- ਫਿਰੋਜ਼ਪੁਰ ’ਚ ਸੁਰੱਖਿਆ ’ਚ ਕੁਤਾਹੀ ਦੇ ਮੁੱਦੇ ਉੱਤੇ ਮੋਦੀ ਨੇ ਚੁੱਪ ਧਾਰੀ
- ਲਖੀਮਪੁਰ ਖੀਰੀ ਹਿੰਸਾ ਕੇਸ ’ਚ ਯੋਗੀ ਸਰਕਾਰ ਵੱਲੋਂ ਪਾਰਦਰਸ਼ੀ ਕਾਰਵਾਈ ਦਾ ਦਾਅਵਾ
ਨਵੀਂ ਦਿੱਲੀ (ਸਮਾਜ ਵੀਕਲੀ): ਯੂਪੀ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਦੀ ਪੂਰਬਲੀ ਸੰਧਿਆ ਦਿੱਤੀ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਇਤੀ ਵਿਰੋਧੀ ਸਮਾਜਵਾਦੀ ਪਾਰਟੀ ’ਤੇ ਜੰਮ ਕੇ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਪਰਿਵਾਰ ਅਧਾਰਿਤ ਪਾਰਟੀਆਂ ਜਮਹੂਰੀਅਤ ਨੂੰ ਤਬਾਹ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਪਿਛਲੇ ਮਹੀਨੇ ਪੰਜਾਬ ਵਿੱਚ ਫ਼ਿਰੋਜ਼ਪੁਰ ਦੀ ਆਪਣੀ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਕਥਿਤ ਕੁਤਾਹੀ ਵਰਤੇ ਜਾਣ ਦੇ ਮੁੱਦੇ ’ਤੇ ਖ਼ਾਮੋਸ਼ੀ ਧਾਰ ਲਈ ਹੈ। ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਸ੍ਰੀ ਮੋਦੀ ਨੇ ਕਿਹਾ, ‘‘ਇਸ ਸਬੰਧ ਵਿੱਚ ਮੇਰੇ ਵੱਲੋਂ ਦਿੱਤਾ ਕੋਈ ਵੀ ਬਿਆਨ ਜਾਂਚ ਦੇ ਅਮਲ ਨੂੰ ਅਸਰਅੰਦਾਜ਼ ਕਰ ਸਕਦਾ ਹੈ ਤੇ ਇਹ ਸਹੀ ਨਹੀਂ ਹੋਵੇਗਾ।’’
ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਆਸ਼ੀਸ਼ ਮਿਸ਼ਰਾ ਦੇ ਪਿਤਾ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਉਰਫ਼ ਟੈਨੀ ਨੂੰ ਕੇਂਦਰ ਵਜ਼ਾਰਤ ਵਿੱਚੋਂ ਅਜੇ ਤੱਕ ਲਾਂਭੇ ਨਾ ਕੀਤੇ ਜਾਣ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਕੰਮ ਕਰ ਰਹੀ ਹੈ ਤੇ ਸਭ ਕੁਝ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਰਿਹੈ। (ਹੁਣ) ਰੱਦ ਖੇਤੀ ਕਾਨੂੰਨਾਂ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਛੋਟੇ ਕਿਸਾਨਾਂ ਦੀ ਪੀੜ ਨੂੰ ਸਮਝਦੇ ਹਨ। ਉਨ੍ਹਾਂ ਕਿਹਾ, ‘‘ਮੈਂ ਉਦੋਂ ਕਿਹਾ ਸੀ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਲਾਗੂ ਕੀਤੇ ਗੲੇ ਹਨ, ਪਰ ਫਿਰ ਰਾਸ਼ਟਰ ਹਿੱਤ ਵਿੱਚ ਇਨ੍ਹਾਂ ਨੂੰ ਵਾਪਸ ਲੈ ਲਿਆ। ਜਮਹੂਰੀਅਤ ਵਿੱਚ ਪਹਿਲਾ ਫ਼ਰਜ਼ ਇਕ ਦੂਜੇ ਨਾਲ ਸੰਵਾਦ ਕਰਨਾ ਹੈ। ਅਸੀਂ ਗੱਲਬਾਤ ਦਾ ਅਮਲ ਤੋੜਨ ਦੇ ਹੱਕ ਵਿੱਚ ਨਹੀਂ ਹਾਂ। ਅਸੀਂ ਸੰਵਾਦ ਵਿੱਚ ਯਕੀਨ ਕਰਦੇ ਹਾਂ।’
ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਬਜਟ ਇਜਲਾਸ ਦੌਰਾਨ ਰੱਖੇ ਸਵਾਲਾਂ ਦਾ ਕੋਈ ਜਵਾਬ ਨਾ ਦੇਣ ਦੇ ਲੱਗ ਰਹੇ ਦੋਸ਼ਾਂ ਬਾਰੇ ਸ੍ਰੀ ਮੋਦੀ ਨੇ ਕਿਹਾ, ‘‘ਇਕ ਵਿਅਕਤੀ ਜੋ ਨਾ ਤਾਂ ਸੁਣਦਾ ਹੈ ਤੇ ਸੰਸਦ ਤੋਂ ਭੱਜਦਾ ਹੈ, ਮੈਂ ਉਸ ਦੀ ਗੱਲ ਦਾ ਜਵਾਬ ਕਿਵੇਂ ਦੇ ਸਕਦਾ ਹਾਂ?’’ ਸ੍ਰੀ ਮੋਦੀ ਨੇ ਸਮਾਜਵਾਦੀ ਪਾਰਟੀ ਨੂੰ ਫ਼ਰਜ਼ੀ ਸਮਾਜਵਾਦੀਆਂ ਦੀ ਪਾਰਟੀ ਕਰਾਰ ਦਿੰਦਿਆਂ ਕਿਹਾ, ‘‘ਲੋਹੀਆ ਜੀ ਵੀ ਸਮਾਜਵਾਦੀ ਸਨ। ਕੀ ਤੁਹਾਨੂੰ ਉਨ੍ਹਾਂ ਦਾ ਪਰਿਵਾਰ ਕਿਤੇ ਨਜ਼ਰ ਆਉਂਦਾ ਹੈ? ਜੌਰਜ ਫਰਨਾਂਡੇਜ਼ ਤੇ ਨਿਤੀਸ਼ ਕੁਮਾਰ ਵੀ ਸਮਾਜਵਾਦੀ ਸਨ। ਕੀ ਤੁਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੇਖਿਐ। ਜਦੋਂ ਮੈਂ ਫ਼ਰਜ਼ੀ ਸਮਾਜਵਾਦ ਦੀ ਗੱਲ ਕਰਦਾ ਹਾਂ ਤਾਂ ਮੇਰਾ ਮਤਲਬ ਪਰਿਵਾਰਵਾਦ ਦੀ ਸਿਆਸਤ ਤੋਂ ਹੈ। ਮੈਨੂੰ ਇਕ ਵਾਰ ਪੱਤਰ ਮਿਲਿਆ ਸੀ ਕਿ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਪਰਿਵਾਰ ਦੇ 45 ਵਿਅਕਤੀ ਇਕ ਜਾਂ ਫਿਰ ਦੂਜੇ ਅਹੁਦੇ ’ਤੇ ਕਾਬਜ਼ ਹਨ। ਪਰਿਵਾਰ ’ਚ 25 ਸਾਲ ਤੋਂ ਵੱਧ ਉਮਰ ਦੇ ਹਰ ਸ਼ਖ਼ਸ ਨੂੰ ਚੋਣਾਂ ਲੜਨ ਦਾ ਮੌਕਾ ਦਿੱਤਾ ਜਾਂਦਾ ਹੈ। ਅਜਿਹਾ ਪਰਿਵਾਰਵਾਦ ਜਮਹੂਰੀਅਤ ਲਈ ਖ਼ਤਰਾ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly