(ਸਮਾਜ ਵੀਕਲੀ)
ਸਾਨੂੰ ਕੋਈ ਤੋਹਫ਼ਾ ਦਿੰਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ।ਪਰ ਬਹੁਤ ਸਾਰੇ ਲੋਕ ਤੋਹਫ਼ੇ ਦੀ ਖੁਸ਼ੀ ਤੋਂ ਵੱਧ ਇਸ ਗੱਲ ਵੱਲ ਦਿੰਦੇ ਹਨ ਕਿ ਕਿਸੇ ਨਾ ਕਿਸੇ ਬਹਾਨੇ ਉਸ ਵਿਅਕਤੀ ਨੂੰ ਤੋਹਫ਼ਾ ਮੋੜਵਾਂ ਦਿੱਤਾ ਜਾਵੇ ਜਿਸ ਤੇ ਸਾਨੂੰ ਤੋਹਫ਼ਾ ਦਿੱਤਾ ਹੈ।
ਤੋਹਫ਼ਾ ਉਨ੍ਹਾਂ ਨੂੰ ਤੋਹਫਾ ਘੱਟ ਤੇ ਭਾਰ ਜ਼ਿਆਦਾ ਮਹਿਸੂਸ ਹੁੰਦਾ ਹੈ।ਅਸਲ ਵਿਚ ਇਸ ਦੇ ਪਿੱਛੇ ਹਉਮੈ ਹੁੰਦਾ ਹੈ।ਵਿਅਕਤੀ ਇਹ ਸੋਚਦਾ ਹੈ ਕਿ ਮੈਂ ਕਿਸੇ ਤੋਂ ਕੋਈ ਚੀਜ਼ ਕਿਉਂ ਲਵਾਂ ਜਾਂ ਕਿਸੇ ਦਾ ਅਹਿਸਾਨ ਕਿਉਂ ਰੱਖਾਂ।ਜਦ ਕਿ ਸਾਹਮਣੇ ਵਾਲੇ ਨੇ ਸਿਰਫ਼ ਪਿਆਰ ਨਾਲ ਕੋਈ ਭੇਂਟ ਦਿੱਤੀ ਹੁੰਦੀ ਹੈ।
ਮਨੁੱਖ ਇੱਥੇ ਵੀ ਆਪਣੀ ਹਉਮੈ ਨੂੰ ਮੂਹਰੇ ਰੱਖਦਾ ਹੈ ਜਲਦੀ ਤੋਂ ਜਲਦੀ ਤੋਹਫ਼ਾ ਦੇਣ ਵਾਲੇ ਨੂੰ ਕੋਈ ਨਾ ਕੋਈ ਤੋਹਫਾ ਦੇ ਕੇ ਹਿਸਾਬ ਬਰਾਬਰ ਕਰ ਲੈਂਦਾ ਹੈ।ਜਦਕਿ ਅਜਿਹਾ ਕਰਨਾ ਉਚਿਤ ਨਹੀਂ।ਜ਼ਿੰਦਗੀ ਬਹੁਤ ਮੌਕੇ ਦਿੰਦੀ ਹੈ ਹਿਸਾਬ ਬਰਾਬਰ ਕਰਨ ਦੇ।
ਜੇਕਰ ਕਿਸੇ ਨੇ ਤੁਹਾਨੂੰ ਜਨਮ ਦਿਨ ਤੇ ਤੋਹਫ਼ਾ ਦਿੱਤਾ ਹੈ ਤਾਂ ਤੁਰੰਤ ਉਸ ਨੂੰ ਵਾਪਸ ਕਰਨ ਬਾਰੇ ਨਾ ਸੋਚੋ ਜਦੋਂ ਤੋਂ ਉਸ ਦਾ ਜਨਮ ਦਿਨ ਆਏਗਾ ਉਸ ਸਮੇਂ ਤੁਸੀਂ ਤੋਹਫ਼ਾ ਦੇ ਦਿਉ।ਪਰ ਹਉਮੈ ਨਾਲ ਭਰੇ ਮਨੁੱਖ ਨੂੰ ਇਹ ਮਨਜ਼ੂਰ ਹੀ ਨਹੀਂ ਹੁੰਦਾ।ਉਹ ਇਸ ਨੂੰ ਆਪਣੀ ਹੱਤਕ ਇੱਜ਼ਤ ਸਮਝਦਾ ਹੈ ਕਿ ਉਹ ਕਿਸੇ ਤੋਂ ਕੁਝ ਲਵੇ।
ਬੁੱਧ ਧਰਮ ਵਿਚ ਭਿੱਖਿਆ ਤੋਂ ਹੀ ਸਿੱਖਿਆ ਸ਼ੁਰੂ ਕੀਤੀ ਜਾਂਦੀ ਹੈ।ਸਭ ਤੋਂ ਪਹਿਲਾਂ ਬੋਧੀ ਨੂੰ ਭਿੱਖਿਆ ਮੰਗਣ ਭੇਜਦੇ ਹਨ।ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਉਸ ਨੇ ਕਿਸੇ ਦੁਆਰ ਤੇ ਖਡ਼੍ਹੇ ਹੋ ਜਾਣਾ ਹੈ ਤੇ ਜੋ ਮਿਲੇ ਉਹ ਖੁਸ਼ੀ ਨਾਲ ਸਵੀਕਾਰ ਕਰਨਾ ਹੈ।ਘਰ ਦਾ ਮਾਲਿਕ ਕੁਝ ਵੀ ਬੋਲੇ ਉਸ ਨੇ ਚੁੱਪ ਚਾਪ ਸਵੀਕਾਰ ਕਰਨਾ ਹੈ।ਇਹ ਅਸਲ ਵਿਚ ਭੀਖ ਮੰਗਣਾ ਨਹੀਂ ਸਿਖਾਇਆ ਜਾਂਦਾ ਇਹ ਭਿੱਖਿਆ ਹੈ।ਆਪਣੀ ਹਉਮੈ ਨੂੰ ਖ਼ਤਮ ਕਰਨਾ।
ਅੱਜ ਜੇ ਸਾਨੂੰ ਕਿਹਾ ਜਾਵੇ ਕਿ ਕਿਸੇ ਤੋਂ ਕੁਝ ਮੰਗ ਕੇ ਲਿਆਓ ।ਯਕੀਨਨ ਅਸੀਂ ਇਨਕਾਰ ਕਰ ਦੇਵਾਂਗੇ।ਸਾਡਾ ਜਵਾਬ ਹੋਵੇਗਾ ਕਿ ਮੈਂ ਖ਼ਰੀਦ ਕੇ ਹੀ ਇਹ ਚੀਜ਼ ਲੈ ਆਉਂਦਾ ਹਾਂ ਇਸ ਤੋਂ ਕਿਉਂ ਮੰਗਣੀ।ਇਸ ਹਉਮੈ ਨੇ ਸਾਡੇ ਸਮਾਜਿਕ ਰਿਸ਼ਤਿਆਂ ਤੇ ਵੀ ਬਹੁਤ ਅਸਰ ਪਾਇਆ ਹੈ।ਵਿਆਹਾਂ ਵਿੱਚ ਮੰਜੇ ਬਿਸਤਰੇ ਇਕੱਠੇ ਕਰਨ ਤੋਂ ਲੈ ਕੇ ਖੇਤੀ ਦੇ ਸੰਦ ਤਕ ਸਾਂਝੇ ਵਰਤਣਾ ਸਾਡਾ ਸੱਭਿਆਚਾਰ ਰਿਹਾ ਹੈ।ਪਰ ਅੱਜ ਹਉਮੈ ਦੇ ਦੈਂਤ ਨੇ ਇਸ ਸਭ ਨੂੰ ਨਿਗਲ ਲਿਆ ਹੈ।
ਮਿਲਵਰਤਨ ਦੀ ਭਾਵਨਾ ਖ਼ਤਮ ਹੋ ਰਹੀ ਹੈ।ਇਕ ਕੌਲੀ ਸਬਜ਼ੀ ਦੀ ਗੁਆਂਢੀ ਨਾਲ ਸਾਂਝੀ ਕਰਨਾ ਸਾਡੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ।ਪਰ ਅੱਜ ਇਹ ਰੀਤ ਖ਼ਤਮ ਹੋ ਗਈ ਹੈ।ਇਸ ਨਾਲ ਅਸੀਂ ਸਮਾਜਿਕ ਰਿਸ਼ਤੇ ਗੁਆਏ ਹਨ ।ਇਸ ਤਰ੍ਹਾਂ ਅਸੀਂ ਇਕੱਲੇਪਣ ਦਾ ਸ਼ਿਕਾਰ ਵੀ ਹੋਏ ਹਾਂ।
ਅਸੀਂ ਆਪਣੇ ਵੱਡੇ ਭੈਣ ਭਰਾਵਾਂ ਦੇ ਬੇਸ਼ੱਕ ਉਹ ਚਾਚੇ ਤਾਏ ਮਾਮੇ ਦੇ ਬੱਚੇ ਹੋਣ ਦੇ ਕੱਪੜੇ ਪਾ ਕੇ ਬਚਪਨ ਗੁਜ਼ਾਰਿਆ ਹੈ।ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਗ਼ਰੀਬ ਸੀ।ਇਸ ਦਾ ਭਾਵ ਇਹ ਕਿ ਸਾਡੇ ਵਿੱਚ ਬਹੁਤ ਪਿਆਰ ਸੀ।ਜਿਸ ਨੂੰ ਹਉਮੈ ਦਾ ਦੈਂਤ ਨਿਗਲ ਗਿਆ ਹੈ।
ਇਸ ਹਉਮੈ ਨੂੰ ਆਪਣੇ ਮਨ ਵਿੱਚੋਂ ਕੱਢ ਕੇ ਸਿੱਟ ਦਿਓ।ਤੋਹਫ਼ਾ ਦੇਣਾ ਬੇਸ਼ੱਕ ਤੁਹਾਨੂੰ ਆਉਂਦਾ ਹੈ ਪਰ ਤੋਹਫ਼ੇ ਨੂੰ ਐਕਸੈਪਟ ਕਰਨਾ ਵੀ ਸਿੱਖੋ।ਕਿਸੇ ਦੇ ਪਿਆਰ ਨੂੰ ਮਨਜ਼ੂਰ ਕਰਨਾ ਸਿੱਖੋ।ਯਕੀਨ ਜਾਣੋ ਜ਼ਿੰਦਗੀ ਹੋਰ ਸੁਆਦਲੀ ਹੋ ਜਾਵੇਗੀ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly