(ਸਮਾਜ ਵੀਕਲੀ) ਪੰਜਾਬ ਵਿੱਚ ਅੱਜਕਲ੍ਹ ਦੇ ਮਹਿੰਗਾਈ ਭਰੇ ਜ਼ਮਾਨੇ ਵਿੱਚ ਵਿਆਹਾਂ ਤੇ ਬਹੁਤ ਖਰਚ ਕੀਤਾ ਜਾਂਦਾ ਹੈ, ਜੋ ਕਿ ਕਿਸੇ ਵੀ ਪਾਸੇ ਤੋਂ ਜਾਇਜ ਨਹੀਂ ਹੈ। ਫੋਕੀ ਸ਼ੌਹਰਤ ਦੇ ਚੱਕਰ ਵਿੱਚ ਵਿਆਹਾਂ ਨੂੰ ਖਰਚੀਲਾ ਬਣਾਇਆ ਜਾਂਦਾ ਹੈ। ਵਿਆਹਾਂ ਤੇ ਕੀਤੇ ਜਾਂਦੇ ਖਰਚਿਆਂ ਦੇ ਸਾਡੇ ਪੰਜਾਬੀ ਸਮਾਜ ਤੇ ਬਹੁਤ ਹੀ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ, ਇਸਦੇ ਕਾਰਨ ਹੀ ਸਭ ਵਰਗ ਦੇ ਲੋਕ ਕਰਜ਼ੇ ਦੀ ਮਾਰ ਦਿਨੋਂ ਦਿਨ ਝੱਲ ਰਹੇ ਹਨ। ਕੋਈ ਸਮਾਂ ਸੀ ਜਦੋਂ ਸਾਦੇ ਵਿਆਹ ਕੀਤੇ ਜਾਂਦੇ ਸੀ, ਉਸ ਸਮੇਂ ਨਾ ਕੋਈ ਕਰਜ਼ੇ ਦੀ ਮਾਰ ਹੇਠਾਂ ਸੀ ਅਤੇ ਲੋਕ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਸਨ। ਪਰ ਇੱਕ ਦੂਜੇ ਨੂੰ ਦੇਖੋ ਦਿਖਾਈ ਅਤੇ ਅਜੋਕੇ ਸਮੇਂ ਵਿੱਚ ਫੋਕੀ ਸ਼ੌਹਰਤ ਨੂੰ ਦਿਖਾਉਣ ਦੇ ਚੱਕਰ ਵਿੱਚ ਸਮਾਜ ਕਰਜ਼ੇ ਦੇ ਨਾਲ ਹੋਰ ਕਈ ਮਾਨਸਿਕ ਪੀੜਾਂ ਹੰਢਾ ਰਿਹਾ ਹੈ। ਵਿਆਹਾਂ ਵਿੱਚ ਤੁਸੀਂ ਜਿਨ੍ਹਾਂ ਚਾਹੇ ਓਨਾ ਖਰਚਾ ਕਰ ਸਕਦੇ ਹੋ, ਪਰ ਇਸ ਤੋਂ ਸਾਨੂੰ ਕੋਈ ਸਾਰਥਕ ਨਤੀਜੇ ਨਹੀਂ ਮਿਲਣਗੇ, ਸਗੋਂ ਅਸੀਂ ਦਿਨੋਂ ਦਿਨ ਫਾਲਤੂ ਦੀਆਂ ਪ੍ਰੇਸ਼ਾਨੀਆਂ ਵਿੱਚ ਹੀ ਫਸਦੇ ਜਾ ਰਹੇ ਹਾਂ। ਵਿਆਹ ਵਿੱਚ ਕੋਈ ਵੀ ਪਰਿਵਾਰ ਰੋਟੀ, ਡੇਕੋਰੇਸ਼ਨ ਤੋਂ ਇਲਾਵਾ ਇੱਕ ਨਵੀ ਹੀ ਪਿਰਤ ਪ੍ਰੀ ਵੈਡਿੰਗ ਦੀ ਪਾਈ ਜਾ ਰਹੀ ਹੈ, ਜੋ ਕਿ ਇੱਕ ਫਾਲਤੂ ਦਾ ਹੀ ਖਰਚਾ ਹੈ। ਇਸ ਤੋਂ ਇਲਾਵਾ ਵਿਆਹਾਂ ਤੇ ਹੁੰਦੇ ਹੋਰ ਕੰਮਾਂ ਤੇ ਚਾਹੇ ਜਿਨ੍ਹਾਂ ਮਰਜੀ ਖਰਚ ਕਰ ਲਵੋ, ਪਰ ਵਿਆਹ ਵੇਖਣ ਵਾਲਿਆਂ ਵਿੱਚ ਇਹੋ ਜਿਹੇ ਇਨਸਾਨ ਬਹੁਤ ਮਿਲ ਜਾਣਗੇ, ਜੋ ਤੁਹਾਡੇ ਦੁਆਰਾ ਕੀਤੇ ਖਰਚੇ ਨੂੰ ਨਿੰਦ ਕੇ ਹੀ ਜਾਣਗੇ। ਫ਼ਿਰ ਕੀ ਫਾਇਦਾ ਇਹੋ ਜਿਹੇ ਫਾਲਤੂ ਖਰਚੇ ਕੀਤੇ ਦਾ। ਸਾਨੂੰ ਚਾਹੀਦਾ ਹਾਂ ਹੈ ਕਿ ਅਸੀਂ ਵਿਆਹਾਂ ਵਿੱਚ ਕੀਤੇ ਜਾਣ ਵਾਲੇ ਫਾਲਤੂ ਦੇ ਖਰਚਿਆ ਨੀ ਘਟਾ ਕੇ ਸਾਦੇ ਵਿਆਹ ਕਰਨ ਦਾ ਸਮਾਜ ਨੂੰ ਹੋਕਾ ਦੇਈਏ। ਵਿਆਹਾਂ ਤੇ ਜੋ ਫਾਲਤੂ ਖਰਚ ਕੀਤਾ ਜਾਂਦਾ ਹੈ, ਉਸ ਪੈਸੇ ਨਾਲ ਨਵੇਂ ਵਿਆਹੇ ਮੁੰਡੇ ਅਤੇ ਕੁੜੀ ਨੂੰ ਕੋਈ ਕਾਰੋਬਾਰ ਸ਼ੁਰੂ ਕਰ ਕੇ ਦੇਈਏ ਤਾਂ ਜੋ ਉਹ ਕਰਜ਼ੇ ਹੇਠ ਨਾ ਦੱਬ ਕੇ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜਿਉਣ ਨਾ ਕਿ ਖਰਚੇ ਦੀ ਮਾਰ ਕਾਰਨ ਆਪਣੀ ਜ਼ਿੰਦਗੀ ਨੂੰ ਦੁੱਖਾਂ ਵਿੱਚ ਪਾਉਣ। ਵਿਆਹਾਂ ਤੋਂ ਜਿਆਦਾ ਸਾਨੂੰ ਪੜ੍ਹਾਈ ਅਤੇ ਆਪਣੇ ਹੁਨਰ ਵਿਕਸਿਤ ਕਰਨ ਤੇ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨੀ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ ਜਾ ਸਕੇ। ਸਾਡਾ ਸਭ ਦਾ ਇਹੋ ਨਾਅਰਾ ਹੋਣਾ ਚਾਹੀਦਾ ਹੈ, “ਵਿਆਹਾਂ ਵਿੱਚ ਹੁੰਦੇ ਖਰਚਿਆ ਨੂੰ ਘਟਾਓ, ਪੰਜਾਬ ਨੂੰ ਖੁਸ਼ਹਾਲ ਬਣਾਓ”। ਅੰਤ ਵਿੱਚ ਸਾਡੀ ਸਭ ਨੂੰ ਇਹੀ ਸਲਾਹ ਹੈ ਕਿ ਵਿਆਹਾਂ ਵਿੱਚ ਹੁੰਦੇ ਫਾਲਤੂ ਦੇ ਖਰਚਿਆਂ ਨੂੰ ਘਟਾ ਕੇ ਸਾਦੇ ਵਿਆਹ ਕਰਨ ਦੀ ਪਿਰਤ ਪਾਈਏ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ।
ਬੇਅੰਤ ਕੌਰ ਸਿੱਧੂ
ਬਰਨਾਲਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj