ED ਦੀ ਵੱਡੀ ਕਾਰਵਾਈ: ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਤੇ ਰਾਣਾ ਇੰਦਰ ਪ੍ਰਤਾਪ ਦੀ 22.02 ਕਰੋੜ ਦੀ ਜਾਇਦਾਦ ਜ਼ਬਤ

ਜਲੰਧਰ – ਪੰਜਾਬ ਦੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜ਼ਬਤ ਕਰ ਲਈ ਹੈ। ਇਹ ਕਾਰਵਾਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) 1999 ਦੀ ਧਾਰਾ 37ਏ ਤਹਿਤ ਕੀਤੀ ਗਈ ਹੈ।
ਈਡੀ ਜਲੰਧਰ ਵੱਲੋਂ ਜਾਰੀ ਬਿਆਨ ਅਨੁਸਾਰ ਕੰਪਨੀ ਨੇ ਗਲੋਬਲ ਡਿਪਾਜ਼ਟਰੀ ਰਸੀਦਾਂ (ਜੀ.ਡੀ.ਆਰ.) ਜਾਰੀ ਕੀਤੀਆਂ ਸਨ, ਪਰ ਇਨ੍ਹਾਂ ਦੀ ਅਸਲ ਮਕਸਦ ਅਨੁਸਾਰ ਵਰਤੋਂ ਨਹੀਂ ਕੀਤੀ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਜੀਡੀਆਰ ਰਾਹੀਂ ਪ੍ਰਾਪਤ ਕੀਤੀ 2.56 ਮਿਲੀਅਨ ਅਮਰੀਕੀ ਡਾਲਰ (ਲਗਭਗ 22.02 ਕਰੋੜ ਰੁਪਏ) ਦੀ ਰਕਮ ਭਾਰਤ ਨੂੰ ਵਾਪਸ ਨਹੀਂ ਭੇਜੀ ਗਈ, ਜੋ ਕਿ ਫੇਮਾ ਦੀ ਧਾਰਾ 4 ਦੀ ਸਪੱਸ਼ਟ ਉਲੰਘਣਾ ਹੈ।
ਰਾਣਾ ਸ਼ੂਗਰਜ਼ ਲਿਮਟਿਡ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਸ਼ੇਅਰ ਧਾਰਕਾਂ ਦੇ ਖਿਲਾਫ ਜਾਂਚ ਜਾਰੀ ਹੈ, ਜਿਸ ਵਿੱਚ ਦੋ ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸ਼ਾਮਲ ਹਨ। ਈਡੀ ਨੇ ਕਿਹਾ ਕਿ ਵਿਦੇਸ਼ੀ ਕਰੰਸੀ ਨੂੰ ਭਾਰਤ ਲਿਆਉਣ ਦੀ ਬਜਾਏ ਵਿਦੇਸ਼ ਵਿੱਚ ਰੱਖਿਆ ਗਿਆ, ਜੋ ਕਾਨੂੰਨ ਦੇ ਵਿਰੁੱਧ ਹੈ।
ਵਰਣਨਯੋਗ ਹੈ ਕਿ ਪਿਛਲੇ ਸਾਲ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਵੀ ਰਾਣਾ ਸ਼ੂਗਰਜ਼ ਲਿਮਟਿਡ ‘ਤੇ 63 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਇਨ੍ਹਾਂ ਦੋਸ਼ਾਂ ‘ਤੇ ਲਗਾਇਆ ਗਿਆ ਸੀ ਕਿ ਕੰਪਨੀ ਨੇ ਵਿਅਕਤੀਗਤ ਇਕਾਈਆਂ ਨੂੰ ਆਪਣੇ ਦੁਆਰਾ ਫੰਡ ਟ੍ਰਾਂਸਫਰ ਕੀਤੇ ਸਨ। ਈਡੀ ਦੀ ਇਹ ਕਾਰਵਾਈ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਸਕਦੀ ਹੈ।

 

 ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਆਦਮ ਬੁੱਤਾਂ ਦੀ ਰਾਖੀ ਕਰਨੀ ਸਰਕਾਰ ਦੀ ਜਿੰਮੇਵਾਰੀ :-ਰਾਮ ਲੁਭਾਇਆ
Next articleਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਣ ਦੀ ਤਿਆਰੀ, ਕਾਂਗਰਸ ਜਲਦ ਹੀ ਦਾਇਰ ਕਰੇਗੀ ਪਟੀਸ਼ਨ