* ਫੇਸਬੁੱਕ ਪਰਿਵਾਰ ਦਾ ਸ਼ੁਕਰੀਆ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ) ਦੋਸਤੋ ਜਦੋਂ ਚਾਰ ਕੁ ਸਾਲ ਪਹਿਲਾਂ ਮੈਂ ਫੇਸਬੁੱਕ ਤੇ ਆਇਆ ਤਾਂ ਮੇਰਾ ਮਕਸਦ ਦੂਜਿਆਂ ਦੀਆਂ ਲਿਖਤਾਂ ਪੜ੍ਹਨਾ ਹੀ ਸੀ ਕਿਉਂਕਿ ਜਵਾਨ ਹੁੰਦਿਆਂ ਹੀ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਪੈ ਗਿਆ ਸੀ l ਬਾਦ ਵਿੱਚ ਕਈ ਗੋਰਿਆਂ ਦੀਆਂ ਕੰਪਨੀਆਂ ਦੀ ਮੈਨੇਜਮੈਂਟ ਕੀਤੀ ਅਤੇ ਫਿਰ ਆਪਣੀਆਂ ਕੰਪਨੀਆਂ ਚਲਾਈਆਂ ਜਿਸ ਕਰਕੇ ਪੜ੍ਹਨਾ ਰੋਜ਼ਾਨਾ ਦੀ ਮਜ਼ਬੂਰੀ ਵੀ ਬਣ ਗਈ ਅਤੇ ਸ਼ੌਂਕ ਵੀ l
ਜਿਵੇਂ ਜਿਵੇਂ ਸੋਚ ਬਦਲੀ ਤਾਂ ਕਿਤਾਬਾਂ ਦੀ ਚੋਣ ਵੀ ਬਦਲਦੀ ਗਈ l ਕਰੋਨਾ ਦੇ ਦੌਰ ਵਿੱਚ ਜਦੋਂ ਹਰ ਪਾਸੇ ਡਰ ਅਤੇ ਸਹਿਮ ਦਾ ਮਹੌਲ ਸੀ ਤਾਂ ਮੇਰੇ ਕੋਲੋਂ ਇਹ ਬਰਦਾਸ਼ਤ ਨਹੀਂ ਹੋਇਆ l ਦੁਨੀਆਂ ਨੂੰ ਨਿਰਾਸ਼ਾਜਨਕ ਖਬਰਾਂ ਨੇ ਏਨਾ ਡਰਾ ਦਿੱਤਾ ਸੀ ਕਿ ਇੰਝ ਲਗਦਾ ਸੀ ਕਿ ਦੁਨੀਆਂ ਖਤਮ ਹੋ ਜਾਵੇਗੀ l ਮੈਂ ਹਮੇਸ਼ਾਂ ਸੋਚਦਾ ਹਾਂ ਕਿ ਡਰ ਹਮੇਸ਼ਾਂ ਸਾਡੀ ਆਗਿਆਨਤਾ ਵਿੱਚੋਂ ਹੀ ਪੈਦਾ ਹੁੰਦਾ ਹੈ ਪਰ ਆਗਿਆਨਤਾ ਦੂਰ ਕਰਨ ਨਾਲ ਡਰ ਦੂਰ ਹੋ ਜਾਂਦਾ ਹੈ l
ਦੁੱਖ ਇਸ ਗੱਲ ਦਾ ਹੈ ਕਿ ਵੱਡੀ ਗਿਣਤੀ ਲੋਕ ਆਗਿਆਨਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ l ਕਰੋਨਾ ਦੇ ਦੌਰ ਵਿੱਚ ਮੈਂ ਜਦੋਂ ਡਰ ਨੂੰ ਦੂਰ ਕਰਨ ਲਈ ਇੱਕ ਲੇਖ ਲਿਖਿਆ ਤਾਂ ਇਸ ਨੂੰ ਆਪ ਸਭ ਨੇ ਬਹੁਤ ਹੁੰਗਾਰਾ ਦਿੱਤਾ l ਬਹੁਤ ਸਾਰੀਆਂ ਅਖਬਾਰਾਂ ਨੇ ਉਸ ਨੂੰ ਛਾਪ ਕੇ ਆਪਣਾ ਯੋਗਦਾਨ ਪਾਇਆ l ਨਿਊਜ਼ੀਲੈਂਡ ਦੇ ਪੰਜਾਬੀ ਰੇਡੀਓ ਨੇ ਇਸ ਬਾਬਤ ਮੇਰੀ ਇੰਟਰਵਿਊ ਕਰਕੇ ਯੋਗਦਾਨ ਪਾਇਆ l
ਕਰੋਨਾ ਦੇ ਦੌਰ ਵਿੱਚ ਇਸ ਡਰ ਨੂੰ ਕੱਢਣ ਲਈ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਨਾਲ ਲੈ ਕੇ ਨਿਊਜ਼ੀਲੈਂਡ ਪਾਰਲੀਮੈਂਟ ਅੱਗੇ ਕਰੋਨਾ ਤਾਲਾਬੰਦੀ ਖਿਲਾਫ ਚੱਲ ਰਹੇ ਮੁਜ਼ਾਹਰੇ ਵਿੱਚ ਬਿਨਾਂ ਮਾਸਕਾਂ ਤੋਂ ਸ਼ਾਮਿਲ ਹੋਇਆ ਜਿੱਥੋਂ ਤੁਹਾਡੇ ਨਾਲ ਲਾਈਵ ਹੋ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ l ਉੱਥੇ ਗੋਰਿਆਂ ਨੇ ਦੱਸਿਆ ਕਿ ਪੰਜਾਬੀਆਂ ਵਿੱਚੋਂ ਤੁਸੀਂ ਹੀ ਪਹਿਲੇ ਵਿਅਕਤੀ ਮੁਜ਼ਾਹਰੇ ਵਿੱਚ ਸ਼ਾਮਿਲ ਹੋਏ ਹੋ l
ਕੁੱਝ ਦਿਨਾਂ ਬਾਦ ਮੈਨੂੰ ਹੋਰ ਲੇਖ ਲਿਖਣ ਲਈ ਪੁੱਛਿਆ ਗਿਆ l ਇਸ ਤਰ੍ਹਾਂ ਤੁਹਾਡੇ ਹੁੰਗਾਰੇ ਨੇ ਹੀ ਮੈਨੂੰ ਪੜ੍ਹਨ ਦੇ ਨਾਲ ਨਾਲ ਲਿਖਣ ਵਾਲਾ ਬਣਾ ਦਿੱਤਾ l ਮੈਨੂੰ ਇਕੱਲਾ ਹੁੰਗਾਰਾ ਪੰਜਾਬੀਆਂ ਤੋਂ ਹੀ ਨਹੀਂ ਮਿਲਿਆ ਬਲਕਿ ਬਹੁਤ ਗੋਰੇ ਵੀ ਫੌਲੋ ਕਰਨ ਲੱਗੇ ਜੋ ਟਰਾਂਸਲੇਟ ਕਰਕੇ ਪੜ੍ਹ ਲੈਂਦੇ ਹਨ l
ਇਸ ਦੇ ਨਾਲ ਨਾਲ ਜਿੱਥੇ ਮੇਰੇ ਨਾਲ ਕਈ ਮੁਲਕਾਂ ਦੇ ਪਾਠਕ ਜੁੜੇ ਉੱਥੇ ਹੀ ਮੇਰੇ ਨਾਲ ਬਹੁਤ ਘੱਟ ਪੜ੍ਹੇ, ਬਹੁਤ ਵੱਧ ਪੜ੍ਹੇ, ਬਹੁਤ ਘੱਟ ਉਮਰ ਵਾਲੇ ਅਤੇ ਬਹੁਤ ਵੱਧ ਉਮਰ ਵਾਲੇ ਪਾਠਕ ਵੀ ਜੁੜੇ l ਤੁਸੀਂ ਮੇਰੀਆਂ ਲਿਖਤਾਂ ਦੇ ਨਾਲ ਨਾਲ ਮੇਰੀਆਂ ਵੀਡੀਓ ਨੂੰ ਵੀ ਓਨਾ ਹੀ ਪਿਆਰ ਦਿੱਤਾ l
ਇਸ ਤੋਂ ਵੀ ਅੱਗੇ ਖਾਸ ਗੱਲ ਹੈ ਕਿ ਬਹੁਤ ਸਾਰੇ ਪਾਠਕ ਲਿਖਤਾਂ ਦੇ ਨਾਲ ਨਾਲ ਕਮੈਂਟ ਵੀ ਪੜ੍ਹਦੇ ਹਨ l ਕਈ ਵਾਰ ਲਿਖਤ ਨਾਲੋਂ ਵੱਧ ਜਾਣਕਾਰੀ ਕਮੈਂਟਾਂ ਵਿੱਚੋਂ ਮਿਲ ਜਾਂਦੀ ਹੈ ਕਿਉਂਕਿ ਕਮੈਂਟਾਂ ਵਿੱਚ ਤੁਹਾਡਾ ਤਜ਼ਰਬਾ ਵੀ ਸ਼ਾਮਿਲ ਹੋ ਜਾਂਦਾ ਹੈ l
ਮੈਂ ਸੋਚਦਾ ਹਾਂ ਕਿ ਹਰ ਇੱਕ ਦੀ ਜ਼ਿੰਦਗੀ ਵਿੱਚ ਸਭ ਤੋਂ ਕੀਮਤੀ ਚੀਜ਼ “ਸਮਾਂ” ਹੈ ਜੋ ਹੋਰ ਪੈਦਾ ਨਹੀਂ ਕੀਤਾ ਜਾ ਸਕਦਾ l ਇਸ ਕਰਕੇ ਜਿਹੜੇ ਫੇਸਬੁੱਕ ਦੋਸਤ ਮੇਰਾ ਲਿਖਿਆ ਪੜ੍ਹਨ ਨੂੰ ਸਮਾਂ ਦਿੰਦੇ ਹਨ ਉਨ੍ਹਾਂ ਦਾ ਹਮੇਸ਼ਾਂ ਧੰਨਵਾਦੀ ਹਾਂ, ਜਿਹੜੇ ਯੋਗ ਸੁਝਾ ਦਿੰਦੇ ਹਨ ਉਨ੍ਹਾਂ ਦਾ ਵੀ ਧੰਨਵਾਦੀ ਹਾਂ, ਲਿਖਿਆ ਪੜ੍ਹਨ ਨਾਲ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਜ਼ਿਕਰਯੋਗ ਬਦਲਾਓ ਆਇਆ ਹੈ ਉਨ੍ਹਾਂ ਦਾ ਵੀ ਧੰਨਵਾਦੀ ਹਾਂ ਅਤੇ ਪੜ੍ਹਨ ਨਾਲ ਜਿਨ੍ਹਾਂ ਨੂੰ ਕੋਈ ਚੰਗੀ ਆਦਤ ਪਈ ਹਾਂ ਜਾਂ ਮਾੜੀ ਆਦਤ ਛੁੱਟੀ ਹੈ ਉਨ੍ਹਾਂ ਦਾ ਵੀ ਧੰਨਵਾਦੀ ਹਾਂ l ਮੇਰੀਆਂ ਜਿਆਦਾ ਲਿਖਤਾਂ ਲਾਈਲੱਗਤਾ ਅਤੇ ਸ਼ਰਧਾ ਨੂੰ ਦੂਰ ਕਰਨ ਵਾਲੀਆਂ ਹੁੰਦੀਆਂ ਹਨ ਕਿਉਂਕਿ ਲਾਈਲੱਗਤਾ ਅਤੇ ਸ਼ਰਧਾ ਦੀ ਵਜ੍ਹਾ ਨਾਲ ਹੀ ਸਾਡੀ ਲੁੱਟ ਪੀੜ੍ਹੀ ਦਰ ਪੀੜ੍ਹੀ ਹੁੰਦੀ ਹੈ l ਲਾਈਲੱਗਤਾ ਅਤੇ ਸ਼ਰਧਾ ਸਾਨੂੰ ਕਦੇ ਦੂਜਾ ਪਾਸਾ ਦੇਖਣ ਹੀ ਨਹੀਂ ਦਿੰਦੀ ਜਾਂ ਕਿਹਾ ਜਾ ਸਕਦਾ ਹੈ ਕਿ ਸਾਡੇ ਦਿਮਾਗ ਨੂੰ ਸੋਚਣ ਅਤੇ ਫੈਸਲਾ ਕਰਨ ਤੋਂ ਰੋਕਦੀ ਹੈ l ਮਨੁੱਖ ਕੋਲ ਜਾਨਵਰਾਂ ਨਾਲੋਂ ਪਹਿਲੀ ਵੱਖਰੀ ਚੀਜ਼ ਵੱਧ ਵਿਕਸਤ ਹੋਇਆ ਦਿਮਾਗ ਹੈ ਜਿਸ ਦੀ ਵਰਤੋਂ ਨਾਲ ਮਨੁੱਖ ਜਾਨਵਰਾਂ ਨਾਲੋਂ ਉੱਪਰ ਉੱਠ ਪੈਂਦਾ ਹੈ l ਲਾਈਲੱਗਤਾ ਅਤੇ ਸ਼ਰਧਾ ਉਸੇ ਦਿਮਾਗ ਨੂੰ ਖਤਮ ਕਰਦੀ ਹੈ ਭਾਵ ਸੋਚਣ ਨਹੀਂ ਦਿੰਦੀ l ਇਸ ਦਾ ਸਿੱਧੇ ਸ਼ਬਦਾਂ ਵਿੱਚ ਭਾਵ ਹੈ ਕਿ ਦਿਮਾਗ ਨਾ ਵਰਤਣ ਦੀ ਸੂਰਤ ਵਿੱਚ ਅਸੀਂ ਜਾਨਵਰਾਂ ਦੇ ਬਰਾਬਰ ਆ ਜਾਂਦੇ ਹਾਂ l ਇਸ ਦੇ ਨਾਲ ਹੀ ਮਨੁੱਖ ਕੋਲ ਦੂਜੀ ਚੀਜ਼ ਜਾਨਵਰਾਂ ਨਾਲੋਂ ਵੱਧ ਵਿਕਸਿਤ ਹੋਏ ਹੱਥ ਹਨ ਜੋ ਕਿਰਤ ਕਰਨ ਵਾਸਤੇ ਹਨ ਪਰ ਲਾਈਲੱਗਤਾ ਅਤੇ ਸ਼ਰਧਾ ਮਨੁੱਖ ਨੂੰ ਹੱਥ ਜੋੜਨਾ ਸਿਖਾ ਦਿੰਦੇ ਹਨ, ਹੱਥ ਵਰਤਣਾ ਨਹੀਂ l ਹੱਥਾਂ ਦੀ ਵਰਤੋਂ ਕਰਨਾ ਛੱਡਣ ਦੇ ਨਾਲ ਵੀ ਅਸੀਂ ਜਾਨਵਰਾਂ ਦੇ ਬਰਾਬਰ ਆ ਜਾਂਦੇ ਹਾਂ l ਜਦਕਿ ਸਮੇਂ ਦੀ ਲੋੜ ਹੈ ਕਿ ਬੇਹਤਰ ਇਨਸਾਨ ਬਣਿਆ ਜਾਵੇ ਅਤੇ ਬੇਹਤਰ ਸਮਾਜ ਸਿਰਜਿਆ ਜਾਵੇ l
ਤੁਹਾਡੇ ਵਿੱਚੋਂ ਸੈਂਕੜੇ ਪਾਠਕ ਮੇਰੇ ਨਾਲ ਸੰਪਰਕ ਕਰਕੇ ਦੱਸਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਜਾਂ ਕਾਰੋਬਾਰ ਵਿੱਚ ਕੀ ਬਦਲਾਓ ਆਏ ਹਨ ਪਰ ਪਰਾਈਵੇਸੀ ਕਾਰਣ ਮੈਂ ਉਹ ਤੁਹਾਡੇ ਨਾਵਾਂ ਸਮੇਤ ਹੋਰਾਂ ਨਾਲ ਸਾਂਝ ਨਹੀਂ ਪਾਉਂਦਾ l ਜੇ ਉਹ ਪ੍ਰਾਈਵੇਸੀ ਨਾ ਹੋਵੇ ਤਾਂ ਸੈਂਕੜੇ ਕਾਮਯਾਬੀ ਦੀਆਂ ਕਹਾਣੀਆਂ ਆਪ ਦੀਆਂ ਹੀ ਬਣ ਜਾਣਗੀਆਂ l
ਮੈਂ ਸੱਚ ਤੇ ਅਧਾਰਤ ਹੀ ਲਿਖਦਾ ਹਾਂ l ਬਹੁਤ ਸਾਰੀਆਂ ਘਟਨਾਵਾਂ ਮੈਂ ਵਾਪਰਦੀਆਂ ਦੇਖੀਆਂ ਹਨ ਜਾਂ ਮੇਰੇ ਨਾਲ ਵਾਪਰੀਆਂ ਹਨ l ਸਿਰਫ ਉਹ ਘਟਨਾਵਾਂ ਹੀ ਸਾਂਝੀਆਂ ਕਰਦਾ ਹਾਂ ਜਿਹੜੀਆਂ ਦੂਜਿਆਂ ਵਿੱਚ ਜ਼ਿਕਰਯੋਗ ਬਦਲਾਓ ਲਿਆ ਸਕਦੀਆਂ ਹਨ l
ਆਉਣ ਵਾਲੇ ਸਮੇਂ ਵਿੱਚ ਕਦੇ ਕਦੇ ਮੈਂ ਕਹਾਣੀਆਂ ਵੀ ਲਿਖਾਂਗਾ l ਵੈਸੇ ਤਾਂ ਕਹਾਣੀਆਂ ਵੀ ਬਹੁਤ ਵਾਰ ਸੱਚੀਆਂ ਹੀ ਹੁੰਦੀਆਂ ਹਨ ਕਿਉਂਕਿ ਉਹ ਆਪਣੇ ਆਲੇ ਦੁਆਲੇ ਵਿੱਚੋਂ ਹੀ ਪੈਦਾ ਹੁੰਦੀਆਂ ਹਨ ਪਰ ਉਨ੍ਹਾਂ ਦੇ ਪਾਤਰਾਂ ਦੇ ਨਾਮ ਬਦਲ ਦਿੱਤੇ ਜਾਂਦੇ ਹਨ ਤਾਂ ਕਿ ਅਸਲੀ ਨਾਮ ਵਰਤਣ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ l ਇਸੇ ਤਰ੍ਹਾਂ ਸੱਚੀਆਂ ਕਾਮਯਾਬੀ ਦੀਆਂ ਕਹਾਣੀਆਂ ਵੀ ਲਿਖਾਂਗਾ ਪਰ ਪ੍ਰਾਈਵੇਸੀ ਕਾਰਣ ਵਿਅਕਤੀਆਂ ਅਤੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ ਜਾਣਗੇ l
ਆਪ ਵਿੱਚੋਂ ਬਹੁਤੇ ਪਾਠਕਾਂ ਨੇ ਮੈਨੂੰ ਕਿਤਾਬ ਲਿਖਣ ਨੂੰ ਕਿਹਾ ਸੀ। ਇਹ ਵਿਚਾਰ ਅਧੀਨ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸਪਨਾ ਵੀ ਪੂਰਾ ਕੀਤਾ ਜਾਵੇਗਾ।
ਆਪ ਵਲੋਂ ਦਿੱਤੇ ਸਾਥ ਵਾਸਤੇ ਆਪਣੇ ਫੇਸਬੁੱਕ ਪਰਿਵਾਰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਹਮੇਸ਼ਾਂ ਸਭਿਅਕ ਸ਼ਬਦਾਵਲੀ  ਦੀ ਵਰਤੋਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ l ਆਪ ਵਰਗੇ ਸੂਝਵਾਨ ਫੇਸਬੁੱਕ ਦੋਸਤ ਮਿਲਣਾ ਮੇਰੇ ਲਈ ਮਾਣ ਵਾਲੀ ਗੱਲ ਹੈ।
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
 ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਭਾਦੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
Next article“ਦ੍ਰਿੜ੍ਹ ਇਰਾਦੇ ਦੀ ਮਿਸਾਲ “ਦ ਮਾਉਨਟੈਨ ਮੈਨ ਦਸ਼ਰਥ ਮਾਂਝੀ “