ਗੀਤ

(ਸਮਾਜ ਵੀਕਲੀ)

ਸੱਟ ਜਿਗਰ ਤੇ ਖਾ ਕੇ ਤਾਂ ਵੇਖੀਂ,
ਨੈਣੀਂ ਹੰਝੂ ਵਹਾਅ ਕੇ ਤਾਂ ਵੇਖੀਂ,
ਖੁਦ ਆ ਜਾਏਗੀ ਸ਼ਾਇਰੀ ਯਾਰਾਂ,
ਮਹਿਫਲ ਵਿੱਚ ਆ ਕੇ ਤਾਂ ਵੇਖੀਂ।

ਫੁੱਟ ਦੇ ਨੇ ਕਿਵੇਂ ਜਖ਼ਮ ਦਿਲਾਂ ਦੇ,
ਪੁਗਦੇ ਨੇ ਕਿਵੇਂ ਬਚਨ ਦਿਲਾਂ ਦੇ,
ਕਹਿ ਦਿੱਤਾ ਜੋ ਯਾਰ ਜੁਬਾਨੋਂ,
ਬੋਲੇ ਬੋਲ ਪੁਗਾ ਕੇ ਤਾਂ ਵੇਖੀਂ

ਹਾਰ ਗਏ ਕਿਵੇਂ ਸ਼ਰਤ ਸੱਜਨ ਜੀ,
ਹੁੰਦੀ ਹੈ ਜਦੋਂ ਪਰਖ ਸੱਜਨ ਜੀ,
ਕੀ ਹੁੰਦੀ ਫਿਰ ਤੜਫ ਸੱਜਨ ਦੀ,
ਖੁਦ ਨੂੰ ਤੂੰ ਤੜਫਾ ਕੇ ਤਾਂ ਵੇਖੀਂ।

ਕਿੰਝ ਦਿਲਾਂ ਵਿੱਚ ਹੁੰਦਾ ਵਾਸਾ,
ਵਾਰਿਆ ਜਾਂਦਾ ਕਿੱਦਾਂ ਆਪਾ,
ਉੱਜੜ ਕੇ ਵਸਣ ਦਾ ਬਲ ਆ ਜਾਵੇ,
ਯਾਰ ਦਿਲਾਂ ‘ਚ ਵਸਾ ਕੇ ਤਾਂ ਵੇਖੀਂ।

ਕੀ ਹੁੰਦੇ ਨੇ ਦਰਦ ਦਿਲਾਂ ਦੇ,
ਉੱਤਰ ਦੇ ਕਿੱਦਾਂ ਕਰਜ਼ ਦਿਲਾਂ ਦੇ,
ਦਿਲ ਦੀ ਵਹੀ ਤੇ ‘ਗੂੱਠੇ ਲੱਗਦੇ,
ਅੰਗੂਠਾ ਕਦੇ ਤੂੰ ਲਾ ਕੇ ਤਾਂ ਵੇਖੀਂ।

ਕਿੰਝ ਬਲਦੀ ਐ ਅੱਗ ਹਿਜ਼ਰ ਦੀ,
ਜਾਂਦੀ ਕਿਉਂ ਨਹੀਂ ਚੀਸ ਜਿਗਰ ਦੀ,
ਘਰ ਫੂਕ ਤਮਾਸ਼ਾ ਵੇਖਣਾ ਜੇਕਰ,
ਅੱਗ ਆਪਣੇ ਹੱਥੀਂ ਲਾ ਕੇ ਤਾਂ ਵੇਖੀਂ।

ਚਲਦੇ ਜਦੋਂ ਮੁਕੱਦਮੇ ਭਾਰੇ,
ਭਰਦੇ ਕਿਵੇਂ ਗਵਾਹੀ ਤਾਰੇ,
ਟਿਮ-ਟਿਮਾਉਂਦੇ ਤਾਰੇ ਕਿਉਂ ਨੇ,
ਕਦੇ ਰਾਤੀਂ ਨੀਂਦ ਗਵਾ ਕੇ ਤਾਂ ਵੇਖੀਂ।

ਹੌਂਕੇ, ਹਾਵੇ, ਸਭ ਮੋਤੀ ਗਮ ਦੇ,
ਬਗੈਰ ਜਿਨ੍ਹਾਂ ਨਾ ਅੱਖਰ ਜਮਦੇ,
ਇਹ ਅੱਖਰਾਂ ਨੂੰ ਜੋੜ ਭਟੋਏ,
ਬਣਦਾ ਗੀਤ ਬਣਾ ਕੇ ਤਾਂ ਵੇਖੀਂ ।

ਜਿੰਦਗੀ ਦੇ ਦਰਦ ਚੋਂ

ਸਰਬਜੀਤ ਸਿੰਘ ਭਟੋਏ
ਚੱਠਾ ਸੇਖਵਾਂ (ਸੰਗਰੂਰ)
9257023345

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੇਸਬੁੱਕ ਸਟੇਟਸ
Next articleਕਵਿਤਾ