ਫੇਸਬੁੱਕ ਸਟੇਟਸ

(ਸਮਾਜ ਵੀਕਲੀ)

ਅੱਜ ਕੱਲ ਦੇਖਦੇ ਹਾਂ ਕਿ ਹਰ ਕੋਈ ਆਪਣੀ ਫੇਸਬੁੱਕ ਕੰਧ ਜਾਂ ਵੱਟਸਅੱਪ ਕੰਧ ਤੇ ਸਥਿਤੀ/ ਸਟੇਟਸ ਲਾਉਂਦਾ ਹੈ। ਸਥਿਤੀ ਲਾਉਣ ਤੋਂ ਬਾਅਦ ਬਹੁਤੇ ਉਸ ਨੂੰ ਵਾਰ ਵਾਰ ਦੇਖਦੇ ਹਨ ਕਿ ਕਿਸ ਕਿਸ ਨੇ ਮੇਰੀ ਸਥਿਤੀ ਦੇਖ ਲਈ ? ਕਈ ਵਾਰ ਸਥਿਤੀ ਤੇ ਕੀਤੀ ਟਿੱਪਣੀ ਬਹੁਤ ਖੁਸ਼ੀ ਦਿੰਦੀ ਹੈ ਤੇ ਕਈ ਵਾਰ ਬਹੁਤੀ ਉਦਾਸੀ ਵੀ ਦਿੰਦੀ ਹੈ। ਪਹਿਲਾ ਲੋਕ ਆਮ ਤੌਰ ਤੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਲੜਦੇ ਸਨ। ਜੇਕਰ ਘਰ ਦੇ ਜੀਆਂ ਦੀ ਆਪਸੀ ਲੜਾਈ ਜ਼ਿਆਦਾ ਵੱਧ ਜਾਂਦੀ ਸੀ ਤਾਂ ਮਸਲਾ ਘਰਾਂ ਦੇ ਬਜ਼ੁਰਗ ਸੁਲਝਾਉਂਦੇ ਸਨ , ਜੇਕਰ ਬਜ਼ੁਰਗਾਂ ਤੋਂ
ਲੜਾਈ ਖਤਮ ਨਹੀਂ ਸੀ ਹੁੰਦੀ ਤਾਂ ਪਿੰਡ ਦੀ ਪੰਚਾਇਤ ਸੁਲਝਾਉਂਦੀ ਸੀ। ਜੇਕਰ ਪੰਚਾਇਤ ਦੀ ਹੱਦ ਤੋਂ ਬਾਹਰ ਦਾ ਮਸਲਾ ਹੁੰਦਾ ਤਾਂ ਥਾਣੇ ਜਾ ਕੋਰਟ ਜਾ ਕੇ ਜ਼ਰੂਰ ਸੁਲਝ ਜਾਂਦਾ ਸੀ। ਲੋਕ ਸਾਲਾ ਬੱਧੀ ਨਫ਼ਰਤ ਕਰਦੇ ਸਨ ਪਰ ਜੇਕਰ ਕੋਈ ਅਣਹੋਣੀ (ਮਰਗ) ਹੋ ਜਾਣੀ ਤਾਂ ਸਭ ਗਿਲੇ ਸ਼ਿਕਵੇ ਭੁੱਲ ਇੱਕ ਹੋ ਬੈਠਦੇ ਸਨ ।

ਅੱਜ ਜ਼ਮਾਨਾ ਬਦਲ ਗਿਆ । ਹਰ ਚੀਜ਼ ਔਨਲਾਈਨ ਹੋ ਗਈ । ਪਿਆਰ ਤੇ ਲੜਾਈ ਨੇ ਤਾਂ ਔਨਲਾਈਨ ਹੋ ਕੇ ਸਭ ਹੱਦਾਂ ਸਰਹੱਦਾਂ ਪਾਰ ਕਰ ਲਈਆਂ ਹਨ। ਲੋਕਾ ਦਾ ਲੜਾਈ ਕਰਨ ਦਾ ਤਰੀਕਾ ਜੋ ਅੱਜ ਕੱਲ ਬਹੁਤ ਪ੍ਰਚਲਿਤ ਤੇ ਅੱਤ ਆਧੁਨਿਕ ਹੈ ਉਹ ਹੈ ਸਥਿਤੀ/ ਸਟੇਟਸ ਲਾਉਣਾ। ਲੋਕ ਜੋ ਖਾਂਦੇ ਹਨ, ਜੋ ਪਹਿਨਦੇ ਹਨ, ਕਿੱਥੇ ਜਾਂਦੇ ਹਨ, ਕੋਣ ਮਰ ਗਿਆ ? ਕਿਸ ਦਾ ਸੰਸਕਾਰ ਹੈ? ਕਿਸ ਦਾ ਵਿਆਹ ਹੈ? ਕਿਸ ਦਾ ਕਦੋ ਭੋਗ ਹੈ ? ਕਿਸ ਦਾ ਦਿਲ ਕਿਤੇ ਲੱਗ ਗਿਆ ਜਾ ਫੇਰ ਲੱਗ ਕੇ ਟੁੱਟ ਵੀ ਗਿਆ ? ਕਿਸ ਨੂੰ ਕਦੋਂ ਤੇ ਕੀ ਬੱਚਾ ਹੋਣਾ ? ਕਿਸ ਨੇ ਕੀ ਕੀਤਾ ਤੇ ਅੱਗੋਂ ਕੀ ਕਰਨਾ ?

ਕਿਸ ਨੇ ਕੀ ਕਿੰਨੇ ਦਾ ਖਰੀਦ ਲਿਆ ? ਕਿਸ ਨੂੰ ਰੱਬ ਯਾਦ ਆ ਗਿਆ ? ਕਿਸ ਨੂੰ ਰੱਬ ਭੁੱਲ ਗਿਆ ਤੇ ਕਿਸ ਨੇ ਰੱਬ ਨੂੰ ਪਾ ਲਿਆ ? ਸਭ ਕੁਝ ਸਥਿਤੀ ਤੇ ਲਾਉਣ ਦਾ ਰਿਵਾਜ ਜਿਹਾ ਹੀ ਹੋ ਗਿਆ। ਸਥਿਤੀ ਦੇਖਣ ਲਈ ਲੋਕ ਵੱਧ ਤੋਂ ਵੱਧ ਫੋਨ ਨੰਬਰ ਸਾਂਭਦੇ ਹਨ ਤਾਂ ਜੋ ਰਿਸ਼ਤੇਦਾਰਾਂ , ਦੋਸਤਾਂ, ਮਿੱਤਰਾਂ , ਨਾਲ ਦੇ ਕਰਮਚਾਰੀਆਂ ਦੀ ਸਥਿਤੀ ਦੇਖ ਕੇ ਉਹਨਾਂ ਤੇ ਹਰ ਤਰਾਂ ਨਾਲ ਨਜ਼ਰ ਰੱਖੀ ਜਾ ਸਕੇ।

ਅੱਜ ਕੱਲ ਸਥਿਤੀ ਤੇ ਲੋਕ ਲੜਦੇ ਵੀ ਬਹੁਤ ਸੋਹਣਾ ਤੇ ਬਹੁਤ ਸੁਚੱਜੇ ਢੰਗ ਨਾਲ ਸਿਆਣੇ ਬਣਕੇ ਹਨ। ਪਹਿਲਾ ਵਾਂਗ ਛੋਟੀ ਮੋਟੀ ਸੱਟ ਨਹੀਂ ਸਗੋਂ ਗੁੱਝੇ ਜ਼ਖ਼ਮਾਂ ਵਾਲੀ ਸੱਟ ਜੋ ਸਿੱਧੀ ਦਿਲ ਤੇ ਦਿਮਾਗ਼ ਨੂੰ ਮਰਨ ਤੋਂ ਪਰੇ ਦਾ ਜ਼ਖ਼ਮ ਦੇ ਦਿੰਦੀ ਹੈ । ਕਈ ਵਾਰ ਸਥਿਤੀ ਤੇ ਕੀਤੇ ਹੋਏ ਵਾਰ ਤੇ ਤਕਰਾਰ ਇੰਨੇ ਵੱਧ ਜਾਂਦੇ ਹਨ ਕਿ ਕੁਝ ਪਲਾ ਲਈ ਨੰਬਰ ਵੀ ਬਲਾਕ ਕਰ ਦਿੱਤੇ ਜਾਂਦੇ ਹਨ। ਉਹ ਲੋਕ ਨੰਬਰ ਬਲਾਕ ਕਰਕੇ ਜ਼ਿਆਦਾ ਸਮੇਂ ਸਹਿਜਤਾ ਨਹੀਂ ਰੱਖ ਸਕਦੇ ਜ਼ਿਹਨਾਂ ਨੂੰ ਦੂਸਰੇ ਵੱਲ ਝਾਕਣ ਦੀ ਆਦਤ ਪੈ ਜਾਵੇ ਕਿਉਂਕਿ ਉਹ ਅਗਲੇ ਦੀ ਹਰਕਤ ਤੇ ਨਜ਼ਰ ਕਿਵੇਂ ਰੱਖਣਗੇ ?

ਇੱਕ ਵਾਰ ਆਪਣੇ ਫੋਨ ਵਿੱਚ ਸਾਰੇ ਨੰਬਰ ਦੇਖ ਪੜ੍ਹ ਕੇ ਸੋਚਣਾ ਜ਼ਰੂਰ ਕੀ ਤੁਸੀ ਇਹਨਾਂ ਵਿੱਚੋਂ ਕਈਆਂ ਨਾਲ ਕਦੇ ਗੱਲ ਕੀਤੀ ? ਤੁਹਾਡੇ ਦੁੱਖ ਸੁੱਖ ਵਿੱਚ ਉਹਨਾਂ ਕਦੇ ਇੱਕ ਵਾਰ ਵੀ ਤੁਹਾਡੀ ਸਾਰ ਲਈ ? ਜੇਕਰ ਤੁਸੀਂ ਸਥਿਤੀ ਲਾਉਣ ਦੇ ਸ਼ੁਕੀਨ ਹੋ ਤਾਂ ਮੇਰੇ ਕੁਝ ਨਿੱਜੀ ਸੁਝਾਅ ਹਨ , ਹੋ ਸਕਦਾ ਮੇਰਾ ਕੋਈ ਸੁਝਾਅ ਤੁਹਾਡੇ ਕੰਮ ਆ ਸਕਣ ।

1. ਪਹਿਲਾ ਤਾਂ ਤੁਸੀ ਸਥਿਤੀ ਲਾਉ ਨਾ, ਲਾਉਂਦੇ ਹੋ ਤਾਂ ਚੋਣਵੇਂ ਲੋਕਾ ਲਈ ਲਾਉ , ਜ਼ਿਹਨਾਂ ਨਾਲ ਤੁਹਾਡਾ ਦਿਲੋਂ ਪਿਆਰ ਹੈ।

2. ਕਈ ਲੋਕ ਤੁਹਾਡਾ ਨੰਬਰ ਸਿਰਫ ਤੁਹਾਡੀ ਜਾਣਕਾਰੀ ਰੱਖਣ ਲਈ ਆਪਣੇ ਫੋਨ ਵਿੱਚ ਰੱਖਦੇ ਹਨ ਤਾਂ ਕਿ ਸਥਿਤੀ ਦੇਖੀ ਜਾ ਸਕੇ ਤੇ ਤੁਹਾਡੀ ਹਰ ਸਥਿਤੀ ਤੇ ਨਜ਼ਰ ਰੱਖੀ ਜਾ ਸਕੇ।

3. ਜੇ ਸਥਿਤੀ ਲਾਈ ਹੈ ਤਾਂ ਵਾਰ ਵਾਰ ਕਿਸ ਨੇ ਦੇਖੀ ਹੈ ਇਹ ਦੇਖ ਕੇ ਆਪਣਾ ਕੀਮਤੀ ਵਕਤ ਖਰਾਬ ਨਾ ਕਰੋ।

4. ਜੋ ਲੋਕ ਤੁਹਾਨੂੰ ਕਈ ਕਈ ਮਹੀਨੇ ਤੱਕ ਨਾ ਕਦੇ ਫੋਨ ਕਰਨ ਤੇ ਨਾ ਦੋ ਅੱਖਰ ਲਿਖਣ , ਉਹਨਾਂ ਦਾ ਨੰਬਰ ਆਪਣੇ ਫੋਨ ਵਿੱਚੋਂ ਹਟਾ ਕੇ ਫੋਨ ਦੀ ਤੇ ਆਪਣੇ ਦਿਮਾਗ਼ ਦੀਆਂ ਪਰਤਾਂ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕਰੋ ।

5. ਨੈੱਟ ਤੇ ਬਹੁਤ ਕੁਝ ਚੰਗਾ-ਮਾੜਾ ਹੁੰਦਾ ਹੈ ਪਰ ਚੋਣ ਸਾਡੀ ਆਪਣੀ ਮਰਜ਼ੀ ਦੀ ਹੁੰਦੀ ਹੈ।

6. ਰਿਸ਼ਤੇ ਬਹੁਤ ਹੁੰਦੇ ਹਨ ਪਰ ਪਿਆਰ-ਸਤਿਕਾਰ ਅਸੀਂ ਆਪਣੀ ਮਰਜ਼ੀ ਨਾਲ ਸਾਡੇ ਨਾਲ ਕਿਸੇ ਦੇ ਕੀਤੇ ਜਾਂਦੇ ਵਰਤਾਰੇ ਜਾਂ ਆਪਣੇ ਅਸੂਲਾਂ ਦੁਆਰਾ ਚੁਣਦੇ ਹਾਂ ।

7. ਮਨ ਨੂੰ ਸ਼ਾਤ ਰੱਖਣਾ ਹੈ ਤਾਂ ਚੰਗੇ ਲੋਕਾ ਨਾਲ ਨਾਤਾ ਜੋੜ ਕੇ ਰੱਖੋ।

8. ਜੇ ਕੋਈ ਪੰਜ ਤਾਰਾ ਹੋਟਲ ਦੀ ਫੋਟੋ ਲਾ ਰਿਹਾ ਤਾਂ ਤੁਸੀ ਸੱਤ ਤਾਰਾ ਵਿੱਚ ਜਾ ਕੇ ਸਥਿਤੀ ਲਾਉਣ ਦੇ ਚੱਕਰ ਵਿੱਚ ਆਪਣਾ ਨੁਕਸਾਨ ਨਾ ਕਰਾਉ।

9. ਜਿੱਥੇ ਤੁਹਾਡੀ ਕਦਰ ਨਾ ਹੋਵੇ ਉੱਥੋਂ ਪਰੇ ਹੱਟ ਜਾਣਾ ਚਾਹੀਦਾ ਹੈ , ਇਸ ਤਰਾਂ ਤੁਹਾਡੀ ਜ਼ਿੰਦਗੀ ਬਹੁਤ ਸਹਿਜ ਹੋਵੇਗੀ । ਕਈ ਵਾਰ ਇੱਕ ਫੋਨ ਹੀ ਤੁਹਾਡੇ ਸਾਰੇ ਘਰ ਦੀ ਸ਼ਾਂਤੀ ਭੰਗ ਕਰ ਦਿੰਦਾ ਹੈ। ਚੰਗੇ ਰਿਸ਼ਤੇਦਾਰ, ਸੱਜਣ ,ਮਿੱਤਰ ਦਾ ਨੰਬਰ ਸਾਂਭ ਕੇ ਰੱਖੋ ਮਾੜੇ ਨੂੰ ਮਾਰੋ ਹੁੱਝਾਂ ।

10. ਜੇਕਰ ਲੋਕਾ ਨੂੰ ਕੁਝ ਦੱਸਣਾ ਹੈ, ਦਿਖਾਉਣਾ ਹੈ ਤਾਂ ਆਪ ਦੀ ਲਿਖਤ ਪੋਸਟ ਕਰੋ, ਅਕਸਰ ਦੂਸਰੇ ਦੀ ਲਿਖਤ ਚੋਰੀ ਕਰਕੇ ਪਾਉਣਾ ਗਲਤ ਹੈ, ਜੇਕਰ ਕਿਸੇ ਦੀ ਲਿਖਤ ਪੋਸਟ ਕਰਨੀ ਹੈ ਤਾਂ ਲੇਖਕ ਦੇ ਨਾਮ ਸਮੇਤ ਕਰੋ।

11. ਬਾਕੀ ਸਭ ਦੀ ਆਪਣੀ-ਆਪਣੀ ਸੋਚ ਤੇ ਆਪੋ ਆਪਣੀ ਚੋਣ ਹੈ , ਮੈਂ ਤਾਂ ਆਪਣੀ ਲਿਖ ਦਿੱਤੀ । ਚੰਗੀ ਲੱਗੇ ਤਾਂ ਆਪਣੇ ਸਕੇ ਸੰਬੰਧੀਆਂ ਨੂੰ ਜ਼ਰੂਰ ਭੇਜਣਾ ਜੀ। ਕਿਰਪਾ ਕਰਕੇ ਤੁਸੀ ਆਪਣੇ ਸੁਝਾਅ ਵੀ ਜ਼ਰੂਰ ਦੇਣੇ ਜੀ ।

ਸਰਬਜੀਤ ਲੌਂਗੀਆਂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਛਤਾਵਾ ਨਹੀਂ ਹੈ ਕੋਈ !
Next articleਗੀਤ