(ਸਮਾਜ ਵੀਕਲੀ)
ਗੋਰੇ-ਗੋਰੀਆਂ ਤੋਂ ਪਰੇ, ਚੱਲਾਂ ਆਪਣੇ ਪਿੰਡ-ਗਰਾਂ ਦੇ ਵੱਲ।
ਯਾ-ਯਾ, ਓ’ਕੇ, ਥੈਂਕਿਊ ਤੋਂ ਪਰੇ, ਚੱਲਾਂ ਛੱਡੇ ਘਰਾਂ ਦੇ ਵੱਲ।
ਉਸ ਘੜੀ ਆਪਣਿਆਂ ਕੋਲ਼ੋਂ, ਬੇਗਾਨਿਆਂ ਕੋਲ ਆ ਗਏ।
ਵੈਸੇ ਸ਼ੋਹਰਤਾਂ ਦੇ ਪਰਚਮ ਫੇਰ ਅਸਮਾਨਾਂ ਵਿੱਚ ਛਾ ਗਏ।
ਇੱਕ ਖਿੱਚ੍ਹ ਜਿਹੀ ਜੋ ਰਹਿ ਗਈ, ਕੁਝ ਕਰਾਂ ਇਸ ਦਾ ਹੱਲ,
ਚੱਲਾਂ ਆਪਣੇ ਪਿੰਡ-ਗਰਾਂ ਦੇ ਵੱਲ।
ਖੱਬੇ ਬੰਨੇ ਪਿੰਡ ਦੇ, ਅੱਧ-ਲਿੱਪਿਆ ਜਿਹਾ ਉਹ ਵਿਹੜਾ।
ਸੁਫਨਿਆਂ ਵਿੱਚ ਆ-ਆ ਕੇ, ਪਾ ਜਾਂਦਾ ਹੈ ਬਾਤਾਂ ਜਿਹੜਾ।
ਖੂਹਾਂ ‘ਤੇ ਉਡੀਕਦੇ ਤੂਤਾਂ, ਪਿੱਪਲਾਂ, ਬੋਹੜਾਂ ਨਾਲ ਹੋਵੇ ਗੱਲ,
ਚੱਲਾਂ ਆਪਣੇ ਪਿੰਡ-ਗਰਾਂ ਦੇ ਵੱਲ।
ਇਹ ਪਿੰਡ ਛੱਡਿਆ ਤਾਂ ਸੀ ਪਰ ਦਿਲੋਂ ਨਾ ਕੱਢ ਹੋਇਆ।
ਸੱਚ ਹੀ ਸੁਣਿਆ, ਨਹੁੰਆਂ ਤੋਂ ਕਦੇ ਮਾਸ ਨਾ ਅੱਡ ਹੋਇਆ।
ਉੱਡ ਮਨਾਂ ਕੁਝ ਦਿਨ ਮੋੜ ਲਿਆਈਏ, ਬੀਤੇ ਹੋਏ ਪੱਲ,
ਚੱਲਾਂ ਆਪਣੇ ਪਿੰਡ-ਗਰਾਂ ਦੇ ਵੱਲ।
ਇਹ ਜੱਗ ਧਰਮਸ਼ਾਲ, ਤੁਰ ਜਾਂਦੇ ਆ ਮਹਿਮਾਨ ਬਹੁਤ ਨੇ।
ਬੇਗਾਨਿਆ ਮੁਲਕਾ! ਤੇਰੇ ਵੀ ਮੇਰੇ ‘ਤੇ ਅਹਿਸਾਨ ਬਹੁਤ ਨੇ।
ਆਫਟਰ ਟੂ-ਥਰੀ ਵੀਕ ਮੁੜਨਾ ਹੀ ਪੈਣਾ, ਹੈ ਸਮਾਂ ਅਟੱਲ,
ਚੱਲਾਂ ਆਪਣੇ ਪਿੰਡ-ਗਰਾਂ ਦੇ ਵੱਲ।
ਯਾ-ਯਾ, ਓ’ਕੇ, ਥੈਂਕਿਊ ਤੋਂ ਪਰੇ, ਚੱਲਾਂ ਛੱਡੇ ਘਰਾਂ ਦੇ ਵੱਲ।
ਗੋਰੇ-ਗੋਰੀਆਂ ਤੋਂ ਪਰੇ, ਚੱਲਾਂ ਆਪਣੇ ਪਿੰਡ-ਗਰਾਂ ਦੇ ਵੱਲ।
(ਮਨਜੀਤ ਸਿੰਘ ਬੱਧਣ 9417635053)



