ ਕੀਤਾ ਗਿਆ। 1956 ਵਿੱਚ ਉਨ੍ਹਾਂ ਨੂੰ ਕੈਂਬ੍ਰਿਜ ਯੂਨੀਵਰਸਿਟੀ ਦੇ ਐਡਮ ਸਮਿੱਥ ਇਨਾਮ ਨਾਲ ਅਤੇ 1955 ਵਿੱਚ ਅਸਾਧਾਰਨ ਕਾਰਗੁਜ਼ਾਰੀ ਲਈ ਕੈਂਬ੍ਰਿਜ ਦੇ ਸੇਂਟ ਜਾਨਸ ਕਾਲਜ ਵਿੱਚ ਰਾਈਟਸ ਸਨਮਾਨ ਨਾਲ ਸਨਮਾਨਿਤ ਕਿੱਤਾ ਗਿਆ। ਇਨ੍ਹਾਂ ਐਵਾਰਡਾਂ ਤੇ ਸਨਮਾਨਾਂ ਤੋਂ ਇਲਾਵਾ ਡਾਕਟਰ ਸਿੰਘ ਨੂੰ ਜਪਾਨ ਦੀ ਨਿਹਾਨ ਕੀਜਾਈ ਸਿੰਬਨ ਸਮੇਤ ਕਈ ਹੋਰ ਐਸੋਸ਼ੀਏਸ਼ਨ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਡਾਕਟਰ ਸਿੰਘ ਨੂੰ ਕੈਂਬ੍ਰਿਜ ਅਤੇ ਆਕਸਫੋਰਡ ਯੂਨੀਵਰਸਿਟੀਆਂ ਸਮੇਤ ਕਈ ਯੂਨੀਵਰਸਿਟੀਆਂ ਨੇ ਆਨਰੇਰੀ ਡਿਗਰੀਆਂ ਨਾਲ ਸਨਮਾਨਤ ਕੀਤਾ ਡਾਕਟਰ ਸਿੰਘ ਨੇ ਕਈ ਕੌਮਾਂਤਰੀ ਕਾਨਫਰੰਸਾਂ ਅਤੇ ਕੌਮਾਂਤਰੀ ਸੰਗਠਨਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ 1993 ਵਿੱਚ ਸਾਈ ਪ੍ਰੈੱਸ ਵਿੱਚ ਹੋਏ ਰਾਸ਼ਟਰ ਮੁਖੀਆਂ ਦੇ ਸੰਮੇਲਨ ਅਤੇ ਉਸੇ ਹੀ ਵਰ੍ਹੇ ਵਿਆਨਾ ਵਿੱਚ ਮਨੁੱਖੀ ਅਧਿਕਾਰਾਂ ਸਬੰਧੀ ਵਿਸ਼ਵ ਕਾਨਫਰੰਸ ਵਿੱਚ ਭਾਰਤੀ ਡੈਲੀਗੇਸਨਾ ਦੀ ਨੁਮਾਇੰਦਗੀ ਕੀਤੀ। ਆਪਣੇ ਸਿਆਸੀ ਜੀਵਨ ਵਿੱਚ ਡਾਕਟਰ ਸਿੰਘ 1991 ਤੋਂ ਰਾਜ ਸਭਾ ਦੇ ਮੈਂਬਰ ਰਹੇ ਜਿੱਥੇ ਉਹ 1998 ਅਤੇ 2004 ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਡਾਕਟਰ ਮਨਮੋਹਨ ਸਿੰਘ ਨੂੰ 2004 ਵਿੱਚ ਹੋਈਆਂ ਦੇਸ਼ ਦੀਆਂ ਆਮ ਚੋਣਾਂ ਮਗਰੋਂ 22 ਮਈ 2004 ਨੂੰ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਹਲਫ ਦਿਵਾਇਆ ਗਿਆ। ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਵੀ 22 ਮਈ 2009 ਤੋਂ ਸ਼ੁਰੂ ਕੀਤੀ ਅਤੇ 22 ਮਈ ਨੂੰ ਹੀ ਉਨ੍ਹਾਂ ਨੂੰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ ਦਿਵਾਇਆ ਗਿਆ। ਡਾਕਟਰ ਮਨਮੋਹਨ ਸਿੰਘ ਦੀ ਖਾਸੀਅਤ ਸੀ ਕਿ ਉਹ ਬਹੁਤ ਘੱਟ ਬੋਲਦੇ ਸਨ ਅਤੇ ਉਨ੍ਹਾਂ ਨੇ ਕਦੇ ਵੀ ਆਪਣੇ ਅਹੁਦੇ ਦਾ ਹੰਕਾਰ ਨਹੀਂ ਕੀਤਾ। ਉਨ੍ਹਾਂ ਦੇ ਜਾਣਕਾਰ ਦੱਸਦੇ ਹਨ ਕਿ ਘਰ ਵੀ ਉਹ ਬਿਲਕੁਲ ਸਾਦਾ ਜੀਵਨ ਬਤੀਤ ਕਰਦੇ ਸਨ ਉਹ ਆਪਣੇ ਕੰਮ ਖੁਦ ਕਰਨ ਵਿੱਚ ਸਤੁੰਸ਼ਟੀ ਮਹਿਸੂਸ ਕਰਦੇ ਸਨ। ਡਾਕਟਰ ਸਿੰਘ ਆਪਣੇ ਪਿੱਛੇ ਧਰਮ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਅਤੇ ਤਿੰਨ ਧੀਆਂ ਨੂੰ ਛੱਡ ਕੇ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਤਫ਼ਾਕ ਹੀ ਹੈ ਕਿ ਉਨ੍ਹਾਂ ਦੀ ਜਨਮ ਅਤੇ ਦਿਹਾਂਤ ਦੀ ਤਰੀਕ 26 ਹੈ। ਅੱਜ ਦੇਸ਼ ਦੇ ਨੇਤਾਵਾਂ ਨੂੰ ਸਾਫ ਸੁਥਰੀ ਰਾਜਨੀਤੀ ਲਈ ਡਾਕਟਰ ਮਨਮੋਹਨ ਸਿੰਘ ਦੀ ਸ਼ਖ਼ਸੀਅਤ ਤੋਂ ਸੇਧ ਲੈਣ ਦੀ ਲੋੜ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly