(ਸਮਾਜ ਵੀਕਲੀ) ਕਹਿੰਦੇ ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਮਤਲਬ ਅਸੀਂ ਵਾਤਾਵਰਨ ਨੂੰ ਸੁੱਧ ਰੱਖਣ ਲਈ ਉਪਰਾਲੇ ਕਰਨੇ ਹਨ। ਬਹੁਤੇ ਲੋਕ ਵਾਤਾਵਰਨ ਦੀ ਪ੍ਰੀਭਾਸ਼ਾ ਤੋਂ ਹੀ ਅਣਜਾਣ ਹਨ। ਸ਼ੋਸ਼ਲ ਮੀਡੀਆ ਕਰਕੇ ਬਹੁਤਿਆਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਪਤਾ ਲੱਗ ਜਾਂਦਾ ਹੈ। ਪ੍ਰੰਤੂ ਅਸੀਂ ਲੋਕ ਆਪਣਾ ਸਹਿਯੋਗ ਪਾਉਣਾ ਜਰੂਰੀ ਸਮਝਦੇ ਹਾਂ। ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਵੇ। ਕੁਝ ਅਦਾਰਿਆਂ ਸੰਸਥਾਵਾਂ ਕੋਲ੍ਹ ਇਸ ਦਿਨ ਲਈ ਵਿਸ਼ੇਸ਼ ਫੰਡ ਹੁੰਦੇ ਹਨ ਜਾਂ ਆਉਂਦੇ ਹਨ। ਫਿਰ ਉਹ ਇਸ ਦਿਨ ਨੂੰ ਮਨਾਕੇ ਉਹਨਾਂ ਫੰਡਾਂ ਨੂੰ ਖਰਚ ਕਰਦੇ ਹਨ। ਬਹੁਤੇ ਲੋਕ ਇਹ ਸਮਝਦੇ ਹਨ ਕਿ ਵਾਤਾਵਰਨ ਦਿਵਸ ਲਈ ਰੁੱਖ ਪੌਦੇ ਲਾਉਣੇ ਹੀ ਇੱਕ ਮਾਤਰ ਹੱਲ ਹੈ। ਉਹ ਅੱਜ ਦੇ ਦਿਨ ਜਦੋਂ ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਤਾਪਮਾਨ 45℃ ਦੇ ਨੇੜੇ ਤੇੜੇ ਹੁੰਦਾ ਹੈ ਉਹ ਪੌਦੇ ਲਾਉਂਦੇ ਹਨ। ਇੰਨੀ ਗਰਮੀ ਵਿੱਚ ਪੌਦੇ ਲਾਉਣਾ ਮੂਰਖਤਾ ਹੈ। ਇਹ ਇਹ੍ਹਨਾਂ ਪੌਦਿਆਂ ਨੂੰ ਕੁੱਖ ਵਿੱਚ ਕਤਲ ਕਰਨ ਦੇ ਬਰਾਬਰ ਹੈ। ਪ੍ਰੰਤੂ ਸਾਨੂੰ ਕੀ ਅਸੀਂ ਤਾਂ ਰੁੱਖ ਲਾਉਂਦਿਆਂ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ਤੇ ਪਾਉਣੀਆਂ ਹਨ। ਅਸੀਂ ਰੁੱਖ ਲਗਾਉਂਦੇ ਹੋਏ ਫੋਟੋ ਕਰਵਾਉਣੀ ਹੈ ਭਾਵੇਂ ਰੁੱਖ ਅਗਲੇ ਦਿਨ ਮੱਚ ਜਾਂਵੇ। ਰੁੱਖ ਲਾਉਣ ਵਿੱਚ ਸਾਡੇ ਸਿਆਸੀ ਆਗੂ ਮੂਹਰੇ ਹੁੰਦੇ ਹਨ। ਫਿਰ ਕੁਝ ਸੰਸਥਾਵਾਂ ਵੱਡੇ ਵੱਡੇ ਸੈਮੀਨਾਰ ਕਰਦੀਆਂ ਹਨ। ਵਿਦਵਾਨ ਵਾਤਾਵਰਨ ਸੁੱਧ ਰੱਖਣ ਲਈ ਭਾਸ਼ਣ ਦਿੰਦੇ ਹਨ। ਉਥੇ ਚਾਹ ਕੌਫ਼ੀ ਅਤੇ ਪਾਣੀ ਲਈ ਪਲਾਸਟਿਕ ਦੇ ਗਿਲਾਸਾਂ ਕੱਪਾਂ ਦਾ ਪ੍ਰਯੋਗ ਹੁੰਦਾ ਹੈ। ਉਹ ਖਾਲੀ ਕੱਪ ਗਿਲਾਸ ਜਮੀਨ ਤੇ ਹੀ ਸੁੱਟ ਦਿੱਤੇ ਜਾਂਦੇ ਹਨ। ਜੋ ਵਾਤਾਵਰਨ ਬਚਾਓ ਦੇ ਪ੍ਰਬੰਧਕਾਂ ਦਾ ਮੂੰਹ ਚਿੜਾਉਂਦੇ ਹਨ। ਕਈ ਵਾਤਾਵਰਨ ਦਿਵਸ ਦੇ ਨਾਮ ਤੇ ਪੇਂਮਫਲਿਟ ਇਸ਼ਤਿਹਾਰ ਵੰਡਦੇ ਹਨ ਕੰਧਾਂ ਤੇ ਚਿਪਕਾਉਂਦੇ ਹੋਏ ਇਹ ਸੋਚਦੇ ਹਨ ਕਿ ਅਸੀਂ ਵਾਤਾਵਰਨ ਬਚਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਾਂ। ਇਸ ਮਾਮਲੇ ਵਿੱਚ ਸ਼ੋਸ਼ਲ ਮੀਡੀਆ ਤੇ ਕਚਰਾ ਖਿਲਾਰਨ ਵਾਲ਼ੇ ਵੀ ਪਿੱਛੇ ਨਹੀਂ ਰਹਿੰਦੇ। ਉਹ ਕਾਪੀ ਪੇਸਟ ਦਾ ਪ੍ਰਯੋਗ ਕਰਕੇ ਵਾਤਾਵਰਨ ਨੂੰ ਹੋਰ ਗੰਦਲਾ ਕਰਦੇ ਹਨ। ਕੁਝ ਆਪਣੇ ਤਰੀਕਿਆਂ ਨਾਲ ਆਵਾਜ਼ ਪ੍ਰਦੂਸ਼ਣ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਵਾਤਾਵਰਨ ਦਿਵਸ ਦਾ ਢਿੰਡੋਰਾ ਪਿੱਟਦੇ ਹਨ। ਬਹੁਤੇ ਲੋਕ ਆਪਣੇ ਰੀਤੀ ਰਿਵਾਜਾਂ ਅਤੇ ਧਾਰਮਿਕ ਸ਼ਰਧਾ ਦੀ ਪੂਰਤੀ ਲਈ ਚਲਦੇ ਪਾਣੀ ਨੂੰ ਦੂਸ਼ਿਤ ਕਰਦੇ ਹਨ ਅਤੇ ਧਾਰਮਿਕ ਹੋਣ ਦਾ ਦਿਖਾਵਾ ਕਰਦੇ ਹਨ। ਪ੍ਰੰਤੂ ਉਹ ਇਹ ਭੁੱਲ ਜਾਂਦੇ ਹਨ ਕਿ ਇਸ ਤਰਾਂ ਕਰਕੇ ਉਹ ਆਪਣੇ ਜਲ ਦੇ ਸਰੋਤਾਂ ਨਦੀ ਨਾਲਿਆਂ ਨਹਿਰਾਂ ਅਤੇ ਦਰਿਆਵਾਂ ਨੂੰ ਦੂਸ਼ਿਤ ਕਰ ਰਹੇ ਹਨ। ਅਸੀਂ ਸਾਡੀਆਂ ਪਵਿੱਤਰ ਨਦੀਆਂ ਗੰਗਾ ਜਮੁਨਾ ਨੂੰ ਨਹੀਂ ਬਖਸ਼ਿਆ। ਗੰਗਾ ਵੀ ਮੈਲੀ ਹੋ ਗਈ। ਸਾਡੇ ਮੂਹਰੇ ਤਾਲਾਬ ਅਤੇ ਖੂਹ ਟੋਬੇ ਕੀ ਹਨ ਅਸੀਂ ਤਾੰ ਸਮੁੰਦਰ ਨੂੰ ਵੀ ਦੂਸ਼ਿਤ ਕਰ ਦਿੱਤਾ। ਪਾਣੀ ਨੂੰ ਦੂਸ਼ਿਤ ਕਰਕੇ ਅਸੀਂ ਪਾਣੀ ਵਾਲੇ ਹਜ਼ਾਰਾਂ ਜੀਵਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਅਸੀਂ ਜੰਗਲ ਕਟਕੇ ਜੰਗਲੀ ਜੀਵਾਂ ਨੂੰ ਵੀ ਜੰਗਲ ਛੱਡਣ ਲਈ ਮਜਬੂਰ ਕੀਤਾ। ਹਵਾ ਨੂੰ ਦੂਸ਼ਿਤ ਕਰਕੇ ਇਨਸਾਨ ਅਤੇ ਦੂਸਰੇ ਪ੍ਰਾਣੀਆਂ ਨੂੰ ਵੀ ਮੌਤ ਦੇ ਕਰੀਬ ਕਰ ਦਿੱਤਾ। ਵਾਤਾਵਰਨ ਬਚਾਓ ਦਿਵਸ ਮਨਾਉਣ ਦੀ ਕੋਈਂ ਜਰੂਰਤ ਨਹੀਂ ਸਿਰਫ ਸਾਨੂੰ ਖੁਦ ਨੂੰ ਸੁਚੇਤ ਹੋਣ ਦੀ ਲੋੜ ਹੈ। ਜੇ ਹਰ ਇਨਸਾਨ ਵਾਤਾਵਰਨ ਲਈ ਸੰਜੀਦਾ ਹੋ ਜਾਵੇ ਤਾਂ ਮੇਰੇ ਵਰਗੇ ਨੂੰ ਵੀ ਕੁੱਝ ਲਿਖਣ ਦੀ ਲੋੜ ਨਹੀਂ ਪੈਣੀ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


