HOME ਏਤੀ ਮਾਰ ਪਈ ਕਰਲਾਣੇ……..

ਏਤੀ ਮਾਰ ਪਈ ਕਰਲਾਣੇ……..

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ…
9988901324

 (ਸਮਾਜ ਵੀਕਲੀ)  ਦਰਖਤਾਂ ਦੀ ਕਟਾਈ, ਜੰਗਲਾਂ ਦਾ ਸਮਾਪਤ ਹੋਣਾ, ਵਧਦੀਆਂ ਗੱਡੀਆਂ ਤੋਂ ਨਿਕਲਣ ਵਾਲੀਆਂ ਗੈਸਾਂ ਅਤੇ ਗਰਮਾਇਸ਼, ਸ਼ਹਿਰਾਂ ਦੇ ਫੈਲਾਅ ਕਾਰਨ ਵਾਹੀਯੋਗ ਜ਼ਮੀਨਾਂ ਦਾ ਸੁੰਗੜਨਾ,ਪਿੰਡਾਂ ਵਿੱਚ ਟੋਭਿਆਂ ਦਾ ਖ਼ਤਮ ਹੋਣਾ ਜਾਂ ਪੱਕੇ ਕੀਤੇ ਜਾਣਾ , ਨਹਿਰਾਂ ਦੇ ਪੱਕੇ ਕੀਤੇ ਜਾਣ ਕਰਕੇ ਅਤੇ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਕੁਦਰਤ ਨਾਲ ਖਿਲਵਾੜ ਕਰਨਾ ਮਨੁੱਖ ਉੱਤੇ ਹੀ ਭਾਰੂ ਪੈਂਦਾ ਜਾ ਰਿਹਾ ਹੈ। ਪਹਾੜਾਂ ਵਿੱਚ ਪਹਿਲਾਂ ਦਸ – ਬਾਰਾਂ ਹਜ਼ਾਰ ਫੁੱਟ ਦੀ ਉਚਾਈ ਤੋਂ ਕਦੇ ਕਦਾਈਂ ਬੱਦਲ਼ ਫ਼ਟਣ ਦੀ ਕੋਈ ਕੋਈ ਘਟਨਾ ਵਾਪਰਦੀ ਸੀ ਪਰ ਹੁਣ ਤਾਂ ਤਿੰਨ ਚਾਰ ਹਜ਼ਾਰ ਫੁੱਟ ਦੀ ਉਚਾਈ ਤੋਂ ਹੀ ਆਏ ਦਿਨ ਬੱਦਲ਼ ਫ਼ਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਦੇਖਦੇ ਹੀ ਦੇਖਦੇ ਪਿੰਡਾਂ ਦੇ ਪਿੰਡ ਰੁੜ੍ਹਾ ਕੇ ਲੈ ਜਾਂਦੇ ਹਨ। ਭੂ ਖਿਸਕਣ ਕਾਰਨ ਵੱਡੇ ਵੱਡੇ ਦਿਉਆਂ ਵਰਗੇ ਪਹਾੜ ਧਰਤੀ ਵਿੱਚ ਸਮਾ ਰਹੇ ਹਨ।ਇਹ ਸਭ ਸ਼ਾਇਦ ਆਲਮੀ ਤਪਸ਼ ਕਾਰਨ ਹੀ ਵਾਪਰ ਰਿਹਾ ਹੈ ਕਿਉਂਕਿ ਪਹਾੜਾਂ ਵਿੱਚ ਸੈਲਾਨੀਆਂ ਵੱਲੋਂ ਗਰਮੀਆਂ ਸ਼ੁਰੂ ਹੁੰਦੇ ਹੀ ਕਈ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੱਗੀਆਂ ਕਤਾਰਾਂ ਵਿੱਚੋਂ ਨਿਕਲਣ ਵਾਲੇ ਜ਼ਹਿਰੀਲੀਆਂ ਗੈਸਾਂ ਵਾਲ਼ੇ ਧੂੰਏਂ ਵੀ ਸ਼ਾਇਦ ਭੂ ਖਿਸਲਣ ਅਤੇ ਬੱਦਲ਼ ਫ਼ਟਣ ਵਰਗੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੋ ਸਕਦੇ ਹਨ। ਇਸ ਸਮੇਂ ਪੰਜਾਬ ਵਿੱਚ ਬਹੁਤ ਮੁਸ਼ਕਲ ਦਾ ਦੌਰ ਚੱਲ ਰਿਹਾ ਹੈ। ਉਂਝ ਤਾਂ ਪੰਜਾਬੀਆਂ ਬਾਰੇ ਕਹਾਵਤ ਆਮ ਹੀ ਕਹੀ ਜਾਂਦੀ ਹੈ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਨਵੀਆਂ ਮੁਹਿੰਮਾਂ’ । ਕਦੇ ਗੁਆਂਢੀ ਮੁਲਕਾਂ ਵੱਲੋਂ ਸਰਹੱਦੀ ਹਮਲੇ,ਕਦੇ ਸੋਕੇ ,ਕਦੇ ਗੜੇਮਾਰੀ ਤੇ ਕਦੇ ਹੜ੍ਹ। ਪੰਜਾਬੀ ਵੱਡੀਆਂ ਤੋਂ ਵੱਡੀਆਂ ਔਕੜਾਂ ਦਾ ਡਟ ਕੇ ਖਿੜੇ ਮੱਥੇ ਮੁਕਾਬਲਾ ਕਰਦੇ ਹਨ ਤੇ ਆਪਣੇ ਘਰਾਂ ਵਿੱਚ ਸੱਤ ਸੱਤ ਫੁੱਟ ਭਰੇ ਪਾਣੀ ਦੀਆਂ ਛੱਤਾਂ ਤੇ ਬੈਠੇ ਡੁੱਬੀਆਂ ਫ਼ਸਲਾਂ ਵੱਲ ਤੱਕ ਕੇ ਵੀ ,”ਤੇਰਾ ਕੀਆ ਮੀਠਾ ਲਾਗੈ” ਮੁੱਖੋਂ ਉਚਾਰਦੇ ਨਜ਼ਰ ਆਉਂਦੇ ਹਨ ਤੇ’ਵਾਹਿਗੁਰੂ ਦੇ ਭਾਣੇ’ ਵਿੱਚ ਰਹਿੰਦੇ ਹਨ।ਹਰ ਸਾਲ ਨਹਿਰਾਂ ਵਿੱਚ ਪਾੜ ਪੈ ਕੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਪਾੜਾਂ ਨੂੰ ਪੂਰਨ ਲਈ ਆਮ ਤੌਰ ਤੇ ਪਿੰਡਾਂ ਦੇ ਲੋਕ ਆਪ ਜੱਦੋ ਜਹਿਦ ਕਰਦੇ ਨਜ਼ਰ ਆਉਂਦੇ ਹਨ। ਇਸ ਸਾਲ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਕਾਰਨ ਸਥਿਤੀ ਗੰਭੀਰ ਬਣ ਗਈ। ਅੱਜ ਮੁਸ਼ਕਲ ਦੀ ਘੜੀ ਇਸ ਲਈ ਹੈ ਕਿਉਂਕਿ ਪੰਜਾਬ ਦੇ ਜਿੰਨ੍ਹੇ ਵੀ ਇਲਾਕੇ ਦਰਿਆਵਾਂ ਦੇ ਨਾਲ ਲੱਗ ਰਹੇ ਹਨ ਸਾਰੇ ਹੀ ਹੜ੍ਹਾਂ ਦੀ ਲਪੇਟ ’ਚ ਆ ਚੁੱਕੇ ਹਨ। ਪੰਜਾਬ ਦੇ 1000 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਉਣ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਇਹ ਨਹੀਂ ਕਿ ਇਹ ਹੜ੍ਹ ਅਚਾਨਕ ਹੀ ਆ ਗਏ ਹਨ, ਇਹ ਪਿਛਲੇ ਕਈ ਦਿਨਾਂ ਤੋਂ ਪਤਾ ਲੱਗ ਰਿਹਾ ਸੀ ਕਿ ਪਾਣੀ ਦਾ ਪੱਧਰ ਵਧ ਰਿਹਾ ਹੈ। ਹਿਮਾਚਲ ’ਚ ਬਾਰਿਸ਼ਾਂ ਆਈਆਂ ਹੋਈਆਂ ਸਨ ਤੇ ਪਾਣੀ ਅੱਗੇ ਵੱਧ ਰਿਹਾ ਸੀ । ਜੇ ਉਦੋਂ ਤੋਂ ਹੀ ਪਾਣੀ ਥੋੜ੍ਹਾ ਥੋੜ੍ਹਾ ਕਰਕੇ ਛੱਡਿਆ ਜਾਂਦਾ ਤਾਂ ਹੜ੍ਹਾਂ ਦੀ ਸਥਿਤੀ ਐਨੀ ਭਿਆਨਕ ਨਹੀਂ ਹੋਣੀ ਸੀ ਤੇ ਅੱਜ ਤਸਵੀਰ ਕੁਝ ਹੋਰ ਹੋਣੀ ਸੀ। ਨਾਲ਼ ਦੀ ਨਾਲ਼ ਵਗਦਾ ਪਾਣੀ ਐਨੀ ਤਬਾਹੀ ਨਹੀਂ ਮਚਾ ਸਕਦਾ ਸੀ। ਉੱਪਰੋਂ ਇੱਕ ਦਮ ਆਏ ਭਾਰੀ ਮੀਂਹ ਅਤੇ ਪਿੱਛੋਂ ਯੱਕਦਮ ਛੱਡੇ ਪਾਣੀ ਨਾਲ ਆਉਣ ਵਾਲੇ ਹੜ੍ਹਾਂ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਖ਼ਾਸ ਤੌਰ ਉੱਤੇ ਪਠਾਨਕੋਟ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਫ਼ਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ। ਮਾਧੋਪੁਰ ਹੈਡਵਰਕਸ ‘ਤੇ ਬਿਰਾਜ ਡੈਮ ਦੇ ਫਲੱਡ ਗੇਟ ਟੁੱਟਣ ਕਾਰਨ ਹੋਰ ਵੀ ਵੱਧ ਨੁਕਸਾਨ ਹੋਇਆ ਹੈ। ਸਮੇਂ ਸਿਰ ਰੱਖ-ਰਖਾਅ (ਮੇਂਟੀਨੈਂਸ) ਕਰਮਚਾਰੀਆਂ ਵੱਲੋਂ ਸਹੀ ਨਿਰੀਖਣ ਕੀਤਾ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਪੰਜਾਬ ਦੇ ਲੋਕਾਂ ਦਾ ਹੜ੍ਹਾਂ ਨਾਲ ਪ੍ਰਭਾਵਿਤ ਹੋਣਾ ਕੁਦਰਤੀ ਘੱਟ ਅਤੇ ਗਲਤੀਆਂ ਦਾ ਨਤੀਜਾ ਵੱਧ ਲੱਗਦਾ ਹੈ। ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਲੋਕਾਂ ਦੇ ਘਰ ਡੁੱਬ ਗਏ ਹਨ ,ਡੰਗਰ ਪਸ਼ੂ ਮਰ ਰਹੇ ਹਨ ਜਿਹੜੇ ਬਚ ਵੀ ਗਏ ਉਹਨਾਂ ਦੇ ਖਾਣ ਲਈ ਚਾਰਾ ਨਹੀਂ ਹੈ, ਲੋਕਾਂ ਦੀਆਂ ਘਰੇਲੂ ਵਸਤਾਂ ਤੋਂ ਲੈਕੇ ਮਸ਼ੀਨਰੀਆਂ ਤੱਕ ਤਬਾਹ ਹੋ ਗਈਆਂ ਹਨ। ਆਪਣੇ ਘਰ ਰਾਜਿਆਂ ਵਰਗਾ ਜੀਵਨ ਬਤੀਤ ਕਰਦੇ ਸਾਡੇ ਪਿੰਡਾਂ ਦੇ ਮਿਹਨਤੀ ਅਤੇ ਅਣਖੀ ਲੋਕ ਅੱਜ ਰੋਟੀ ਤੋਂ ਵੀ ਮੁਹਤਾਜ ਹੋ ਗਏ ਹਨ ਅਤੇ ਉਨ੍ਹਾਂ ਦਾ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕਿਆ ਹੈ। ਹਸਦੇ ਵਸਦੇ ਘਰ ਵਿੱਚ ਜੇ ਇੱਕ ਦੋ ਚੀਜ਼ਾਂ ਖ਼ਰਾਬ ਹੋ ਜਾਣ ਤਾਂ ਆਮ ਵਿਅਕਤੀ ਨੂੰ ਉਹਨਾਂ ਦੀ ਜਗ੍ਹਾ ਨਵੀਆਂ ਲੈਣ ਬਾਰੇ ਸੌ ਵਾਰ ਸੋਚਣਾ ਪੈਂਦਾ ਹੈ,ਇੱਥੇ ਤਾਂ ਭਰੇ ਭਰਾਏ ਘਰ , ਉਹਨਾਂ ਵਿੱਚ ਪਈ ਇੱਕ ਇੱਕ ਵਸਤ,ਕਮਾਈ ਦਾ ਸਰੋਤ ਫ਼ਸਲ ਆਦਿ ਸਭ ਕੁਝ ਤਬਾਹ ਹੋ ਗਿਆ ਹੈ। ਕਈ ਵਾਰ ਕੁਝ ਦਿਆਲੂ ਲੋਕ ਲੱਖਾਂ ਦੀ ਰਾਸ਼ੀ ਹੜ੍ਹ ਪੀੜਤਾਂ ਦੀ ਮਦਦ ਲਈ ਬਣੀਆਂ ਸੰਸਥਾਵਾਂ ਨੂੰ ਦਾਨ ਵਿੱਚ ਦੇ ਦਿੰਦੇ ਹਨ ਪਰੰਤੂ ਅਜਿਹੇ ਲੋਕਾਂ ਨੂੰ ਮੇਰਾ ਨਿੱਜੀ ਸੁਝਾਅ ਹੈ ਕਿ ਜੇ ਉਹ ਇੱਕ ਇੱਕ ਪਿੰਡ ਦੇ ਘਰਾਂ ਦੇ ਮੁੜ ਵਸੇਬੇ ਲਈ ਆਪ ਸਿੱਧੇ ਤੌਰ ਤੇ ਯਤਨਸ਼ੀਲ ਹੋ ਕੇ ਲੋਕਾਂ ਦੀ ਮੱਦਦ ਕਰਨ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।
ਸਿਆਸੀ ਪਾਰਟੀਆਂ ਦੇ ਆਗੂ ਵੀ ਵੱਖ-ਵੱਖ ਥਾਵਾਂ ਦਾ ਦੌਰਾ ਕਰ ਰਹੇ ਹਨ ਅਤੇ ਪੀੜਤਾਂ ਕੋਲ਼ ਆਪਣੇ ਸਮਰਥਕਾਂ ਨੂੰ ਪ੍ਰਭਾਵਿਤ ਇਲਾਕਿਆਂ ‘ਚ ਜਾ ਕੇ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿਵਾ ਰਹੇ ਹਨ। ਇਸ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਰਾਹਤ ਕਾਰਜ ਸ਼ੁਰੂ ਕੀਤੇ ਹਨ। ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਵੱਲੋਂ ਵੀ ਲੰਗਰ ਦੇ ਨਾਲ ਨਾਲ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ।ਪਰ ਸੋਸ਼ਲ ਮੀਡੀਆ ਤੇ ਜਾਂ ਖ਼ਬਰਾਂ ਵਿੱਚ ਹਜੇ ਵੀ ਰੂਹ ਕੰਬਾਊ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਹਨ। ਮਹਿਜ਼ ਕੁਝ ਕੁ ਸਮਾਂ ਪਹਿਲਾਂ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਮੁਖੀਆਂ ਨਾਲ ਪਾਣੀ ਦੀ ਇੱਕ ਬੂੰਦ ਵੀ ਨਾ ਦੇਣ ਪਿੱਛੇ ਵਿਵਾਦ ਚੱਲ ਰਹੇ ਸਨ ਤੇ ਉਨ੍ਹਾਂ ਵੱਲੋਂ ਜ਼ਬਰਦਸਤੀ ਪਾਣੀ ਲੈਣ ਸੰਬੰਧੀ ਕਈ ਕਾਨੂੰਨਾਂ ਦੇ ਹਵਾਲੇ ਦਿੱਤੇ ਜਾ ਰਹੇ ਸਨ। ਅੱਜ ਉਹ ਜ਼ਬਰਦਸਤੀ ਪਾਣੀ ਮੰਗਣ ਵਾਲੇ ਲੋਕ ਵਾਧੂ ਪਾਣੀਆਂ ਦਾ ਦਰਦ ਕਿਉਂ ਨਹੀਂ ਵੰਡਾ ਰਹੇ। ਜੇ ਕਿਤੇ ਉਦੋਂ ਹੀ ਵਿਵਾਦਾਂ ਦੀ ਥਾਂ ਆਉਣ ਵਾਲ਼ੀ ਭਿਆਨਕ ਸਥਿਤੀ ਨਾਲ ਨਜਿੱਠਣ ਦੇ ਵਿਚਾਰ ਵਟਾਂਦਰੇ ਕੀਤੇ ਜਾਂਦੇ ਤਾਂ ਸਾਡੇ ਭਾਰਤ ਦੀ ਸੁਚੱਜੀ ਰਾਜਨੀਤਕ ਰੂਪ ਰੇਖਾ ਵੇਖਣ ਨੂੰ ਮਿਲਦੀ। ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੀਆਂ ਰਹਿਣ ਦੀਆਂ ਸਥਿਤੀਆਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਭੋਜਨ ਦੀ ਉਪਲਬਧਤਾ ਵਰਗੀਆਂ ਜ਼ਰੂਰੀ ਸੇਵਾਵਾਂ ਦੇ ਵਿਘਨ ਦੇ ਨਾਲ ਸਿਹਤ ਸਬੰਧੀ ਕਈ ਚੁਣੌਤੀਆਂ ਹਨ। ਕੀ ਇਸ ਸਭ ਲਈ ਸੂਬੇ ਦੀ ਸਰਕਾਰ ਤਿਆਰ ਹੈ ਕਿਉਂਕਿ ਹੜ੍ਹਾਂ ਦੇ ਬੁਰੇ ਪ੍ਰਭਾਵ ਮਨੁੱਖਾਂ ਲਈ ਨਵੀਆਂ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ। ਹੜ੍ਹਾਂ ਦੀ ਮਾਰ ਹੇਠ ਆ ਕੇ ਮਰੇ ਹੋਏ ਜਾਨਵਰਾਂ ਦੀਆਂ ਗਲੀਆਂ ਸੜੀਆਂ ਦੇਹਾਂ ਵਿੱਚੋਂ ਬਦਬੂ ਆਉਣ ਲੱਗਦੀ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਕੀਟਾਣੂਆਂ ਦਾ ਪੈਦਾ ਹੋਣਾ ਸੁਭਾਵਿਕ ਜਿਹੀ ਗੱਲ ਹੈ। ਮਲੇਰੀਆ, ਹੈਜ਼ਾ ਅਤੇ ਕਈ ਤਰ੍ਹਾਂ ਦੇ ਚਮੜੀ ਰੋਗ ਪੈਦਾ ਹੋਣਾ ਵਰਗੀਆਂ ਬੀਮਾਰੀਆਂ ਇਸ ਅਚਨਚੇਤ ਮੌਸਮੀ ਤਬਦੀਲੀਆਂ ਕਾਰਨ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਹੜ੍ਹ, ਅਕਸਰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ ਕਿਉਂਕਿ ਮਲ ਅਤੇ ਹੋਰ ਨੁਕਸਾਨਦੇਹ ਜਰਾਸੀਮ ਪਾਣੀ ਦੇ ਸਰੋਤਾਂ ਨੂੰ ਦੂਸ਼ਿਤ ਕਰਦੇ ਹਨ। ਇਸ ਗੰਦਗੀ ਦੇ ਨਤੀਜੇ ਵਜੋਂ ਬਿਮਾਰੀਆਂ ਫੈਲਦੀਆਂ ਹਨ। ਹੜ੍ਹਾਂ ਦੀ ਮੁਸੀਬਤ ਤੋਂ ਬਾਅਦ ਭਿਆਨਕ ਬੀਮਾਰੀਆਂ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਪਹਿਲਾਂ ਹੀ ਕਮਰ ਕਸੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਹੁਣ ਹੋਰ ਕੀਮਤੀ ਜਾਨਾਂ ਅਜਾਈਂ ਨਾ ਜਾਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆਂ ਵਿਖੇ ਹਰੇਕ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ –ਡਾ ਬੀ ਐਸ ਬੱਲ
Next articleਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਅਤੇ ਫੇਅਰਵੈਲ ਪਾਰਟੀ ਆਗਾਜ਼ 2025 ਦਾ ਆਯੋਜਨ