
(ਸਮਾਜ ਵੀਕਲੀ) ਕਿਸੇ ਵੀ ਸਮਾਜ ਦੀ ਤਰੱਕੀ ਦਾ ਅੰਦਾਜ਼ਾ ਉਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉੱਥੇ ਬਾਲੜੀਆਂ ਨੂੰ ਕਿੰਨਾ ਸਨਮਾਨ, ਸੁਰੱਖਿਆ ਅਤੇ ਬਰਾਬਰੀ ਦੇ ਮੌਕੇ ਪ੍ਰਾਪਤ ਹਨ। ਕਿਉਂਕਿ ਇਹ ਸਿਰਫ਼ ਪਰਿਵਾਰਾਂ ਦੀ ਰੌਣਕ ਹੀ ਨਹੀਂ, ਸਗੋਂ ਦੇਸ਼ ਦੇ ਭਵਿੱਖ ਦੀ ਮਜ਼ਬੂਤ ਨੀਂਹ ਵੀ ਹੁੰਦੀਆਂ ਹਨ। ਫਿਰ ਵੀ, ਅਫ਼ਸੋਸ ਦੀ ਗੱਲ ਹੈ ਕਿ ਅੱਜ ਵੀ ਸਮਾਜ ਦੇ ਕਈ ਹਿੱਸਿਆਂ ਵਿੱਚ ਇਨ੍ਹਾਂ ਬਾਲੜੀਆਂ ਨੂੰ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ। ਇਸੇ ਹੀ ਗੰਭੀਰ ਸਮਾਜਿਕ ਮੁੱਦਿਆਂ ਵੱਲ ਧਿਆਨ ਦਿਵਾਉਣ ਲਈ ਭਾਰਤ ਵਿੱਚ ਹਰ ਸਾਲ 24 ਜਨਵਰੀ ਨੂੰ ਕੌਮੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸ਼ੁਰੂਆਤ ਸਾਲ 2008 ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕੀਤੀ ਗਈ ਸੀ। ਇਸ ਦਿਵਸ ਦਾ ਮੂਲ ਉਦੇਸ਼ ਬਾਲੜੀਆਂ ਦੇ ਅਧਿਕਾਰਾਂ, ਉਨ੍ਹਾਂ ਦੀ ਸਿੱਖਿਆ, ਸਿਹਤ, ਸੁਰੱਖਿਆ ਅਤੇ ਸਮਾਨਤਾ ਨੂੰ ਉਭਾਰਨਾ ਹੈ। ਦੇਸ਼ ਭਰ ਵਿੱਚ ਸਕੂਲਾਂ, ਕਾਲਜਾਂ ਅਤੇ ਸਮਾਜਕ ਸੰਸਥਾਵਾਂ ਵੱਲੋਂ ਇਸ ਦਿਨ ਨੂੰ ਮੁੱਖ ਰਖਦਿਆਂ ਜਾਗਰੂਕਤਾ ਰੈਲੀਆਂ, ਸੈਮੀਨਾਰ, ਨਾਟਕ ਅਤੇ ਵਿਚਾਰ-ਚਰਚਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਗਤੀਵਿਧੀਆਂ ਦਾ ਮਕਸਦ ਲੜਕੀਆਂ ਨੂੰ ਆਪਣੇ ਹੱਕਾਂ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਹੈ। ਭਾਵੇਂ ਸਮਾਂ ਬਦਲ ਰਿਹਾ ਹੈ, ਪਰ ਅਜੇ ਵੀ ਭਾਰਤ ਦੇ ਕਈ ਇਲਾਕਿਆਂ ਵਿੱਚ ਬਾਲੜੀਆਂ ਨੂੰ ਅਸਮਾਨਤਾ, ਬਾਲ ਵਿਵਾਹ, ਸਿੱਖਿਆ ਦੀ ਘਾਟ, ਕੁਪੋਸ਼ਣ ਅਤੇ ਘਰੇਲੂ ਹਿੰਸਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਥਾਵਾਂ ’ਤੇ ਅੱਜ ਵੀ ਧੀ ਦਾ ਜਨਮ ਖੁਸ਼ੀ ਦੀ ਥਾਂ ਚਿੰਤਾ ਦਾ ਕਾਰਨ ਬਣਦਾ ਹੈ, ਜੋ ਕਿ ਇੱਕ ਗੰਭੀਰ ਸਮਾਜਿਕ ਚੇਤਾਵਨੀ ਹੈ। ਇਹ ਹਕੀਕਤ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਕਾਨੂੰਨ ਅਤੇ ਯੋਜਨਾਵਾਂ ਦੇ ਬਾਵਜੂਦ ਸੋਚ ਵਿੱਚ ਬਦਲਾਅ ਕਿਉਂ ਨਹੀਂ ਆ ਰਿਹਾ। ਸਰਕਾਰ ਵੱਲੋਂ “ਬੇਟੀ ਬਚਾਓ, ਬੇਟੀ ਪੜ੍ਹਾਓ”, “ਸੁਕੰਨਿਆ ਸਮਰਿਧੀ ਯੋਜਨਾ” ਅਤੇ ਹੋਰ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਜੋ ਬਾਲੜੀਆਂ ਦੀ ਸਿੱਖਿਆ ਅਤੇ ਸੁਰੱਖਿਆ ਵੱਲ ਅਹਿਮ ਕਦਮ ਹਨ। ਪਰ ਇਹ ਸੱਚ ਹੈ ਕਿ ਅਸਲ ਬਦਲਾਅ ਤਦ ਹੀ ਸੰਭਵ ਹੈ ਜਦੋਂ ਸਮਾਜ ਦੀ ਸੋਚ ਵਿੱਚ ਤਬਦੀਲੀ ਆਵੇ। ਬਾਲੜੀ ਦੀ ਸਿੱਖਿਆ ਅਤੇ ਸੁਰੱਖਿਆ ਵਿੱਚ ਨਿਵੇਸ਼ ਕਰਨਾ ਦੇਸ਼ ਦੇ ਭਵਿੱਖ ਵਿੱਚ ਨਿਵੇਸ਼ ਕਰਨ ਦੇ ਬਰਾਬਰ ਹੈ। ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਕਾਬਲਿਅਤ ਦਾ ਲੋਹਾ ਮਨਵਾ ਰਹੀਆਂ ਹਨ। ਚਾਹੇ ਉਹ ਡਾਕਟਰੀ, ਇੰਜੀਨੀਅਰਿੰਗ, ਵਿਗਿਆਨ, ਖੇਡਾਂ ਜਾਂ ਪ੍ਰਸ਼ਾਸਨਕ ਸੇਵਾਵਾਂ ਹੋਣ ਹਰ ਜਗ੍ਹਾ ਧੀਆਂ ਕਾਮਯਾਬੀ ਦੀਆਂ ਨਵੀਆਂ ਕਹਾਣੀਆਂ ਲਿਖ ਰਹੀਆਂ ਹਨ। ਇਹ ਸਾਫ਼ ਦਰਸਾਉਂਦਾ ਹੈ ਕਿ ਜੇ ਉਨ੍ਹਾਂ ਨੂੰ ਬਰਾਬਰੀ ਦੇ ਮੌਕੇ ਮਿਲਣ, ਤਾਂ ਉਹ ਦੇਸ਼ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਕੌਮੀ ਬਾਲੜੀ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਲੜਕੀਆਂ ਬੋਝ ਨਹੀਂ, ਸਗੋਂ ਸਮਾਜ ਦੀ ਤਾਕਤ ਹਨ। ਜਦੋਂ ਅਸੀਂ ਉਨ੍ਹਾਂ ਨੂੰ ਮੁੰਡੀਆ ਬਰਾਬਰ ਸਨਮਾਨ, ਸੁਰੱਖਿਆ ਅਤੇ ਅਵਸਰ ਦੇਵਾਂਗੇ, ਤਦ ਹੀ ਇੱਕ ਸਮਾਨਤਾ ਅਧਾਰਿਤ ਅਤੇ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਹੋਵੇਗੀ ਅਤੇ ਤਾਂ ਹੀ ਕੌਮੀ ਬਾਲੜੀ ਦਿਵਸ ਮਨਾਉਣ ਦਾ ਮਕਸਦ ਆਪਣੇ ਅਸਲ ਰਾਹਾਂ ਤੇ ਨਜ਼ਰ ਆਵੇਗਾ।
https://play.google.com/store/apps/details?id=in.yourhost.samajweekly



