ਨਵੀਂ ਦਿੱਲੀ (ਸਮਾਜ ਵੀਕਲੀ): ‘ਰਾਸ਼ਟਰ ਪ੍ਰਥਮ, ਹਮੇਸ਼ਾ ਪ੍ਰਥਮ’ ਮੰਤਰ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮੁਲਕ ਜਦੋਂ ਆਜ਼ਾਦੀ ਦੇ 75ਵੇਂ ਵਰ੍ਹੇ ’ਚ ਦਾਖ਼ਲ ਹੋ ਰਿਹਾ ਹੈ ਤਾਂ ਹਰੇਕ ਨਾਗਰਿਕ ਨੂੰ ਮਹਾਤਮਾ ਗਾਂਧੀ ਦੇ ‘ਭਾਰਤ ਛੱਡੋ ਅੰਦੋਲਨ’ ਵਾਂਗ ‘ਭਾਰਤ ਜੋੜੋ ਅੰਦੋਲਨ’ ਦੀ ਅਗਵਾਈ ਕਰਨੀ ਚਾਹੀਦੀ ਹੈ। ਆਕਾਸ਼ਵਾਣੀ ’ਤੇ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਜਸ਼ਨ ਪੂਰੇ ਮੁਲਕ ’ਚ ਅੰਮ੍ਰਿਤ ਮਹੋਤਸਵ ਵਜੋਂ ਮਨਾਏ ਜਾਣਗੇ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੂੰ ਇਕਜੁੱਟ ਕਰਨ ਅਤੇ ਕੌਮੀ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਰਲ ਕੇ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਨੇ ਅੰਮ੍ਰਿਤ ਮਹੋਤਸਵ ਦੌਰਾਨ ਵੱਡੀ ਗਿਣਤੀ ’ਚ ਭਾਰਤੀਆਂ ਵੱਲੋਂ ਇਕੱਠਿਆਂ ਰਾਸ਼ਟਰੀ ਗੀਤ ਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਬੰਧ ’ਚ ‘ਰਾਸ਼ਟਰਗਾਣਡਾਟਇਨ’ ਵੈੱਬਸਾਈਟ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ’ਚ ਆਜ਼ਾਦੀ ਨਾਲ ਸਬੰਧਤ ਅਜਿਹੇ ਹੋਰ ਕਈ ਪ੍ਰੋਗਰਾਮ ਅਤੇ ਮੁਹਿੰਮਾਂ ਦੇਖਣ ਨੂੰ ਮਿਲਣਗੀਆਂ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੋਕੀਓ ਓਲੰਪਿਕਸ ’ਚ ਭਾਰਤੀ ਅਥਲੀਟਾਂ ਨੂੰ ਹੱਲਾਸ਼ੇਰੀ ਅਤੇ ਹਮਾਇਤ ਦੇਣਾ ਜਾਰੀ ਰੱਖਣ। ਉਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ‘ਵਿਕਟਰੀ ਪੰਚ ਕੈਂਪੇਨ’ ਨਾਲ ਜੁੜਨ ਦਾ ਸੱਦਾ ਵੀ ਦਿੱਤਾ। ਭਲਕੇ ਜਦੋਂ ਕੌਮ ਕਾਰਗਿਲ ਵਿਜੈ ਦਿਵਸ ਮਨਾਏਗੀ ਤਾਂ ਸ੍ਰੀ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ 1999 ’ਚ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ।
ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਮੈਨੂੰ ਕਈ ਸੁਨੇਹੇ ਮਿਲਦੇ ਹਨ ਪਰ ਮੈਂ ਸਾਰਿਆਂ ਦਾ ਇਸ ਪ੍ਰੋਗਰਾਮ ’ਚ ਜ਼ਿਕਰ ਨਹੀਂ ਕਰ ਸਕਦਾ ਹਾਂ। ਇਨ੍ਹਾਂ ’ਚੋਂ ਬਹੁਤਿਆਂ ਨੂੰ ਮੈਂ ਸਬੰਧਤ ਸਰਕਾਰੀ ਵਿਭਾਗਾਂ ਨੂੰ ਜ਼ਰੂਰ ਭੇਜ ਦਿੰਦਾ ਹਾਂ।’’ ਉਨ੍ਹਾਂ ਸੁਨੇਹੇ ਭੇਜਣ ਬਾਰੇ ਕੀਤੇ ਗਏ ਅਧਿਐਨ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਮਨ ਕੀ ਬਾਤ’ ’ਚ ਸੁਝਾਅ ਦੇਣ ਵਾਲੇ 75 ਫ਼ੀਸਦੀ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਕਿਹਾ ਕਿ ਮਨ ਕੀ ਬਾਤ ’ਚ ਉਹ ਹਾਂ-ਪੱਖੀ ਗੱਲਾਂ ਕਰਦੇ ਹਨ ਅਤੇ ਇਸ ਦਾ ਕਿਰਦਾਰ ਇਕਜੁੱਟਤਾ ਹੈ। ਅਗਲੇ ਮਹੀਨੇ 7 ਅਗਸਤ ਨੂੰ ਕੌਮੀ ਹੈਂਡਲੂਮ ਦਿਵਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਹੱਥਾਂ ਨਾਲ ਬੁਣੀਆਂ ਵਸਤਾਂ ਜ਼ਰੂਰ ਖ਼ਰੀਦਣ ਤਾਂ ਜੋ ਆਦਿਵਾਸੀ ਅਤੇ ਪਿੰਡਾਂ ਦੇ ਲੋਕਾਂ ਨੂੰ ਮਦਦ ਮਿਲ ਸਕੇ ਕਿਉਂਕਿ ਇਹ ਉਨ੍ਹਾਂ ਦੀ ਆਮਦਨ ਦਾ ਵੱਡਾ ਸਰੋਤ ਹੈ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ’ਚ ਸ੍ਰੀ ਮੋਦੀ ਅਕਸਰ ਖਾਦੀ ਦੀਆਂ ਵਸਤਾਂ ਦਾ ਜ਼ਿਕਰ ਜ਼ਰੂਰ ਕਰਦੇ ਹਨ। ਉਨ੍ਹਾਂ ਕਿਹਾ ਕਿ 2014 ਤੋਂ ਖਾਦੀ ਨਾਲ ਬਣੇ ਕੱਪੜਿਆਂ ਅਤੇ ਵਸਤਾਂ ਦੀ ਮੰਗ ਕਈ ਗੁਣਾ ਵਧ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly